ਚੰਡੀਗੜ੍ਹ (ਟਾਈਮਜ਼ ਬਿਓਰੋ) ਸੁਖ਼ਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਭਰਾ ਬਣਨ ਦਾ ਸੁਪਨਾ ਤਿਆਗ ਦੇਵੇ ।ਉਨ੍ਹਾਂ ਨੇ ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਕਿਹਾ ਕਿ ,” ਚੋਰਾਂ ਦਾ ਟੋਲਾ ਇਕੱਠਾ ਹੋਇਆ ਹੈ ।”
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਧਰਨੇ ਨੂੰ ਸੰਬੋਧਨ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਭਾਜਪਾ ਵੱਲੋਂ ਪੰਜਾਬ ਵਿੱਚ ਵੱਡੇ ਭਰਾ ਦੀ ਭੂਮਿਕਾ ਵਿੱਚ ਆਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਭਾਜਪਾ ਕਹਿੰਦੀ ਪੰਜਾਬ ਵਿੱਚ ਵੱਡਾ ਭਰਾ ਬਣਨਾ, ਬਣਾਉਂਦੇ ਹਾਂ ਤੁਹਾਨੂੰ ਵੱਡਾ ਭਰਾ।”
ਇਸ ਮੌਕੇ ਸ: ਸੁਖ਼ਬੀਰ ਸਿੰਘ ਬਾਦਲ ਨੇ ‘ਇੰਡੀਆ’ ਗਠਜੋੜ ਤਹਿਤ ਕਾਂਗਰਸ ਅਤੇ ‘ਆਪ’ ਦੇ ਸਮਝੌਤੇ ਦਾ ਹਵਾਲਾ ਦਿੰਦਿਆਂ ਆਖ਼ਿਆ ਕਿ ‘ਸਾਰੇ ਚੋਰ ਇਕੱਠੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਤਾਂ ਇਕੱਠੇ ਚੋਣਾਂ ਲੜ ਰਹੇ ਹਨ, ਭਾਵੇਂ ਭਾਜਪਾ ਨੂੰ ਵੀ ਨਾਲ ਜੋੜ ਲਉ ਪਰ ਪੰਜਾਬ ਵਿੱਚ ਝੰਡਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਝੁੱਲੇਗਾ।’ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਦੀ ਨੁਮਾਇੰਦਾ ਸਿਆਸੀ ਪਾਰਟੀ ਹੈ ਜੋ ਪੰਜਾਬ ਦੇ ਭਲੇ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਹੈ ।
ਵਰਨਣਯੋਗ ਹੈ ਕਿ ਕਦੇ ਨਹੁੰ-ਮਾਸ ਦੇ ਰਿਸ਼ਤੇ ਦੀ ਗੱਲ ਕਰਨ ਵਾਲੀਆਂ ਅਤੇ ਲੰਬਾ ਸਮਾਂ ਰਲ ਕੇ ਚੱਲੀਆਂ ਪਾਰਟੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਵੇਲੇ ਵੱਡੀ ਖਿੱਚੋਤਾਣ ਅਤੇ ਦੂਰੀਆਂ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਇਨ੍ਹਾਂ ਦੇ ਭਵਿੱਖ ਵਿੱਚ ਗਠਜੋੜ ਦੀਆਂ ਅਕਸਰ ਚਰਚਾਵਾਂ ਹੋ ਰਹੀਆਂ ਹਨ ਪਰ ਅਸਲ ਵਿੱਚ ਦੋਨਾਂ ਧਿਰਾਂ ਅੰਦਰ ਕੁੜੱਤਣ ਦੇ ਬੀਜ ਪੁੰਗਰ ਰਹੇ ਹਨ । ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੇ ਖ਼ਿਲਾਫ਼ ਕਦੇ ਮਿੱਠਾ-ਮਿੱਠਾ ਅਤੇ ਕਦੇ ਕੌੜਾ-ਕੌੜਾ ਬੋਲਦੀਆਂ ਨਜ਼ਰ ਆਉਂਦੀਆਂ ਹਨ ਪਰ ਹੁਣ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਨੇ ਲਗਪਗ ਸਾਫ਼ ਕਰ ਦਿੱਤਾ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਦੇ ਆਪਸ ਵਿੱਚ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਤੇ ਵਿਰਾਮ ਚਿੰਨ੍ਹ ਲੱਗ ਚੁੱਕਾ ਹੈ । ਇਸ ਸਥਿਤੀ ਵਿੱਚ 2024 ਲੋਕ ਸਭਾ ਚੋਣਾਂ ਵਿੱਚ ਪੁਰਾਣਾ ਗਠਜੋੜ ਸ਼ਾਇਦ ਬੀਤੇ ਸਮੇਂ ਦੀ ਬਾਤ ਬਣ ਕੇ ਰਹਿ ਜਾਵੇਗਾ ਤੇ ਇੱਕ ਵਾਰ ਫ਼ਿਰ ਚੋਣ ਮੈਦਾਨ ਵਿੱਚ ਬੀ ਜੇ ਪੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਹਮੋ ਸਾਹਮਣੇ ਭਿੜਦੇ ਨਜ਼ਰ ਆਉਣਗੇ ।
Leave a Reply