ਯੂਕੇ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਦਿਖਾਉਣਗੀਆਂ ਗੱਤਕੇ ਦੇ ਜੌਹਰ
ਚੰਡੀਗੜ੍ਹ/ਯੂ.ਕੇ. (ਟਾਈਮਜ਼ ਬਿਓਰੋ) ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸਬੰਧਤ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹੇਜ਼ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਦੇ ਸਹਿਯੋਗ ਨਾਲ ਆਗਾਮੀ ਯੂ.ਕੇ. ਦੀ 9ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ-2023 ਸ਼ਨੀਵਾਰ, 2 ਸਤੰਬਰ ਨੂੰ ਗੁਰਦੁਆਰਾ ਨਾਨਕਸਰ ਦੇ ਗਰਾਊਂਡ ਵਿੱਚ ਕਰਵਾਈ ਜਾਵੇਗੀ ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਗੱਤਕਾ ਅਖਾੜੇ (ਟੀਮਾਂ) ਭਾਗ ਲੈਣਗੇ। ਸਲੋਹ ਤੋਂ ਸੰਸਦ ਮੈਂਬਰ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸੇਵਾ ਨਿਭਾਅ ਰਹੇ ਗੱਤਕਾ ਫੈਡਰੇਸ਼ਨ ਯੂਕੇ ਦੇ ਸੰਸਥਾਪਕ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਇਸ ਸਮਾਗਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਕੌਮੀ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਲੜਕੇ ਅਤੇ ਲੜਕੀਆਂ ਅਤੇ ਮਰਦ ਤੇ ਔਰਤਾਂ ਦੀਆਂ ਗੱਤਕਾ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ। ਸ੍ਰ. ਢੇਸੀ ਨੇ ਦੱਸਿਆ ਕਿ ਗ੍ਰੇਵਜੈਂਡ ਵਿੱਚ 2013 ਤੋਂ ਸ਼ੁਰੂ ਹੋਣ ਪਿੱਛੋਂ ਇਹ ਨੈਸ਼ਨਲ ਗੱਤਕਾ ਮੁਕਾਬਲੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਅੱਠ ਸ਼ਹਿਰਾਂ ਜਿਵੇਂ ਕਿ ਸਾਲ 2014 ਵਿੱਚ ਡਰਬੀ ਵਿਖੇ, 2015 ਵਿੱਚ ਸਾਊਥਾਲ, 2016 ਵਿੱਚ ਸਮੈਥਵਿਕ (ਬਰਮਿੰਘਮ), 2017 ਵਿੱਚ ਇਲਫੋਰਡ (ਲੰਡਨ), 2018 ਵਿੱਚ ਸਲੋਹ, 2019 ਵਿੱਚ ਵੁਲਵਰਹੈਂਪਟਨ ਅਤੇ 2022 ਵਿੱਚ ਲੇਮਿੰਗਟਨ ਸਪਾ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੇ ਜਾ ਚੁੱਕੇ ਹਨ।
ਸ੍ਰ. ਢੇਸੀ ਨੇ ਉਤਸ਼ਾਹ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਹੇਜ਼ ਵੱਲੋਂ ਪਹਿਲੀ ਵਾਰ ਇਸ ਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ ਇੰਨਾਂ ਮੁਕਾਬਲਿਆਂ ਦੌਰਾਨ ਲੜਕੀਆਂ ਅਤੇ ਲੜਕਿਆਂ ਨੂੰ ਸਦੀਆਂ ਪੁਰਾਣੀ ਸਿੱਖ ਮਾਰਸ਼ਲ ਆਰਟ ਵਿੱਚ ਆਪਣੀ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਨ ਦਾ ਸ਼ਾਨਦਾਰ ਮੌਕਾ ਹੈ।
Leave a Reply