ਲੁਧਿਆਣਾ ( ਟਾਈਮਜ਼ ਬਿਓਰੋ ) : ਲੁਧਿਆਣਾ ਦੇ ਇਤਿਹਾਸਕ ਕਸਬੇ ਮਾਛੀਵਾੜਾ ਇਲਾਕੇ ਦੀ ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਵਾਸੀ ਰਹੀਮਾਬਾਦ ਖੁਰਦ ਨੂੰ ਪੁਲਿਸ ਨੇ ਚਿੱਟੇ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਗਿਰਫ਼ਤਾਰ ਕੀਤਾ ਹੈ । ਪੁਲਿਸ ਦੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਕੁਲਦੀਪ ਸਿੰਘ ਲਾਡੀ ਦੇ ਮਾਮਲੇ ‘ਚ ਪੁਲਸ ਨੇ ਇਸ ਗਾਇਕਾ ਸਮੇਤ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਕਾਬੂ ਕੀਤਾ ਹੈ ।
ਵੀਰਵਾਰ ਨੂੰ ਇੱਕ ਮੀਡੀਆ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਅਤੇ ਡੀ. ਐੱਸ. ਪੀ. ਮਨਦੀਪ ਕੌਰ ਨੇ ਦੱਸਿਆ ਕਿ ਬੀਤੀ 30 ਜੁਲਾਈ ਨੂੰ ਨੇੜੇ ਦੇ ਪਿੰਡ ਮਾਣੇਵਾਲ ਦਾ ਇੱਕ ਨੌਜਵਾਨ ਕੁਲਦੀਪ ਸਿੰਘ ਲਾਡੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮਾਛੀਵਾੜਾ ਵਿਖੇ ਬੱਚਿਆਂ ਦੇ ਕਬਰਸਿਤਾਨ ਵਿੱਚ ਮ੍ਰਿਤਕ ਮਿਲਿਆ ਸੀ, ਜਿਸ ’ਤੇ ਪੁਲਸ ਨੇ ਅਣਪਛਾਤੇ ਸ਼ੱਕੀ ਵਿਅਕਤੀਆਂ ਅਤੇ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਜ਼ਿਲਾ ਖੰਨਾ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਅਤੇ ਐੱਸ. ਪੀ. ਪ੍ਰੱਗਿਆ ਜੈਨ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਲੋਂ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਲਾਡੀ ਉਸ ਦੇ ਨੇੜਲੇ ਹੀ ਪਿੰਡ ਰਹੀਮਾਬਾਦ ਖੁਰਦ ਦੀ ਨਿਵਾਸੀ ਪਰਮਜੀਤ ਕੌਰ ਪੰਮੀ ਤੋਂ ਨਸ਼ਾ ਲੈ ਕੇ ਆਇਆ ਸੀ । ਮ੍ਰਿਤਕ ਨੌਜਵਾਨ ਨਾਲ ਇਸ ਦੇ ਹੋਰ ਕਈ ਸਾਥੀ ਵੀ ਸਨ, ਜਿਨ੍ਹਾਂ ਨੇ ਜਗਦੀਸ਼ ਸਿੰਘ ਦੀਸ਼ਾ ਤੋਂ ਵੀ ਨਸ਼ਾ ਖਰੀਦਿਆ ਅਤੇ ਫਿਰ ਕਬਰਸਿਤਾਨ ‘ਚ ਜਾ ਕੇ ਟੀਕੇ ਲਗਾਉਣ ਲੱਗ ਪਏ। ਪੁਲਿਸ ਦੀ ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਕੁਲਦੀਪ ਸਿੰਘ ਨੇ ਸਭ ਤੋਂ ਪਹਿਲਾਂ ਨਸ਼ੇ ਦਾ ਟੀਕਾ ਲਗਾਇਆ ਤੇ ਓਵਰਡੋਜ਼ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦੇ ਨਾਲ ਦੇ ਸਾਥੀ ਉਸ ਨੂੰ ਛੱਡ ਕੇ ਫ਼ਰਾਰ ਹੋ ਗਏ ਸਨ । ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਪਰਮਜੀਤ ਕੌਰ ਪੰਮੀ, ਜੋ ਕਿ ਪੇਸ਼ੇ ਵਜੋਂ ਗਾਇਕਾ ਹੈ ਅਤੇ ਇਲਾਕੇ ਦੇ ਮੇਲਿਆਂ ਵਿੱਚ ਅਖਾੜੇ ਵੀ ਲਗਾਉਂਦੀ ਰਹੀ ਹੈ। ਜਗਦੀਸ਼ ਸਿੰਘ ਦੀਸ਼ਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਪੁਲਿਸ ਨਾ ਪਰਚਾ ਦਰਜ ਕਰਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Leave a Reply