ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿੱਝਰ ਦੀ ਹੱਤਿਆ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ

ਭਾਰਤੀ ਵਿਦੇਸ਼ ਮੰਤਰਾਲੇ ਨੇ ਜਸਟਿਨ ਟਰੂਡੋ ਦੇ ਬਿਆਨ ਨੂੰ ਕੀਤਾ ਰੱਦ ਕਿਹਾ ਭਾਰਤੀ ਏਜੰਸੀਆਂ ਤੇ ਇਲਜ਼ਾਮ ਬੇਬੁਨਿਆਦ

ਐਡਮੰਟਨ (ਟਾਈਮਜ਼ ਬਿਓਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਬੋਲਦਿਆਂ ਭਾਰਤ ਸਰਕਾਰ ‘ਤੇ ਦੋਸ਼ ਲਗਾਇਆ ਕਿ ਕੈਨੇਡੀਅਨ ਖੁਫ਼ੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਉਹ ਹਾਊਸ ਆਫ਼ ਕਾਮਨ ਨੂੰ ਦੱਸ ਰਹੇ ਹਨ ਕਿ ਭਾਰਤੀ ਸਰਕਾਰੀ ਏਜੰਟਾਂ ਨੇ ਜੂਨ ਮਹੀਨੇ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਸੀ । ਜਸਟਿਨ ਟਰੂਡੋ ਨੇ ਕਿਹਾ ਉਹ ਇਹ ਜਾਣਕਾਰੀ ਕੈਨੇਡੀਅਨ ਏਜੰਸੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ ਦੇ ਰਹੇ ਹਨ ਜਿਸ ਦੀ ਉਹਨਾਂ ਨੂੰ ਪੱਕੀ ਜਾਣਕਾਰੀ ਮਿਲੀ ਹੈ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਸੀ । ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿਚ ਹੋਈ ਜੀ-20 ਦੀ ਬੈਠਕ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਵੀ ਉਠਾਇਆ ਸੀ । ਉਨ੍ਹਾਂ ਹਾਊਸ ਆਫ਼ ਕਾਮਨ ਵਿੱਚ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਪੱਕੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅਜਿਹੇ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਨੇ ਇਕ ਭਾਰਤੀ ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ ਹੈ, ਜੋ ਕੈਨੇਡਾ ਵਿਚ ਭਾਰਤੀ ਖੁਫੀਆ ਏਜੰਸੀ ਦਾ ਮੁਖੀ ਸੀ । ਇਸ ਮੌਕੇ ਜਸਟਿਨ ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ‘ਚ ਕਿਸੇ ਵੀ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਤਲ ਦੀ ਜਾਂਚ ਵਿਚ ਸਹਿਯੋਗ ਕਰਨ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣਗੇ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਸਿੱਖਾਂ ਦੀ ਵੱਡੀ ਆਬਾਦੀ ਇਸ ਕਤਲ ਤੋਂ ਗੁੱਸੇ ਵਿਚ ਹੈ। ਬਹੁਤ ਸਾਰੇ ਸਿੱਖ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਵਿਚ ਭਾਰਤੀ ਮੂਲ ਦੇ 14 ਤੋਂ 18 ਲੱਖ ਨਾਗਰਿਕ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰੇ ਦੀ ਹੈ ।
ਉੱਧਰ ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਕੂਡੋ ਦੇ ਇਸ ਬਿਆਨ ਤੇ ਭਾਰਤ ਸਰਕਾਰ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਖਾਰਜ ਕੀਤਾ ਹੈ । ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਕੈਨੇਡਾ ਦੀ ਸੰਸਦ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਦੇ ਨਾਲ-ਨਾਲ ਉਨ੍ਹਾਂ ਦੇ ਵਿਦੇਸ਼ ਮੰਤਰੀ ਦੇ ਬਿਆਨ ਨੂੰ ਵੀ ਦੇਖਿਆ ਅਤੇ ਰੱਦ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਿੰਸਾ ਦੇ ਕਿਸੇ ਵੀ ਕੰਮ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਕੈਨੇਡਾ ਸਰਕਾਰ ਵੱਲੋਂ ਨਿਰਾਧਾਰ , ਬੇਹੂਦਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ । ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਹੀ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ‘ਤੇ ਵੀ ਲਾਇਆ ਸੀ ਅਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ । ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਕਾਨੂੰਨ ਦੇ ਸ਼ਾਸਨ ਲਈ ਮਜ਼ਬੂਤ ​​ਵਚਨਬੱਧਤਾ ਨਾਲ ਇੱਕ ਲੋਕਤੰਤਰੀ ਰਾਜਨੀਤਿਕ ਹਾਂ। ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਜਿਹਨਾਂ ਤੋਂ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਲਗਾਤਾਰ ਖ਼ਤਰਾ ਹੈ। ਇਸ ਮਾਮਲੇ ‘ਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਲੰਬੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ। ਕੈਨੇਡੀਅਨ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਅਜਿਹੇ ਤੱਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਵਿੱਚ ਕਤਲਾਂ ਸਮੇਤ ਕਈ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦਿੱਤੀ ਗਈ ਜਗ੍ਹਾ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਕੋਈ ਨਵੀਂ ਗੱਲ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਨਾਲ ਅਜਿਹੀ ਕਿਸੇ ਵੀ ਅਪਰਾਧਿਕ ਘਟਨਾ ਨਾਲ ਜੋੜਨ ਦੀ ਕੈਨੇਡਾ ਸਰਕਾਰ ਦੀ ਕੋਝੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰੇ ਅਤੇ ਗੈਰ ਸਮਾਜੀ ਤੇ ਭਾਰਤ ਵਿਰੋਧੀ ਕੱਟੜਤਾ ਪੂਰਨ ਤਾਕਤਾਂ ਦੀ ਪੁਸ਼ਤ ਪਨਾਹੀ ਬੰਦ ਕਰੇ ।

Be the first to comment

Leave a Reply

Your email address will not be published.


*