ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਪ੍ਰਵਾਨ ਨਹੀਂ -ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਈਮੇਲ ਭੇਜ ਕੇ ਕੀਤਾ ਇਤਰਾਜ਼
ਅੰਮ੍ਰਿਤਸਰ( ਟਾਈਮਜ਼ ਬਿਓਰੋ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇਕ ਗੈਰ-ਸਿੱਖ ਦੀ ਨਿਯੁਕਤੀ `ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਇਹ ਵਿਰੋਧ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਏਕਨਾਥ ਸੰਭਾਜੀ ਸ਼ਿੰਦੇ ਨੂੰ ਇੱਕ ਈਮੇਲ ਭੇਜ ਕੇ ਦਰਜ਼ ਕਰਵਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇੱਕ ਗੈਰ-ਸਿੱਖ ਅਧਿਕਾਰੀ ਨੂੰ ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦਾ ਪ੍ਰਸ਼ਾਸਕ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਅਤੇ ਮਰਯਾਦਾ ਅਨੁਸਾਰ ਨਹੀਂ ਹੈ। ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅੰਦਰ ਤਖ਼ਤ ਸਾਹਿਬਾਨ ਦੀ ਭੂਮਿਕਾ ਸਿੱਖ ਮਰਿਯਾਦਾ ਲਾਗੂ ਕਰਨ ਵਾਸਤੇ ਅਗਵਾਈ ਕਰਨਾ ਅਤੇ ਸਮੇਂ ਸਮੇਂ ਨਿਰਦੇਸ਼ ਦੇਣਾ ਹੈ, ਇਸ ਲਈ ਕਿਸੇ ਗੈਰ-ਸਿੱਖ ਵਿਅਕਤੀ ਨੂੰ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਬੰਧਕ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੋਈ ਗੈਰ ਸਿੱਖ ਵਿਅਕਤੀ ਸਿੱਖ ਭਾਵਨਾਵਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਚਲਾ ਸਕਦਾ ਹੈ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਸਿੱਖ ਵਿਰੋਧੀ ਫੈਸਲਾ ਹੈ, ਜਿਸ ਨੂੰ ਤੁਰੰਤ ਵਾਪਿਸ ਲਿਆ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਦੇ ਨਾਲ ਹੀ ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਦੀ ਚੋਣ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਕਾਰਜਕਾਲ ਮਾਰਚ 2022 ਵਿਚ ਪੂਰਾ ਹੋ ਚੁੱਕਾ ਹੈ। ਇਹ ਚੋਣ ਪਿਛਲੇ ਇੱਕ ਸਾਲ ਦੇ ਸਮੇਂ ਤੋਂ ਲੰਬਿਤ ਚਲੀ ਆ ਰਹੀ ਹੈ। ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੁੰਦੀਆਂ ਸ਼੍ਰੋਮਣੀ ਕਮੇਟੀ ਇਸ ਬਾਰੇ ਪਹਿਲਾਂ ਵੀ ਕਈ ਵਾਰ ਮੰਗ ਕਰ ਚੁੱਕੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸਿੱਖਾਂ ਦੇ ਮਾਮਲਿਆਂ ਵਿਚ ਮਨਮਰਜ਼ੀ ਦੇ ਫੈਸਲੇ ਨਾ ਲਵੇ ਅਤੇ ਚੋਣ ਤੱਕ ਕਿਸੇ ਪੂਰਨ ਗੁਰਸਿੱਖ ਵਿਅਕਤੀ ਨੂੰ ਹੀ ਤਖ਼ਤ ਸਾਹਿਬ ਬੋਰਡ ਦਾ ਪ੍ਰਬੰਧਕ ਲਗਾਇਆ ਜਾਵੇ।

Be the first to comment

Leave a Reply

Your email address will not be published.


*