ਸਮਾਜ ਸੇਵੀ ਸੰਸਥਾ ਐਲਸਪੇਥ ਹੈਵਰਥ ਸੈਂਟਰ ਫਾਰ ਵੁਮੈਨ ਦਾ ਵਾਡਾ ਖੁਲਾਸਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ
ਬਰੈਂਪਟਨ (ਟਾਈਮਜ਼ ਬਿਓਰੋ) ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਕਰੀਆਂ ਨਾ ਮਿਲਣ ਤੇ ਆਰਥਿਕ ਤੰਗੀ ਕਾਰਨ ਜਿੱਥੇ ਸਟੱਡੀ ਵੀਜ਼ੇ ’ਤੇ ਗਈਆਂ ਪੰਜਾਬੀ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ਿਆਂ ਦੇ ਧੰਦੇ ਵਿੱਚ ਫਸਾਇਆ ਜਾ ਰਿਹਾ ਹੈ।
ਇਸ ਗੱਲ ਦਾ ਖੁਲਾਸਾ ਕਰਦਿਆਂ ਔਰਤਾਂ ਦੇ ਸਹਿਯੋਗੀ ਸੰਗਠਨ ਐਲਸਪੇਥ ਹੇਵਰਥ ਸੈਂਟਰ ਫਾਰ ਵੂਮੈਨ (EHCFW) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਪੈਸੇ ਦੀ ਘਾਟ ਕਾਰਨ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਕੈਨੇਡੀਅਨ ਗੁਰਦੁਆਰੇ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ, ਇਸ ਕਰ ਕੇ ਵਿਦੇਸ਼ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਲੀ ਸਹਿਯੋਗ ਵਿੱਚ ਯੋਗਦਾਨ ਪਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਕੈਨੇਡਾ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ EHCFW ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਆਈਆਂ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਵੱਲ ਸਮਾਜਿਕ ਸੰਸਥਾਵਾਂ ਨੂੰ ਤੁਰੰਤ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ । ਉਨ੍ਹਾਂ ਅੱਗੇ ਦੱਸਿਆ ਕਿ ਹਰ ਸਾਲ ਤਕਰੀਬਨ 5 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਕਰ ਕੇ ਪੰਜਾਬ ਤੋਂ ਕੈਨੇਡਾ ਆਉਂਦੇ ਹਨ। ਉਹ ਮੌਜੂਦਾ ਆਰਥਿਕ ਸਥਿਤੀਆਂ ਤੇ ਰੁਜ਼ਗਾਰ ਦੇ ਬਾਜ਼ਾਰ ਵਿੱਚ ਢੁਕਵੇਂ ਘੰਟਿਆਂ ਦੇ ਹਿਸਾਬ ਨਾਲ ਯੋਗ ਨੌਕਰੀਆਂ ਦੀ ਘਾਟ ਕਾਰਨ ਮਾਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼੍ਰੀਮਤੀ ਸਿੰਘ ਨੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਵਾਲੀਆਂ ਕੁੜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਜਾਣ-ਪਛਾਣ ਵਾਲਿਆਂ ਤੋਂ ਕਿਸੇ ਤਰ੍ਹਾਂ ਦੇ ਪੈਸੇ ਮਦਦ ਨਾ ਲੈਣ ਜਾਂ ਆਪਣੀ ਬੈਂਕ ਦੇ ਵੇਰਵੇ ਅਤੇ ਪਤੇ ਉਨ੍ਹਾਂ ਨਾਲ ਸਾਂਝੇ ਨਾ ਕਰਨ । ਕਿਉਂਕਿ ਕਈ ਅਜਿਹੇ ਉਦਾਹਰਣ ਸਾਹਮਣੇ ਆਏ ਹਨ, ਜਦੋਂ ਕੁੜੀਆਂ ਦੇ ਨਵੇਂ ਜਾਣ-ਪਛਾਣ ਵਾਲੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਤੋਂ ਬਾਅਦ ਹੋਰ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਮਜਬੂਰ ਕਰਦੇ ਹਨ ਅਤੇ ਕੁੜੀਆਂ ਦੀਆਂ ਇਤਰਾਜ਼ਯੋਗ ਚੁੱਪ-ਚੁਪੀਤੇ ਵੀਡੀਓ ਬਣਾ ਲਈਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ । ਇਹ ਸਮਾਜ ਵਿੱਚ ਅਤੀ ਘ੍ਰਿਣਤ ਹੋ ਰਹੇ ਕਾਰੇ ਨੂੰ ਠੱਲ੍ਹ ਪਾਉਣ ਲਈ ਸਿਆਣੇ ਸਮਾਜ ਸੇਵੀ ਤੇ ਦਿਆਨਤਦਾਰ ਸ਼ਹਿਰੀਆਂ ਨੂੰ ਅੱਗੇ ਆਉਣ ਦੀ ਲੋੜ ਹੈ ।
ਗਰਭਪਾਤ ਕਰਵਾਉਣ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਦੀਆਂ ਖ਼ਬਰਾਂ ਹਨ। ਇਹ ਵੀ ਜਾਣਿਆ-ਪਛਾਣਿਆ ਤੱਥ ਹੈ ਕਿ ਬਹੁਤ ਸਾਰੀਆਂ ਵਿਦਿਆਰਥਣਾਂ ਆਪਣੇ ਖਰਚਿਆਂ ਦਾ ਭੁਗਤਾਨ ਕਰਨ ਲਈ ਆਪਣੀ ਮਰਜ਼ੀ ਨਾਲ ਦੇਹ ਵਪਾਰ ਵਿਚ ਦਾਖਲ ਹੋ ਰਹੀਆਂ ਹਨ। ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੀਆਂ ਹਨ ਅਤੇ ਉਹ ਖੁਦ ਨੂੰ ਆਜ਼ਾਦ ਮਹਿਸੂਸ ਕਰਦੀਆਂ ਹਨ।
ਸ਼੍ਰੀਮਤੀ ਸੁੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਕੈਨੇਡੀਅਨ ਪੁਲਿਸ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਲੜਕੀਆਂ ਲਈ ਢੁਕਵੀਆਂ ਨੌਕਰੀਆਂ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਈਐੱਚਸੀਐੱਫਡਬਲਿਊ ਫੀਲਡ ਦਫਤਰਾਂ ਵਿਚ ਅਸਾਮੀਆਂ ਖਾਲੀ ਹਨ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀਆਂ ਲੜਕੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
Leave a Reply