ਮੰਗਲਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ 8 ਵਜੇ ਤੱਕ ਪੋਲ ਕਰ ਸਕਦੇ ਹੋ ਆਪਣੀ ਵੋਟ ਐਨ .ਡੀ .ਪੀ .ਤੇ ਯੂ .ਸੀ .ਪੀ .ਵਿਚਕਾਰ ਕਾਂਟੇ ਦੀ ਟੱਕਰ, ਕੁੰਢੀਆਂ ਦੇ ਸਿੰਗ ਫਸੇ ਆਮ ਵੋਟਾਂ 29 ਮਈ ਨੂੰ ਐਡਮੰਟਨ ( ਟਾਈਮਜ਼ ਬਿਓਰੋ ) ਜਿਵੇਂ ਹੀ ਲੌਂਗ ਵੀਕਐਂਡ ਦੀ ਸਮਾਪਤੀ ਹੋਈ ਅਲਬਰਟਾ ਜਨਰਲ ਚੋਣਾਂ ਦੀ ਚੋਣ ਮੁਹਿੰਮ ਸਿਖ਼ਰ ਤੇ ਪਹੁੰਚ ਚੁੱਕੀ ਹੈ । ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ ਅਤੇ ਚੋਣ ਕਮਿਸ਼ਨ ਵਲੋਂ ਅਡਵਾਂਸ ਵੋਟਾਂ ਦੀ ਪੋਲਿੰਗ ਮੰਗਲਵਾਰ ਸਵੇਰੇ 9 ਵਜੇ ਸ਼ੁਰੂ ਕਰਵਾ ਦਿੱਤੀ ਗਈ ਹੈ ਜਿਹੜੀ ਸ਼ਾਮ 8 ਵਜੇ ਤੱਕ ਚੱਲੇਗੀ ।ਅਡਵਾਂਸ ਵੋਟਾਂ ਵਿੱਚ ਅਲਬਰਟਾ ਦੇ ਵੋਟਰ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਵੋਟ ਪੋਲ ਕਰ ਸਕਦੇ ਹਨ ਅਤੇ ਇਹ ਅਡਵਾਂਸ ਪੋਲਿੰਗ ਸ਼ਨੀਵਾਰ ਸ਼ਾਮ 8 ਵਜੇ ਤੱਕ ਹੋਵੇਗੀ । ਆਮ ਚੋਣਾਂ ਦੀ ਮਿਤੀ 29 ਮਈ ਤਹਿ ਹੈ ਅਤੇ 29 ਮਈ ਨੂੰ ਵੀ ਸਵੇਰੇ 9 ਵਜੇ ਤੋਂ 8 ਵਜੇ ਸ਼ਾਮ ਤੱਕ ਵੋਟਾਂ ਪੈਣਗੀਆਂ ।
ਜ਼ਿਕਰਯੋਗ ਹੈ ਕਿ ਅਲਬਰਟਾ ਜਨਰਲ ਚੋਣਾਂ ਵਿੱਚ ਯੂ ਸੀ ਪੀ ਤੇ ਐਨ ਡੀ ਪੀ ਦੋਨੋਂ ਹੀ ਪਾਰਟੀਆਂ 87 -87 ਸੀਟਾਂ ਤੇ ਚੋਣ ਲੜ ਰਹੀਆਂ ਹਨ ਅਤੇ ਦੋਨੋਂ ਪਾਰਟੀਆਂ ਵਿੱਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ । ਯੂ ਸੀ ਪੀ ਆਗੂ ਡੈਨੀਅਲ ਸਮਿਥ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਸਿਹਤ , ਸਿੱਖਿਆ ਤੇ ਪਬਲਿਕ ਸੇਫਟੀ , ਤੇ ਰੁਜ਼ਗਾਰ ਨਾਲ ਸੰਬੰਧਿਤ ਮਾਮਲਿਆਂ ਤੇ ਅਲਬਰਟਾ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ । ਦੂਜੇ ਪਾਸੇ ਐਨ ਡੀ ਪੀ ਦੀ ਨੇਤਾ ਰੈਚਲ ਨੌਟਲੇ ਨੇ ਅਫੋਰਿਬਿਲਟੀ , ਵੱਡੀ ਗਿਣਤੀ ਵਿੱਚ ਡਾਕਟਰਾਂ ਤੇ ਨਰਸਾਂ ਦੀ ਭਰਤੀ , ਸਿਹਤ ਸਹੂਲਤਾਂ , ਸਿੱਖਿਆ ਲਈ ਨਵੇਂ ਸਕੂਲਾਂ ਦੇ ਨਿਰਮਾਣ ਤੇ ਐਥਨਿਕ ਕਮਿਊਨਿਟੀ ਦੀ ਸਹਾਇਤਾ ਲਈ ਕਈ ਵੱਡੇ ਵਾਅਦੇ ਕੀਤੇ ਹਨ । ਨੌਜਵਾਨਾਂ ਦੇ ਰੁਜ਼ਗਾਰ ਤੇ ਸਸਤੇ ਘਰ ਵੀ ਮੁਹੱਈਆ ਕਰਾਉਣ ਦੀ ਗੱਲ ਕੀਤੀ ਹੈ । ਸੋ ਐਨ ਡੀ ਪੀ ਦੀ ਮਿਹਨਤ ਨੇ ਪਾਰਟੀ ਨੂੰ ਯੂ ਸੀ ਪੀ ਦੇ ਸਖ਼ਤ ਮੁਕਾਬਲੇ ਵਿੱਚ ਖੜ੍ਹਾ ਕਰ ਦਿੱਤਾ ਹੈ । ਐਗਜ਼ਿਟ ਪੋਲਿੰਗ ਨਾਲ ਸੰਬੰਧਿਤ ਐਬਾਕਸ ਡਾਟਾ ਵਲੋਂ 22 ਮਈ ਨੂੰ ਅੰਕੜੇ ਪੇਸ਼ ਕੀਤੇ ਗਏ ਹਨ ਜਿਸ ਵਿੱਚ ਐਨ ਡੀ ਪੀ 14 ਫੀਸਦੀ ਦੇ ਵਾਧੇ ਦੀ ਪਕੜ ਨਾਲ ਅੱਗੇ ਵਧ ਰਹੀ ਹੈ ਜਦਕਿ ਅੰਕੜਿਆਂ ਅਨੁਸਾਰ ਯੂ ਸੀ ਪੀ 4 ਫੀਸਦੀ ਦੀ ਦਰ ਨਾਲ ਹੇਠਾਂ ਵੱਲ ਡਿੱਗ ਰਹੀ ਹੈ । ਸੋ ਇਹ ਤਾਂ ਇੱਕ ਅੰਕੜਿਆਂ ਨੂੰ ਸਮਝਣ ਵਾਲੀ ਗੱਲ ਹੈ ਪਰ 29 ਮਈ ਨੂੰ ਅਲਬਰਟਾ ਤੇ ਖਾਸਕਰ ਐਡਮੰਟਨ ਤੇ ਕੈਲਗਰੀ ਦੇ ਵੋਟਰ ਕਿਸ ਪਾਰਟੀ ਦੇ ਹੱਕ ਵਿੱਚ ਆਪਣਾ ਵੋਟ ਭੁਗਤਾਉਂਦੇ ਹਨ ਇਹ ਅਲਬਰਟਾ ਦੇ ਸਿਆਸੀ ਖੇਤਰ ਵਿੱਚ ਬਹੁਤ ਅਹਿਮ ਸਥਾਨ ਹੋਵੇਗਾ ।ਹਾਲਾਂਕਿ ਯੂ ਸੀ ਪੀ ਅਲਬਰਟਾ ਦੇ ਪੇਂਡੂ ਖੇਤਰ ਵਿੱਚ ਜ਼ਿਆਦਾ ਪ੍ਰਭਾਵ ਰੱਖਦੀ ਹੈ । ਜਦਕਿ ਸ਼ਹਿਰੀ ਖੇਤਰਾਂ ਵਿੱਚ ਐਨ ਡੀ ਪੀ ਦਾ ਜਬਰਦਸਤ ਪ੍ਰਭਾਵ ਮੰਨਿਆ ਜਾਂਦਾ ਹੈ । ਹੁਣ ਵੇਖਣਾ ਇਹ ਗੋਵੇਗਾ ਕਿ ਮੰਗਲਵਾਰ 23 ਮਈ ਤੋਂ ਸ਼ਨੀਵਾਰ 27 ਮਈ ਤੱਕ ਐਨ ਡੀ ਪੀ ਤੇ ਯੂ ਸੀ ਪੀ ਕਿੰਨੀ ਅਡਵਾਂਸ ਵੋਟ ਹਾਸਿਲ ਕਰਦੇ ਹਨ ਅਤੇ 29 ਮਈ ਨੂੰ ਅਲਬਰਟਾ ਚੋਣਾਂ ਵਿੱਚ ਊਠ ਕਿਸ ਕਰਵੱਟ ਬੈਠਦਾ ਹੈ ਇਹ 29 ਮਈ ਦੇ ਨਤੀਜੇ ਹੀ ਦੱਸਣਗੇ ।
Leave a Reply