ਐਡਮੰਟਨ ਨਗਰ ਕੀਰਤਨ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਸੰਗਤਾਂ ਹੋਈਆਂ ਸ਼ਾਮਿਲ

ਅਫਵਾਹਾਂ ਦੇ ਬਾਵਜੂਦ ਗੁਰੂ ਦੀ ਕਿਰਪਾ ਨਾਲ ਨਗਰ ਕੀਰਤਨ ਦਾ ਸੰਗਤ ਨੇ ਮਾਣਿਆ ਆਨੰਦ , ਕੀਤੇ ਖੁੱਲ੍ਹੇ ਦਰਸ਼ਨ ਐਡਮੰਟਨ ( ਟਾਈਮਜ਼ ਬਿਓਰੋ )
ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਮਿਲਵੁੱਡਜ਼ ਅਤੇ ਨਗਰ ਕੀਰਤਨ ਕਮੇਟੀ ਵੱਲੋਂ ਵਿਸਾਖੀ ਅਤੇ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਐਤਵਾਰ 21 ਮਈ ਨੂੰ ਆਯੋਜਨ ਕੀਤੇ ਗਏ ਨਗਰ ਕੀਰਤਨ ਵਿੱਚ ਇੱਕ ਅੰਦਾਜ਼ੇ ਮੁਤਾਬਿਕ ਪੰਜਾਹ ਹਜ਼ਾਰ ਤੋਂ ਵੱਧ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ । ਜ਼ਿਕਰਯੋਗ ਹੈ ਕਿ ਐਡਮੰਟਨ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਿਆਨਕ ਜੰਗਲੀ ਅੱਗਾਂ ਲੱਗਣ ਕਾਰਨ ਏਅਰ ਕੁਆਲਿਟੀ ਕਾਫੀ ਹੇਠਲੇ ਪੱਧਰ ਦੀ ਹੋਣ ਕਾਰਨ ਸਿਟੀ ਐਡਮੰਟਨ ਪ੍ਰਸ਼ਾਸ਼ਨ ਵੱਲੋਂ ਸਿਹਤ ਦੇ ਮੱਦੇਨਜ਼ਰ ਨਗਰ ਕੀਰਤਨ ਦਾ ਰੂਟ ਛੋਟਾ ਕਰ ਦਿੱਤਾ ਗਿਆ ਪਰ ਕਮੇਟੀ ਦੇ ਯੋਗ ਯਤਨਾਂ ਸਦਕਾ ਹੋਰ ਕੋਈ ਪਾਬੰਦੀ ਨਹੀਂ ਲੱਗ ਸਕੀ । ਹਾਲਾਂਕਿ ਸ਼ਹਿਰ ਵਿੱਚ 20 ਮਈ ਦੀ ਦੇਰ ਰਾਤ ਨੂੰ ਕਈ ਅਫਵਾਹਾਂ ਫੈਲਾ ਦਿੱਤੀਆਂ ਗਈਆਂ ਕਿ ਨਗਰ ਕੀਰਤਨ ਕੈਂਸਲ ਹੋ ਗਿਆ ਹੈ । ਪਰ ਇਹਨਾਂ ਅਫ਼ਵਾਹਾਂ ਤੇ ਯਕੀਨ ਨਾ ਕਰਦੇ ਹੋਏ ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਨੇ ਛੋਟੇ ਬੱਚਿਆਂ ਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । 21 ਮਈ ਨੂੰ ਗੁਰੂ ਦੀ ਕਿਰਪਾ ਨਾਲ ਮੌਸਮ ਵੀ ਠੀਕ ਰਿਹਾ ਅਤੇ ਏਅਰ ਕੁਆਲਿਟੀ ਵੀ ਕਾਫੀ ਠੀਕ ਰਹੀ ਜਿਸ ਨਾਲ ਕਿਸੇ ਇੱਕ ਵਿਅਕਤੀ ਨੂੰ ਵੀ ਕੋਈ ਤਕਲੀਫ਼ ਹੋਣ ਦੀ ਖ਼ਬਰ ਨਹੀਂ ਹੈ । ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ਦੀ ਖੁਦ ਹੀ ਗਵਾਹੀ ਭਰ ਰਿਹਾ ਸੀ । ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਕੀਰਤਨ ਕਮੇਟੀ ਦੀਆਂ ਕੋਸ਼ਿਸ਼ਾਂ ਤੇ ਸੂਝ ਬੂਝ ਨਾਲ ਸਿਟੀ ਪ੍ਰਸ਼ਾ਼ਸ਼ਨ ਵੱਲੋਂ ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਜ਼ਾਜ਼ਤ ਦਿੱਤੀ ਗਈ ।
