ਵਿਜੀਲੈਂਸ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਣ ਅਤੇ ਜਾਅਲੀ ਐਨ.ਓ.ਸੀ. ਜਾਰੀ ਕਰਨ ਦੇ ਦੋਸ਼ ਵਿੱਚ ਮਾਈਨਿੰਗ ਵਿਭਾਗ ਦਾ ਐਸ.ਡੀ.ਓ. ਗ੍ਰਿਫ਼ਤਾਰ

ਚੰਡੀਗੜ੍ਹ (ਟਾਈਮਜ਼ ਬਿਓਰੋ) ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੋਮਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਤਾਇਨਾਤ ਮਾਈਨਿੰਗ (ਖਣਨ) ਵਿਭਾਗ ਦੇ ਐਸ.ਡੀ.ਓ. ਕਾਬਲ ਸਿੰਘ ਨੂੰ 1 ਲੱਖ ਰੁਪਏ ਰਿਸ਼ਵਤ ਲੈਣ ਅਤੇ ਜਾਅਲੀ ਐਨ.ਓ.ਸੀ. ਜਾਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਪਿੰਡ ਸ਼ਕਾਲਾ ਨੇ 08-06-2023 ਨੂੰ ਐਂਟੀ ਕੁਰੱਪਸ਼ਨ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਦੋਸਤ ਜਸਵੰਤ ਸਿੰਘ ਵਾਸੀ ਪਿੰਡ ਮਾੜੀ ਬੁਚੀਆਂ ਨੇ ਆਪਣੀ ਚਾਰ ਕਨਾਲ ਜ਼ਮੀਨ ਵਿੱਚੋਂ ਮਿੱਟੀ ਚੁਕਵਾਉਣ ਦੀ ਮਨਜ਼ੂਰੀ ਲੈਣ ਵਾਸਤੇ ਐਸ.ਡੀ.ਓ. ਕਾਬਲ ਸਿੰਘ ਨਾਲ ਸੰਪਰਕ ਕੀਤਾ ਸੀ ਅਤੇ ਮੁਲਜ਼ਮ ਐਸ.ਡੀ.ਓ. ਨੇ ਜਸਵੰਤ ਸਿੰਘ ਤੋਂ 1 ਲੱਖ ਰੁਪਏ ਰਿਸ਼ਵਤ ਲੈ ਕੇ ਮਿੱਟੀ ਚੁੱਕਣ ਸਬੰਧੀ ਖਣਨ ਵਿਭਾਗ ਦੀ ਜਾਅਲੀ ਐਨ.ਓ.ਸੀ. ਜਾਰੀ ਕਰ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਮਿਤੀ 14-08-2023 ਨੂੰ ਆਈ.ਪੀ.ਸੀ. ਦੀ ਧਾਰਾ 420, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐਫ.ਆਈ.ਆਰ. ਨੰਬਰ 28 ਦਰਜ ਕਰਕੇ ਐਸ.ਡੀ.ਓ. ਕਾਬਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Be the first to comment

Leave a Reply

Your email address will not be published.


*