ਬਿਓਰੋ ਰਿਪੋਰਟ (ਟਾਈਮਜ਼ ਬਿਓਰੋ) ਲੱਦਾਖ ‘ਚ ਫ਼ੌਜ ਦੀ ਗੱਡੀ ਡੂੰਘੀ ਖੱਡ ‘ਚ ਡਿੱਗ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 9 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ ।ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕੇਰੇ ‘ਚ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ ।
ਮੀਡੀਆ ਰਿਪੋਰਟਾਂ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫ਼ੌਜ ਦੇ ਦਸਤੇ ਵਿਚ ਤਿੰਨ ਵਾਹਨ ਸ਼ਾਮਲ ਸਨ।ਜਿਹਨਾਂ ਵਿਚੋਂ ਫੌਜ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦਸਤੇ ਵਿਚ ਤਿੰਨ ਅਧਿਕਾਰੀ, ਦੋ ਜੇ.ਸੀ.ਓ. ਅਤੇ 34 ਜਵਾਨ ਸ਼ਾਮਲ ਸਨ। ਤਿੰਨ ਵਾਹਨਾਂ ਦੇ ਇਸ ਦਸਤੇ ਵਿਚ ਇਕ ਜਿਪਸੀ, ਇਕ ਟਰੱਕ ਅਤੇ ਇਕ ਐਂਬੂਲੈਂਸ ਸ਼ਾਮਿਲ ਸੀ। ਲੱਦਾਖ ਦਾ ਉਹ ਇਲਾਕਾ ਜਿੱਥੇ ਇਹ ਹਾਦਸਾ ਹੋਇਆ ਹੈ, ਉਹ ਦੂਰ-ਦੁਰਾਡੇ ਦਾ ਇਲਾਕਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਿਲੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕਿਆਰੀ ਪਿੰਡ ਤੋਂ ਸੱਤ ਕਿਲੋਮੀਟਰ ਪਹਿਲਾਂ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖਾਈ ਵਿਚ ਡਿੱਗ ਗਈ। ਇਸ ਹਾਦਸੇ ਵਿਚ ਅੱਠ ਜਵਾਨ ਅਤੇ ਇਕ ਜੇਸੀਓ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਇਕ ਜਵਾਨ ਵੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਫੌਜ ਦਾ ਇਹ ਗਸ਼ਤੀ ਦਲ ਕਰੂ ਤੋਂ ਕਿਆਰੀ ਵੱਲ ਜਾ ਰਿਹਾ ਸੀ, ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ । ਸ਼ਹੀਦ ਜਵਾਨਾਂ ਵਿੱਚ ਇੱਕ ਜਵਾਨ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਇੱਕ ਤਰਤਾਰਨ ਜ਼ਿਲ੍ਹੇ ਨਾਲ ।
Leave a Reply