ਗੌਰਤਲਬ ਹੈ ਕਿ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਤੋਂ ਚਾਲੇ ਪਾ ਕੇ ਟੀ ਡੀ ਬੇਕਰ ਸਕੂਲ ਦੀਆਂ ਗਰਾਊਂਡਾਂ ਵਿੱਚ ਪਹੁੰਚਿਆ ਜਿਥੇ ਸਮੂਹ ਸੰਗਤ ਨੇ ਸੁੰਦਰ ਪਾਲਕੀ ਵਿੱਚ ਸ਼ਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਇਥੋਂ ਹੀ ਨਗਰ ਕੀਰਤਨ ਵਾਪਸ ਸ਼ਾਮ ਚਾਰ ਵਜੇ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ । ਜਿਥੇ ਗੁਰੂ ਦੇ ਚਰਨਾਂ ਵਿੱਚ ਸਰਬੱਤ ਦੀ ਭਲੇ ਅਰਦਾਸ ਕੀਤੀ ਗਈ । ਜ਼ਿਕਰਯੋਗ ਹੈ ਕਿ ਟੀ ਡੀ ਬੇਕਰ ਸਕੂਲ ਦੀ ਗਰਾਊਂਡ ਵਿੱਚ ਕਮਕਸ਼ੀਅਲ ਤੇ ਐਨ ਜੀ ਓਜ਼ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਲੰਗਰ ਦੇ ਸਟਾਲ ਲਗਾਏ ਜਿਹਨਾਂ ਵਿੱਚ ਕੜੀ ਚੌਲ , ਪਕੌੜੇ , ਛੋਲੇ ਪੂਰੀ , ਛੋਲੇ ਭਟੂਰੇ , ਆਈਸ ਕਰੀਮ , ਮੱਕੀ ਦਾ ਰੋਟੀ ਸਾਗ , ਫਰੂਟ , ਖੀਰ ਅਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ । ਬੱਚਿਆਂ ਦੇ ਆਨੰਦ ਲਈ ਆਈਸ ਕਰੀਮ ਤੇ ਹੋਰ ਆਈਟਮਾਂ ਖਿੱਚ ਦਾ ਕੇਂਦਰ ਰਹੀਆਂ । ਸੰਗਤ ਵੱਲੋਂ ਮੁੱਖ ਸਟੇਜ ਤੋਂ ਗਾਈ ਜਾ ਰਹੀ ਗੁਰਬਾਣੀ ਕੀਰਤਨ ਦਾ ਵੀ ਆਨੰਦ ਮਾਣਿਆ ਗਿਆ । ਗਤਕਾ ਪਾਰਟੀਆਂ ਨੇ ਨਗਰ ਕੀਰਤਨ ਵਿੱਚ ਗਤਕੇ ਦੇ ਜੌਹਰ ਦਿਖਾਏ ।ਇਸ ਮੌਕੇ ਵਿਸ਼ੇਸ਼ ਤੌਰ ਤੇ ਅਲਬਰਟਾ ਦੀ ਪ੍ਰੀਮੀਅਰ ਤੇ ਯੂ ਸੀ ਪੀ ਆਗੂ ਡੈਨੀਅਲ ਸਮਿਥ ਅਤੇ ਸਾਬਕਾ ਪ੍ਰੀਮੀਅਰ ਤੇ ਐਨ ਡੀ ਪੀ ਆਗੂ ਰੈਚਲ ਨੌਟਲੇ ਵੀ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਵਿੱਚ ਨਤ ਮਸਤਕ ਹੋਏ ਤੇ ਸਮੂਹ ਸਿੱਖ ਜਗਤ ਤੇ ਪੰਜਾਬੀ ਭਾਈਚਾਰੇ ਨੂੰ ਇਸ ਮਹਾਨ ਦਿਨ ਤੇ ਆਪਣੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ ।

Be the first to comment

Leave a Reply

Your email address will not be published.


*