-ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਰਕਾਰਾਂ ਵੱਲੋਂ ਸਿੱਖ ਮਾਮਲਿਆਂ ’ਚ ਦਖ਼ਲ ਦਾ ਲਿਆ ਕਰੜਾ ਨੋਟਿਸ

-ਜਗਦੀਸ਼ ਟਾਈਟਲਰ ਵਿਰੁੱਧ ਉੱਚ ਅਦਾਲਤ ਜਾਣ ਲਈ ਪੀੜਤ ਪਰਿਵਾਰਾਂ ਨੂੰ ਦੇਵਾਂਗੇ ਕਾਨੂੰਨੀ ਮੱਦਦ- ਐਡਵੋਕੇਟ ਧਾਮੀ
 
-ਕੌਮੀ ਘਟਗਿਣਤੀ ਕਮਿਸ਼ਨ ਆਪਣੇ ਅਧਿਕਾਰਾਂ ਦੀ ਕਰ ਰਿਹਾ ਹੈ ਦੁਰਵਰਤੋਂ- ਐਡਵੋਕੇਟ ਧਾਮੀ
 
-ਸਿੱਖ ਇਤਿਹਾਸ ਨਾਲ ਸਬੰਧਤ ਆ ਰਹੀਆਂ ਤਿੰਨ ਸ਼ਤਾਬਦੀਆਂ ਦੇ ਸਮਾਗਮਾਂ ਨੂੰ ਦਿੱਤੀ ਪ੍ਰਵਾਨਗੀ
ਅੰਮ੍ਰਿਤਸਰ, 7 ਅਗਸਤ-
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੀ ਅੱਜ ਇਥੇ ਹੋਈ ਇਕੱਤਰਤਾ ਦੌਰਾਨ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿਚ ਦਖ਼ਲਅੰਦਾਜ਼ੀ ਦਾ ਕਰੜਾ ਨੋਟਿਸ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦਾ ਪ੍ਰਬੰਧਕ ਗੈਰ ਸਿੱਖ ਲਗਾਉਣ ਵਿਰੁੱਧ ਮਤਾ ਪਾਸ ਕਰਨ ਤੋਂ ਇਲਾਵਾ ਕੌਮੀ ਘਟਗਿਣਤੀ ਕਮਿਸ਼ਨ ਵੱਲੋਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਪੁਲਬੰਗਸ਼ ਕੇਸ ਵਿਚ ਅਗਾਊਂ ਜ਼ਮਾਨਤ ਖਿਲਾਫ ਪੀੜਤ ਪਰਿਵਾਰਾਂ ਦੀ ਉੱਚ ਅਦਾਲਤ ਵਿਚ ਪੈਰਵਾਈ ਲਈ ਕਾਨੂੰਨੀ ਸਹਾਇਤਾ ਦਾ ਫੈਸਲਾ ਵੀ ਕੀਤਾ ਗਿਆ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਸਿੱਖ ਮਾਮਲਿਆਂ ਵਿਚ ਬੇਲੋੜੀ ਦਖ਼ਲਅੰਦਾਜ਼ੀ ਇਕ ਗਹਿਰੀ ਸਾਜ਼ਿਸ਼ ਹੈ, ਜਿਸ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਗੁਰਧਾਮਾਂ ਦੀ ਆਪਣੀ ਮਰਯਾਦਾ ਅਤੇ ਰਵਾਇਤ ਹੈ, ਜਿਸ ਅਨੁਸਾਰ ਸਿੱਖ ਸੰਸਥਾਵਾਂ ਸੇਵਾ ਸੰਭਾਲ ਕਰਦੀਆਂ ਹਨ। ਸਰਕਾਰਾਂ ਸਿੱਖਾਂ ਦੇ ਆਪਣੇ ਅਧਿਕਾਰਾਂ ਵਿਚ ਦਖ਼ਲ ਦੇ ਕੇ ਮਨਮਰਜ਼ੀ ਦੇ ਫੈਸਲੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦਾ ਪ੍ਰਬੰਧਕ ਗੈਰ ਸਿੱਖ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਇਹ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿ ਇਕ ਪਾਵਨ ਤਖ਼ਤ ਸਾਹਿਬ ਦਾ ਪ੍ਰਬੰਧਕ ਗੈਰ ਸਿੱਖ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਦਖ਼ਲਅੰਦਾਜ਼ੀ ਆਪਣੇ ਅਧਿਕਾਰ ਵਾਲੀਆਂ ਸਰਕਾਰੀ ਸੰਸਥਾਵਾਂ ਰਾਹੀਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਦੀ ਮਨਸ਼ਾ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਘਟਗਿਣਤੀ ਕਮਿਸ਼ਨ ਵੀ ਇਸ ਵਕਤ ਘੱਟਗਿਣਤੀਆਂ ਦੀ ਤਰਜ਼ਮਾਨੀ ਕਰਨ ਦੀ ਥਾਂ ਸਰਕਾਰੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕੁਝ ਲੋਕਾਂ ਨੂੰ ਸ਼ਰਾਰਤ ਨਾਲ ਵਰਤ ਕੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਪਾਰਟੀ ਦੇ ਹਿੱਤ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸਰਕਾਰੀ ਏਜੰਸੀਆਂ ਨੂੰ ਸਿੱਖ ਸੰਸਥਾਵਾਂ ਦੇ ਮਾਮਲਿਆਂ ਲਈ ਜਾਂਚ ਵਾਸਤੇ ਕਹਿਣਾ ਗੈਰ ਵਾਜਬ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਲਾਲਪੁਰਾ ਨੂੰ ਸ਼੍ਰੋਮਣੀ ਕਮੇਟੀ ਦੇ ਜਿਸ ਅੰਤ੍ਰਿੰਗ ਕਮੇਟੀ ਮੈਂਬਰ ਨੇ ਮੰਗ ਪੱਤਰ ਸੌਂਪਿਆ ਸੀ, ਉਸ ਨੇ ਅੱਜ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਮੈਂਬਰ ਨੇ ਮੰਨਿਆ ਹੈ ਕਿ ਉਨ੍ਹਾਂ ਕੋਲੋਂ ਸ਼੍ਰੋਮਣੀ ਕਮੇਟੀ ’ਚ ਸਰਕਾਰੀ ਦਖ਼ਲ ਮੰਗਣ ਦੀ ਭੁੱਲ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ. ਲਾਲਪੁਰਾ ਰਾਜਨੀਤੀ ਕਰਨ ਦੀ ਥਾਂ ਘਟਗਿਣਤੀਆਂ ਨਾਲ ਸਬੰਧਤ ਮਾਮਲਿਆਂ ਵੱਲ ਧਿਆਨ ਦੇਣ। ਉਨ੍ਹਾਂ ਸਵਾਲ ਕੀਤਾ ਕਿ ਜੰਮੂ ਕਸ਼ਮੀਰ, ਮਨੀਪੁਰ, ਹਰਿਆਣਾ ਅਤੇ ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮਾਮਲੇ ਵਿਚ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਕਿਉਂ ਨਹੀਂ ਬੋਲੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰੀ ਵਿਭਾਗ ਅਤੇ ਸਰਕਾਰੀ ਨੁਮਾਇੰਦੇ ਸਿੱਖ ਸੰਸਥਾਵਾਂ ਦੇ ਅੰਦਰੂਨੀ ਮਸਲਿਆਂ ਤੋਂ ਦੂਰ ਰਹਿਣ ਅਤੇ ਆਪਣੀ ਜ਼ੁੰਮੇਵਾਰੀ ਪਛਾਣਨ।
ਅੰਤ੍ਰਿੰਗ ਕਮੇਟੀ ਵੱਲੋਂ ਲਏ ਹੋਏ ਹੋਰ ਫੈਸਲਿਆਂ ਬਾਰੇ ਐਡਵੋਕੇਟ ਧਾਮੀ ਨੇ ਦੱਸਿਆ ਕਿ 1984 ਸਿੱਖ ਕਲਤੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਵਿਰੁੱਧ ਉੱਚ ਅਦਾਲਤ ’ਚ ਪੈਰਵਾਈ ਲਈ ਪੀੜਤ ਪਰਿਵਾਰਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਬੰਗਸ਼ ਗੁਰਦੁਆਰਾ ਸਾਹਿਬ ਮਾਮਲੇ ਵਿਚ ਅਗਾਊਂ ਜ਼ਮਾਨਤ ਨੂੰ ਚੁਣੌਤੀ ਦੇਣ ਲਈ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਮੁੱਖ ਗਵਾਹ ਬੀਬੀ ਲਖਵਿੰਦਰ ਕੌਰ ਨੂੰ ਲੋੜੀਂਦੀ ਵਿੱਤੀ ਮੱਦਦ ਵੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁੱਧ ਚੱਲ ਰਹੇ ਕੇਸ ਦੀ ਪੈਰਵਾਈ ਤਹਿਤ ਸੁਪਰੀਮ ਕੋਰਟ ਵਿਚ ਸ਼੍ਰੋਮਣੀ ਕਮੇਟੀ ਕਾਨੂੰਨੀ ਮੱਦਦ ਕਰੇਗੀ।
ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਆ ਰਹੀਆਂ ਸ਼ਤਾਬਦੀਆਂ ਜਾਹੋ-ਜਲਾਲ ਨਾਲ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤਹਿਤ 9 ਸਤੰਬਰ 2023 ਨੂੰ ਨਾਭਾ ਦਿਵਸ ਦੀ 100 ਸਾਲਾ ਸ਼ਤਾਬਦੀ, 1 ਅਕਤੂਬਰ 2023 ਨੂੰ ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਅਤੇ 21 ਫ਼ਰਵਰੀ 2024 ਨੂੰ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਸੈਮੀਨਾਰ ਅਤੇ ਦੇਸ਼ ਭਰ ਅੰਦਰ ਸਮਾਗਮਾਂ ਦੀ ਲੜੀ ਵੀ ਚਲਾਈ ਜਾਵੇਗੀ। ਐਡਵੋਕੇਟ ਧਾਮੀ ਨੇ ਦੱਸਿਆ ਕਿ ਜੈਤੋ ਦੇ ਮੋਰਚੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇ ਲਿਜਾਣ ਵਾਲੇ ਗੁਰਸਿੱਖ ਦੇ ਪਿੰਡਾਂ ਵਿਚ ਵਿਸ਼ੇਸ਼ ਤੌਰ ’ਤੇ ਸਮਾਗਮ ਕੀਤੇ ਜਾਣਗੇ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕਾਲੇਪਾਣੀ ਦੀ ਜੇਲ੍ਹ ’ਚ ਪੰਜਾਬੀਆਂ ਬਾਰੇ ਜਾਣਕਾਰੀ ਦਿੰਦੀ ਅੰਗਰੇਜ਼ੀ ਪੁਸਤਕ ਦੇ ਪੰਜਾਬੀ ਅਨੁਵਾਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਬੀਤੇ ਕੱਲ੍ਹ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਇਕ ਸੇਵਾਦਾਰ ਦੀ ਕਰੰਟ ਲੱਗਣ ਨਾਲ ਹੋਈ ਮੌਤ ’ਤੇ ਵੀ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਭੁਪਿੰਦਰ ਸਿੰਘ ਅਸੰਧ ਤੇ ਸ. ਮਲਕੀਤ ਸਿੰਘ ਚੰਗਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ, ਗੁਰਿੰਦਰ ਸਿੰਘ ਮਥਰੇਵਾਲ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਸ਼ਾਹਬਾਜ਼ ਸਿੰਘ, ਸ. ਪਰਮਜੀਤ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸੁਪਰਡੰਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: 1. ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸ਼ਾਮਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਅਵਤਾਰ ਸਿੰਘ ਰਿਆ ਤੇ ਭਾਈ ਗੁਰਚਰਨ ਸਿੰਘ ਗਰੇਵਾਲ।
2. ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਨਾਲ ਹਨ ਸ. ਬਲਦੇਵ ਸਿੰਘ ਕਾਇਮਪੁਰ, ਸ. ਅਵਤਾਰ ਸਿੰਘ ਰਿਆ ਤੇ ਭਾਈ ਗੁਰਚਰਨ ਸਿੰਘ ਗਰੇਵਾਲ।

Be the first to comment

Leave a Reply

Your email address will not be published.


*