(ਟਾਈਮਜ਼ ਬਿਓਰੋ ਰਿਪੋਰਟ) : ਨਿਊਯਾਰਕ ਦੇ ਇੱਕ ਛੋਟੇ ਕਸਬੇ ਲੌਂਗ ਆਈਲੈਂਡ ਵਿੱਚ ਇੱਕ 14 ਮਹੀਨਿਆਂ ਦੀ ਬੱਚੀ ਚਿਆਸੀਆ ਇਵਾਨਸ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਸਦੀ ਦਾਦੀ ਚਿਆਸੀਆ ਨੂੰ ਕਾਰ ਵਿੱਚ ਭੁੱਲ ਗਈ । ਚਿਆਸੀਆ ਦੀ ਦਾਦੀ ਸਵੇਰ ਵੇਲੇ ਉਸਨੂੰ ਡੇ ਕੇਅਰ ਛੱਡਣ ਲਈ ਘਰੋਂ ਲੈ ਕੇ ਆਈ ਸੀ ਪਰ ਉਹ ਬੱਚੀ ਨੂੰ ਡੇ ਕੇਅਰ ਛੱਡਣਾ ਭੁੱਲ ਗਈ ਅਤੇ ਸਿੱਧਾ ਆਪਣੇ ਕੰਮ ਤੇ ਚਲੀ ਗਈ ਅਤੇ ਬੱਚੀ ਕਾਰ ਵਿੱਚ ਸੀਟ ਬੈਲਟ ਨਾਲ ਬੱਝੀ ਰਹਿ ਗਈ ਅਤੇ 8 ਘੰਟੇ ਕਾਰ ਵਿੱਚ ਰਹੀ ਜਿੱਥੇ ਵਧੇਰੇ ਗਰਮੀ ਤੇ ਆਕਸੀਜ਼ਨ ਦੀ ਕਮੀ ਹੋਣ ਨਾਲ ਚਿਆਸੀਆ ਇਵਾਨਸ ਦੀ ਮੌਤ ਹੋ ਗਈ । ਇਸ ਘਟਨਾ ਦੀ ਪੁਸ਼ਟੀ ਸੁਫ਼ੋਲਕ ਕਾਊਂਟੀ ਪੁਲਿਸ ਨੇ ਕੀਤੀ ਹੈ । ਜਦੋਂ ਬੱਚੀ ਦੀ ਦਾਦੀ 8 ਘੰਟੇ ਤੋਂ ਬਾਅਦ ਆਪਣੇ ਕੰਮ ਤੋਂ ਆਪਣੀ ਕਾਰ ਕੋਲ ਅਈ ਤਾਂ ਉਸ ਨੂੰ ਬੱਚੀ ਕਾਰ ਚ ਹੋਣ ਦਾ ਖਿਆਲ ਆਇਆ ਤਾਂ ਕਾਹਲੀ ਵਿੱਚ ਬੱਚੀ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਤਦ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ । ਚਿਆਸੀਆ ਦੀ ਮੌਤ ਤੇ ਸਥਾਨਕ ਲੋਕਾਂ ਤੇ ਪਰਿਵਾਰ ਵਿੱਚ ਡਾਹਢਾ ਸੋਗ ਹੈ ਅਤੇ ਚਿਆਸੀਆ ਦੀ ਆਤਮਕ ਸ਼ਾਂਤੀ ਲਈ ਮੋਮਬੱਤੀਆਂ ਬਾਲ ਕੇ ਉਸੇ ਪਾਰਕਿੰਗ ਅਲਾਟ ਵਿੱਚ ਪ੍ਰਾਰਥਨਾ ਕੀਤੀ ਗਈ । ਜ਼ਿਕਰਯੋਗ ਹੈ ਕਿ ਅਮਰੀਕਾ ਦੇ ਟਰਾਂਸਪੋਰਟ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਤਕਰੀਬਨ 40 ਤੋਂ ਵਧੇਰੇ ਬੱਚੇ ਕਾਰਾਂ ਵਿੱਚ ਲਾਪਰਵਾਹੀ ਜਾਂ ਕਈ ਵਾਰ ਕੁਝ ਸਮੇਂ ਲਈ ਛੱਡਣ ਨਾਲ ਵੱਧ ਗਰਮੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ।ਇਹ ਜ਼ਿਆਦਾ ਉਦੋਂ ਹੁੰਦਾ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਅਚਾਨਕ ਗੱਡੀਆਂ ਵਿੱਚ ਭੁੱਲ ਜਾਂਦੇ ਹਨ । ਅਮਰੀਕਾ , ਕੈਨੇਡਾ ਦੀ ਓਵਰਬਿਜ਼ੀ ਲਾਈਫ਼ ਵਿੱਚ ਦਿਮਾਗੀ ਬੋਝ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਜਿਸ ਤੇ ਸਮਾਜ ਸੇਵੀ ਸੰਗਠਨਾਂ ਤੇ ਸਰਕਾਰ ਨੂੰ ਆਪਸੀ ਤਾਲਮੇਲ ਬਣਾਉਣ ਦੀ ਲੋੜ ਹੈ ।
Leave a Reply