ਪਟਿਆਲਾ ( ਟਾਈਮਜ਼ ਬਿਓਰੋ )
ਹੜ੍ਹਾਂ ਕਰਕੇ ਪਟਿਆਲਾ ਜ਼ਿਲ੍ਹੇ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ਦੀ ਕੇਂਦਰੀ ਅੰਤਰ-ਮੰਤਰਾਲਾ ਟੀਮ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਟੀਮ ਨੂੰ ਸਨੌਰ ਤੇ ਸ਼ੁਤਰਾਣਾ ਹਲਕੇ ਦੇ ਵਿਧਾਇਕਾਂ ਹਰਮੀਤ ਸਿੰਘ ਪਠਾਣਮਾਜਰਾ ਤੇ ਕੁਲਵੰਤ ਸਿੰਘ ਨੇ ਆਪਣੇ ਹਲਕਿਆਂ ਵਿੱਚ ਹੋਏ ਨੁਕਸਾਨ ਤੇ ਪ੍ਰਭਾਵਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਜਦਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਡਵੀਜ਼ਨਲ ਕਮਿਸ਼ਨਰ ਅਰੁਣ ਸ਼ੇਖੜੀ ਵੀ ਮੌਜੂਦ ਸਨ।
ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਦੀ ਅਗਵਾਈ ਹੇਠਲੀ ਇਸ ਕੇਂਦਰੀ ਟੀਮ ਨੇ ਰੋਹੜ ਜਗੀਰ, ਬਾਦਸ਼ਾਹਪੁਰ, ਰਾਮਪੁਰ ਪੜਤਾ ਵਿਖੇ ਟਾਂਗਰੀ ਤੇ ਘੱਗਰ ਦੇ ਪਾਣੀ ਨਾਲ ਹੜ੍ਹਾਂ ਕਰਕੇ ਹੋਏ ਨੁਕਸਾਨ ਤੋਂ ਪੀੜਤ ਕਿਸਾਨਾਂ ਤੇ ਇਲਾਕੇ ਦੇ ਹੋਰ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਯੂਨੀਵਰਸਿਟੀ ਕਾਲਜ ਮੀਰਾਪੁਰ ਵਿਖੇ ਪ੍ਰੈਜੈਂਟੇਸ਼ਨ ਦਿੰਦਿਆਂ 10 ਜੁਲਾਈ ਨੂੰ ਆਏ ਹੜ੍ਹਾਂ ਨਾਲ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਬਚਾਅ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਕੇਂਦਰੀ ਟੀਮ ਨੇ ਖੇਤੀਬਾੜੀ, ਜਲ ਨਿਕਾਸ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਐਨ.ਡੀ.ਐਮ.ਏ. ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹੜ੍ਹਾਂ ਕਰਕੇ ਹੋਏ ਹਰ ਤਰ੍ਹਾਂ ਦੀ ਤਬਾਹੀ ਤੇ ਨੁਕਸਾਨ ਬਾਰੇ ਬਾਰੀਕੀ ਨਾਲ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਟੀਮ ਆਪਣੇ ਜਾਇਜ਼ੇ ਮੁਤਾਬਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦੇਵੇਗੀ। ਰਵੀਨੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਆਪਣੀ ਰਿਪੋਰਟ ਮੈਮੋਰੰਡਮ ਦੇ ਤੌਰ ‘ਤੇ ਦੇਵੇਗੀ ਕਿ ਰਾਜ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਉਸ ਮੁਤਾਬਕ ਅਤੇ ਕੁਦਰਤੀ ਆਫ਼ਤਾਂ ਲਈ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਵੱਲੋਂ ਨਿਰਧਾਰਤ ਨੇਮਾਂ ਮੁਤਾਬਕ ਹੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ, ਫ਼ਸਲਾਂ, ਘਰਾਂ ਸਮੇਤ ਹੋਰ ਮਾਲੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਵਜਾ ਦੇਣ ਲਈ ਨਿਰਧਾਰਤ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ 7 ਮੈਂਬਰੀ ਕੇਂਦਰੀ ਟੀਮ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀ.ਕੇ. ਸ੍ਰੀਵਾਸਤਵਾ, ਇਸਰੋ ਦੇ ਰੀਮੋਟ ਸੈਂਸਿੰਗ ਵਿਭਾਗ ਤੇ ਡੀ.ਐਮ.ਐਸ.ਜੀ. ਦੇ ਫਲੱਡ ਮੈਪਿੰਗ ਮੁਖੀ ਸਾਇੰਸ ਇੰਜੀਨੀਅਰ ਡਾ. ਏ.ਵੀ ਸੁਰੇਸ਼ ਬਾਬੂ, ਦਿਹਾਤੀ ਵਿਕਾਸ ਵਿਭਾਗ ਦੇ ਅਧੀਨ ਸਕੱਤਰ ਕੈਲਾਸ਼ ਕੁਮਾਰ, ਐਮ. ਐਂਡ ਏ ਤੇ ਕੇਂਦਰੀ ਜਲ ਕਮਿਸ਼ਨ, ਚੰਡੀਗੜ੍ਹ ਦੇ ਡਾਇਰੈਕਟਰ ਅਸ਼ੋਕ ਕੁਮਾਰ ਜੈਫ਼, ਵਿੱਤ ਮੰਤਰਾਲੇ ਦੇ ਸਹਾਇਕ ਡਾਇਰੈਕਟਰ ਅੰਜਲੀ ਮੌਰਿਆ ਅਤੇ ਰੋਡ ਅਤੇ ਟਰਾਂਸਪੋਰਟ ਮੰਤਰਾਲੇ ਦੇ ਨਵੀਨ ਕੁਮਾਰ ਚੌਰਸੀਆ ਮੈਂਬਰ ਵਜੋਂ ਸ਼ਾਮਲ ਹਨ।
Leave a Reply