ਸਿੱਖ ਯੂਥ ਐਡਮੰਟਨ ਵਲੋਂ ਕਰਵਾਇਆ ਗਿਆ ਵਿਸ਼ਾਲ ਸਿੱਖ ਵਿਰਾਸਤੀ ਮੇਲਾ ਗਤਕਾ , ਬੱਚਿਆਂ ਦੀਆਂ ਖੇਡਾਂ , ਦਸਤਾਰਾਂ ਬੰਨ੍ਹਣ ਦੇ ਮੁਕਾਬਲੇ ਤੇ ਢਾਡੀ ਜਥੇ ਵੱਲੋਂ ਗਾਈਆਂ ਸਿੱਖ ਯੋਧਿਆਂ ਦੀਆਂ ਵਾਰਾਂ ਰਹੀਆਂ ਖਿੱਚ ਦਾ ਕੇੰਦਰ

ਐਡਮੰਟਨ (ਟਾਈਮਜ਼ ਬਿਓਰੋ) ਪਿਛਲੇ ਬਾਰਾਂ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾ ਕਰ ਰਹੀ ਸਵੈ – ਸੇਵੀ ਜਥੇਬੰਦੀ ਸਿੱਖ ਯੂਥ ਐਡਮੰਟਨ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਲੱਖਣ ਸਿੱਖ ਵਿਰਾਸਤੀ ਮੇਲੇ ਦਾ ਆਯੋਜਨ ਸਿਲਵਰ ਬੇਰੀ ਪਾਰਕ ਵਿੱਚ ਕੀਤਾ ਗਿਆ । ਇਸ ਮੇਲੇ ਵਿੱਚ ਸਿੱਖ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ , ਸਿੱਖੀ ਵਿਰਾਸਤ ਤੇ ਸਿੱਖ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਜਾਣੂੰ ਕਰਵਾਉਣ ਲਈ ਵੱਖ ਵੱਖ ਵੰਨਗੀਆਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ । ਛੋਟੇ ਬੱਚਿਆਂ ਤੇ ਨੌਜਵਾਨਾਂ ਵਿੱਚ ਦਸਤਾਰ ਤੇ ਦੁਮਾਲੇ ਦੀ ਮਹੱਤਤਾ ਨੂੰ ਦਰਸਾਉਂਦਿਆਂ ਦਸਤਾਰ ਤੇ ਦੁਮਾਲਾ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ ਅਤੇ ਸੋਹਣੀ ਦਸਤਾਰ ਸਜਾਉਣ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਸਟੇਜ ਤੇ ਸਨਮਾਨਿਤ ਕੀਤਾ ਗਿਆ । ਇਸ ਸਿੱਖ ਵਿਰਾਸਤੀ ਮੇਲੇ ਵਿੱਚ ਗਤਕਾ ਪਾਰਟੀ ਨੇ ਗਤਕੇ ਜੌਹਰ ਵਿਖਾਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾ ਕੇ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ । ਇਸ ਦੌਰਾਨ ਛੋਟੇ ਬੱਚਿਆਂ ਨੇ ਦਸ ਗੁਰੂ ਸਾਹਿਬਾਨਾਂ ਦੇ ਨਾਮ ਕੰਠ ਕਰਕੇ ਸਟੇਜ ਤੇ ਬੋਲ ਕੇ ਸੁਣਾਏ ਅਤੇ ਸਿੱਖ ਇਤਿਹਾਸ ਦੇ ਨਾਇਕਾਂ ਦੀਆਂ ਜੀਵਨੀਆਂ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ । ਢਾਡੀ ਜਥਿਆਂ ਨੇ ਸਿੱਖ ਇਤਿਹਾਸ ਤੇ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਵਾਰਾਂ ਦੇ ਰੂਪ ਵਿੱਚ ਗਾ ਕੇ ਸੁਣਾਇਆ ਅਤੇ ਸਿੱਖ ਸੂਰਬੀਰਾਂ ਦੀ ਬੰਦਗੀ ਤੇ ਸੂਰਬੀਰਤਾ ਤੇ ਚਾਨਣਾ ਪਾਇਆ । ਛੋਟੇ ਬੱਚਿਆਂ ਦੀਆਂ ਦੌੜਾਂ ਤੇ ਛੋਟੀਆਂ ਖੇਡਾਂ ਕਰਵਾਈਆਂ ਗਈਆਂ ਤਾਂ ਜੋ ਕੈਨੇਡਾ ਦੇ ਜੰਮਪਲ ਬੱਚੇ ਆਪਸ ਵਿੱਚ ਪੰਜਾਬੀ ਬੋਲਣ , ਮਿਲਵਰਤਣ , ਪਿਆਰ ਤੇ ਸਤਿਕਾਰ ਵਾਲਾ ਸੱਭਿਅਕ ਜੀਵਨ ਜਿਉਣ ਦੀ ਜਾਚ ਸਿੱਖ ਸਕਣ । ਬੱਚਿਆਂ ਦੇ ਇਹਨਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਤੇ ਖੇਡਾਂ ਦਾ ਅਨੰਦ ਮਾਣਿਆ । ਸਿੱਖ ਧਰਮ , ਸਿੱਖ ਵਿਰਸੇ ਤੇ ਸਮਾਜ ਵਿੱਚ ਸਰਬੱਤ ਦੇ ਭਲੇ ਦੀ ਸੇਵਾ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਸਿੱਖ ਸ਼ਖਸੀਅਤਾਂ ਦਾ ਸਟੇਜ ਵੱਲੋਂ ਸਨਮਾਨ ਕੀਤਾ ਗਿਆ । ਸਿੱਖ ਯੂਥ ਐਡਮੰਟਨ ਦੀ ਸਟੇਜ ਤੋਂ ਵੱਖ ਵੱਖ ਸਿੱਖ ਬੁਲਾਰਿਆਂ ਨੇ ਸਿੱਖੀ ਇਤਿਹਾਸ ਤੇ ਆਪਣੇ ਵਿਚਾਰ ਰੱਖੇ । ਵੱਖ ਵੱਖ ਕਾਰੋਬਾਰੀਆਂ ਤੇ ਸੰਗਤ ਦੇ ਸਹਿਯੋਗ ਨਾਲ ਇਸ ਵਿਸ਼ੇਸ਼ ਸਮਾਗਮ ਵਿੱਚ ਗੁਰੂ ਕਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ । ਸੰਗਤ ਲਈ ਚਾਹ ਪਕੌੜੇ , ਕੜੀ ਚਾਵਲ , ਛੋਲੇ ਪੂਰੀਆਂ , ਟਿੱਕੀ , ਦੁੱਧ ਸੋਡਾ , ਸ਼ਰਦਾਈ , ਆਈਸ ਕਰੀਮ ਤੇ ਬੱਚਿਆਂ ਦੇ ਮਨਪਸੰਦ ਦੀਆਂ ਵਸਤਾਂ ਵੀ ਲੰਗਰ ਵਿੱਚ ਪਰੋਸੀਆਂ ਗਈਆਂ । ਇਸ ਸਮਾਗਮ ਦੇ ਪ੍ਰਬੰਧ ਵਿੱਚ ਸਿੱਖ ਯੂਥ ਐਡਮੰਟਨ ਦੇ ਪ੍ਰਧਾਨ ਮਲਕੀਅਤ ਸਿੰਘ ਢੇਸੀ ਤੇ ਉਹਨਾਂ ਦੀ ਟੀਮ ਨੇ ਵੱਡੀ ਸੇਵਾ ਨਿਭਾਈ ਜਿਹਨਾਂ ਵਿੱਚ ਸ੍ਰ. ਤਜਿੰਦਰ ਸਿੰਘ ਭੱਠਲ , ਅਰਵਿੰਦਰ ਸਿੰਘ , ਗੁਰਪ੍ਰੀਤ ਸਿੰਘ , ਹਰਦੀਪ ਸਿੰਘ , ਜੱਗਾ ਸਿੰਘ , ਚਰਨਜੀਤ ਸਿੰਘ , ਰਾਮ ਸਿੰਘ ਸੰਧੂ , ਜਰਨੈਲ ਗਿੱਲ , ਹਰਪਿੰਦਰ ਸਿੰਘ ਬਾਠ ਸ਼ਾਮਿਲ ਹਨ । ਸਟੇਜ ਸਕੱਤਰ ਦੀ ਭੂਮਿਕਾ ਗੁਲਜ਼ਾਰ ਸਿੰਘ ਨਿਰਮਾਣ ਨੇ ਬਾਖੂਬੀ ਨਿਭਾਈ । ਇਸ ਸਮਾਗਮ ਵਿੱਚ ਹੋਰ ਸੰਗਤ ਤੋਂ ਇਲਾਵਾ ਲੰਗਰ ਦੀ ਸੇਵਾ ਵਿੱਚ ਸਿਲਵਰ ਬੇਰੀ ਟਰੈਵਲ ਵਲੋਂ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ । ਸਮਾਗਮ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੀ ਹਾਜ਼ਰੀ ਲੁਆਈ । ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਇਸ ਸਿੱਖ ਵਿਰਾਸਤੀ ਮੇਲੇ ਦਾ ਜਿੱਥੇ ਆਨੰਦ ਮਾਣਿਆ ਉਥੇ ਹੀ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਤੋਂ ਜਾਣੂੰ ਕਰਵਾਉਣ , ਵਿਰਸੇ ਨਾਲ ਜੋੜਨ ਵਿੱਚ ਵੀ ਯੋਗਦਾਨ ਪਾਇਆ । ਸਿੱਖ ਯੂਥ ਐਡਮੰਟਨ ਦੇ ਪ੍ਰਧਾਨ ਮਲਕੀਅਤ ਸਿੰਘ ਢੇਸੀ ਤੇ ਸਮੁੱਚੀ ਟੀਮ ਨੇ ਸਮੂਹ ਸੰਗਤ ਤੇ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਕਾਰੋਬਾਰੀਆਂ , ਵਾਲੰਟੀਅਰਜ਼ , ਲੰਗਰ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਤੇ ਭਾਈਆਂ ਅਤੇ ਮੀਡੀਆ ਕਵਰੇਜ ਕਰਨ ਵਾਲੇ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ।

Be the first to comment

Leave a Reply

Your email address will not be published.


*