ਪ੍ਰਣਾਮ ਸ਼ਹੀਦਾਂ ਨੂੰ ਆਜ਼ਾਦੀ ਘੁਲ਼ਾਟੀਏ ਤੇ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਵਿਸ਼ੇਸ਼

( ਟਾਈਮਜ਼ ਬਿਓਰੋ )
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਹੋਇਆ ਅਤੇ ਸ਼ਹਾਦਤ 31 ਜੁਲਾਈ 1940 ਨੂੰ ਹੋਈ।
ਸ਼ਹੀਦ ਊਧਮ ਸਿਂਘ ਸੁਨਾਮ ਦਾ ਨਾਂ ਪੰਜਾਬ ਦੇ ਚੋਟੀ ਦੇ ਸਿੱਖ ਸੂਰਬੀਰ ਤੇ ਆਜ਼ਾਦੀ ਸੰਗਰਾਮੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਹੋਇਆ। ਊਧਮ ਸਿੰਘ ਕੰਬੋਜ ਕੌਮ ਨਾਲ ਸਬੰਧ ਰੱਖਦਾ ਸੀ। ਉਸਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ। ਅਤੇ ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ। ਇਸ ਗੱਲ ਤੋਂ ਜ਼ਾਲਿਮ ਹਕੂਮਤਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਸਿੱਖ ਦੁਸ਼ਟਾਂ ਨੂੰ ਕਦੀ ਬਖਸ਼ਦੇ ਨਹੀਂ ਅਤੇ ਸਮਾਂ ਆਉਣ ਤੇ ਬਦਲਾ ਲੈਂਦੇ ਹਨ ।
13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਇਹ ਸੀ ਜੀਲਿਆਂ ਵਾਲੇ ਬਾਗ ਦਾ ਸਾਕਾ।
ਸ਼ਹੀਦ ਊਧਮ ਸਿੰਘ ਮਾਈਕਲ ਉਡਵਾਇਰ ਦੇ ਕਤਲ ਦੇ ਇਲਜ਼ਾਮ ਤੋਂ ਬਾਅਦ ਗ੍ਰਿਫਤਾਰੀ ਸਮੇਂ
ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਮਾਈਕਲ ਉਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ। ਉਹ ਵਾਰਦਾਤ ਤੋਂ ਇੱਕਦਮ ਬਾਅਦ ਉਸ ਨੂੰ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਮੈਂ ਉਸ ਉੱਤੇ ਵੀ ਦੋ ਰੌਂਦ ਦਾਗੇ ਸਨ।
ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਉਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲੇ ਕਾਰਨਾਮੇ ਤਕ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ ਪਰ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ । ਉਹਨਾਂ ਸੰਨ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲਿਆ ਅਤੇ ਉਹਨਾਂ ਦੇ ਸ਼ਹੀਦ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਸ਼ਹੀਦ ਭਗਤ ਸਿੰਘ ਦੇ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ 5 ਸਾਲ ਦੀ ਕੈਦ ਹੋ ਗਈ। ਸ਼ਹੀਦ ਉਧਮ ਸਿੰਘ , ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤੱਕ ਜੇਲ੍ਹ ਵਿੱਚ ਹੀ ਸਨ ।
ਸ਼ਹੀਦ ਊਧਮ ਸਿੰਘ ਦੀ ਇਸ ਬਰਸੀ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ।

Be the first to comment

Leave a Reply

Your email address will not be published.


*