ਭਾਰਤ ਅਤੇ ਕੈਨੇਡਾ ਦੇ ਦੁਵੱਲੇ ਵਪਾਰਕ ਸਮਝੌਤੇ ਵਪਾਰ ਅਤੇ ਟਰੇਡ ਵਿੱਚ ਨਿਭਾ ਰਹੇ ਵਿਸ਼ੇਸ਼ ਭੂਮਿਕਾ – ਭਾਰਤੀ ਕੌਂਸਲ ਜਨਰਲ ਮਨੀਸ਼

ਐਡਮੰਟਨ (ਟਾਈਮਜ਼ ਬਿਓਰੋ) ਭਾਰਤ ਅਤੇ ਕੈਨੇਡਾ ਇੱਕ ਦੂਜੇ ਨਾਲ ਕੀਤੇ ਦੁਵੱਲੇ ਵਪਾਰਕ ਸਮਝੌਤਿਆਂ ਤਹਿਤ ਦੋਨਾਂ ਦੇਸ਼ਾਂ ਦੀ ਆਰਥਿਕ ਵਿਵਸਥਾ ਵਿੱਚ ਢੁੱਕਵਾਂ ਯੋਗਦਾਨ ਪਾ ਰਹੇ ਹਨ । ਭਾਰਤ ਵਿੱਚ ਕੈਨੇਡੀਅਨ ਕੰਪਨੀਆਂ ਲਈ ਖ਼ਾਸ ਮੌਕੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕੌਂਸਲ ਜਨਰਲ ਮਨੀਸ਼ ਨੇ ਐਡਮੰਟਨ ਵਿਖੇ ਇੰਡੋ- ਕੈਨੇਡਾ ਚੈਂਬਰ ਆਫ਼ ਕਾਮਰਸ ਵਲੋਂ ਕਰਵਾਈ ਗਈ ਵਪਾਰੀਆਂ , ਉੱਦਮੀਆਂ ਅਤੇ ਉਦਯੋਗਪਤੀਆਂ ਦੀ ਪਲੇਠੀ ਮੀਟਿੰਗ ਵਿੱਚ ਕੀਤਾ । ਭਾਰਤੀ ਕੌਂਸਲ ਜਨਰਲ ਮਨੀਸ਼ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ । ਇੰਡੋ- ਕੈਨੇਡਾ ਚੈਂਬਰ ਆਫ਼ ਕਾਮਰਸ ਟੋਰਾਂਟੋ ਦੇ ਚੇਅਰਪਰਸਨ ਮੁਰਾਰੀ ਲਾਲ ਥਾਪਲੀਅਲ ਨੇ ਇਸ ਮੌਕੇ ਅਲ਼ਬਰਟਾ ਚੈਪਟਰ ਲਈ ਰਵੀ ਪ੍ਰਕਾਸ਼ ਸਿੰਘ ਨੂੰ ਚੇਅਰ ਅਤੇ ਵਿਸ਼ਾਲ ਜ਼ਾਵੇਰੀ ਨੂੰ ਕੋ – ਚੇਅਰ ਵੀ ਨਿਯੁਕਤ ਕੀਤਾ । ਇਸ ਸਮਾਗਮ ਦੀ ਕੌਂਸਲ ਜਨਰਲ ਮਨੀਸ਼ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਪਾਰਕ ਪੱਖ ਤੋਂ ਇੱਕ ਦੂਜੇ ਨਾਲ ਵਿਸ਼ੇਸ਼ ਕਦਮ ਵਧਾ ਰਹੇ ਹਨ ਅਤੇ ਜਿੱਥੇ ਕੈਨੇਡਾ ਨੂੰ ਸਕਿਲਡ ਵਰਕਰਾਂ ਦੀ ਜ਼ਰੂਰਤ ਵਿੱਚ ਭਾਰਤ ਪੂਰਨ ਸਹਿਯੋਗ ਦੇ ਰਿਹਾ ਹੈ ਉਸੇ ਤਰ੍ਹਾਂ ਕੈਨੇਡਾ ਦੇ ਉਦਯੋਗਪਤੀ ਤੇ ਵਪਾਰੀ ਭਾਰਤ ਵਿੱਚ ਨਿਵੇਸ਼ ਕਰਕੇ ਭਾਰਤ ਦੀ ਤਰੱਕੀ ਤੇ ਵਿਕਾਸ ਵਿੱਚ ਯੋਗ ਹਿੱਸਾ ਪਾ ਰਹੇ ਹਨ। ਇੰਡੋ – ਕੈਨੇਡਾ ਚੈਂਬਰ ਆਫ਼ ਕਾਮਰਸ ਦੇ ਇਸ ਖ਼ਾਸ ਸਮਾਗਮ ਵਿੱਚ 300 ਤੋਂ ਵਧੇਰੇ ਵਪਾਰੀ , ਉੱਦਮੀ , ਬਿਜਨੈੱਸਮੈਨ , ਉਦਯੋਗਪਤੀ , ਵਿੱਤੀ ਸੰਸਥਾਵਾਂ ਦੇ ਮੁਖੀ , ਸਰਕਾਰੀ ਅਧਿਕਾਰੀ ਅਤੇ ਸਿਆਸੀ ਸ਼ਖਸੀਅਤਾਂ ਮੌਜੂਦ ਸਨ । ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਅਲਬਰਟਾ ਸਰਕਾਰ ਵੱਲੋਂ ਉੱਨਤ ਸਿੱਖਿਆ ਮੰਤਰੀ ਰਾਜਨ ਸਾਹਨੀ , ਐਡਮੰਟਨ ਦੇ ਮੇਅਰ ਅਮਰਜੀਤ ਸੋਹੀ , ਸ਼ੇਰਵੁੱਡ ਪਾਰਕ ਦੇ ਮੇਅਰ ਅਤੇ ਸਸਕੈਚਵਨ ਦੇ ਮੇਅਰ ਤੋਂ ਇਲਾਵਾ ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ , ਮਿਲਵੁੱਡਜ਼ ਤੋਂ ਵਿਧਾਇਕ ਕ੍ਰਿਸਟੀਨਾ ਗ੍ਰੇਅ , ਵਾਈ੍ਹਟ ਮੱਡ ਤੋਂ ਵਿਧਾਉਕਾ ਰਾਖੀ ਪੰਚੋਲੀ , ਵਿਧਾਇਕ ਆਈ ਪੀ ਨੇਥਨ , ਵਿਧਾਇਕਾ ਜੋਡੀ ਕਲਾਹੂ ਸਟੋਨਹਾਊਸ ਹਲਕਾ ਐਡਮੰਟਨ ਰੁਦਰਫ਼ੋਰਡ , ਕੈਲਗਰੀ ਤੋਂ ਵਿਧਾਇਕ ਪਰਮੀਤ ਬੋਪਾਰਾਏ ਅਤੇ ਹੋਰ ਵਿਸ਼ੇਸ਼ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਕੌਂਸਲ ਜਨਰਲ ਮਨੀ਼ਸ਼ ਨੇ ਕੈਨੇਡਾ -ਭਾਰਤ ਦੇ ਅਤੇ ਅਲ਼ਬਰਟਾ -ਭਾਰਤ ਦੇ ਦੁਵੱਲੇ ਆਰਥਿਕ ਸੰਬੰਧਾਂ ਦੀ ਮੌਜੂਦਾ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆਂ ਅੰਕੜਿਆਂ ਨਾਲ ਪ੍ਰੈਜੈਂਟੇਸ਼ਨ ਦਿੱਤੀ । ਦੋਹਾਂ ਦੇਸ਼ਾਂ ਦੀ ਪ੍ਰਗਤੀ ਤੇ ਸਫ਼ਲਤਾ ਸੰਬੰਧੀ ਵੀ ਅੰਕੜੇ ਪੇਸ਼ ਕੀਤੇ ਗਏ । ਕੌਂਸਲ ਜਨਰਲ ਮਨੀ਼ਸ਼ ਨੇ ਭਾਰਤੀ ਅਰਥਵਿਵਸਥਾ ਵਿੱਚ ਵਿਕਾਸ ਦੇ ਸਾਕਾਰਾਤਮਕ ਰੁਝਾਨ ਨੂੰ ਉਜਾਗਰ ਕੀਤਾ ਅਤੇ ਭਾਰਤ ਵਿੱਚ ਵਪਾਰ ਲਈ ਚੱਲ ਰਹੀਆਂ ਵੱਖ ਵੱਖ ਸਕੀਮਾਂ ਤੋਂ ਜਾਣੂੰ ਕਰਵਾਇਆ ਜਿਹਨਾਂ ਵਿੱਚ ਮੇਕ ਇੰਨ ਇੰਡੀਆ , ਉਤਪਾਦਨ ਲਿੰਕਡ ਨਿਵੇਸ਼ , ਪ੍ਰਧਾਨਮੰਤਰੀ ਗਤੀ ਸ਼ਕਤੀ ਅਤੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਸ਼ਾਮਿਲ ਹਨ । ਕੌਂਸਲ ਜਨਰਲ ਨੇ ਇਸ ਮੌਕੇ ਕੈਨੇਡੀਅਨ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿੱਚ ਕਾਰੋਬਾਰ ਕਰਨ ਲਈ ਭਾਰਤੀ ਕੰਪਨੀਆਂ ਨਾਲ ਫਲਦਾਇਕ ਸਾਂਝੇਦਾਰੀ ਕਰਨ ਬਾਰੇ ਵਿਚਾਰ ਕਰਨ ਤਾਂ ਜੋ ਦੋਹਾਂ ਦੇਸ਼ਾਂ ਦੀ ਤਰੱਕੀ ਵਿੱਚ ਵਾਧਾ ਹੋਵੇ ਅਤੇ ਕੰਪਨੀਆਂ ਐਫ ਡੀ ਆਈ / ਪੀ ਐਲ ਆਈ ਵਰਗੀਆਂ ਸਹੂਲਤਾਂ ਦਾ ਲਾਭ ਉਠਾਉਣ । ਇਸ ਸਮਾਗਮ ਵਿੱਚ ਸ਼ਹਿਰ ਦੀਆਂ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸ੍ਰੀ ਰਾਧੇ ਸ਼ਾਮ ਗੁਪਤਾ , ਜਤਿੰਦਰ ਸ਼ਾਹ , ਡਾ. ਪ੍ਰੇਮ ਸਿੰਘਮਾਰ ਅਤੇ ਜੋ ਸੁੰਨਰ ਸ਼ਾਮਿਲ ਹਨ । ਇਸ ਸਮਾਗਮ ਵਿੱਚ ਇੰਡੋ – ਕੈਨੇਡਾ ਚੈਂਬਰ ਆਫ਼ ਕਾਮਰਸ ਟੋਰਾਂਟੋ ਦੇ ਪ੍ਰਧਾਨ ਮੁਰਾਰੀਲਾਲ ਥਪਲੀਆਲ ਤੋਂ ਇਲਾਵਾ ਸ਼ਹਿਰ ਦੇ ਸਿਰਕੱਢ ਵਪਾਰੀ , ਉੱਦਮੀ ਤੇ ਬਿਜਨੈੱਸਮੈਨ ਹਾਜ਼ਰ ਸਨ ।

Be the first to comment

Leave a Reply

Your email address will not be published.


*