ਵਿਜੀਲੈਂਸ ਵੱਲੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ ਐਸ.ਡੀ.ਓ. ਕਾਬੂ

ਮੁਲਜ਼ਮ ਅਧਿਕਾਰੀਆਂ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ ਮੰਗੇ ਸਨ 12 ਲੱਖ ਰੁਪਏ

ਚੰਡੀਗੜ੍ਹ (ਟਾਈਮਜ਼ ਬਿਓਰੋ) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਈਨਿੰਗ ਵਿਭਾਗ ਦੇ ਇੱਕ ਕਾਰਜਕਾਰੀ ਇੰਜਨੀਅਰ (ਐਕਸੀਅਨ) ਅਤੇ ਇੱਕ ਉਪ ਮੰਡਲ ਅਫ਼ਸਰ (ਐਸ.ਡੀ.ਓ.) ਨੂੰ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੁਸ਼ਿਆਰਪੁਰ ਵਿਖੇ ਤਾਇਨਾਤ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਤੇ ਦਸੂਹਾ ਦੇ ਐਸ.ਡੀ.ਓ. ਹਰਜਿੰਦਰ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਰਾਉਂ ਤਹਿਸੀਲ ਦੇ ਪਿੰਡ ਢੋਲਣ ਵਾਸੀ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰੀਗਲ ਇੰਟਰਪ੍ਰਾਈਜਿਜ਼ ਕੰਪਨੀ ਵਿੱਚ ਸਾਈਟ ਕੰਟਰੋਲਰ ਵਜੋਂ ਕੰਮ ਕਰਦਾ ਹੈ। ਕੰਪਨੀ ਨੂੰ ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ ‘ਤੇ ਮਿੱਟੀ ਪਾਉਣ ਦਾ ਠੇਕਾ ਮਿਲਿਆ ਸੀ ਅਤੇ ਕੰਪਨੀ ਨੇ ਦਸੂਹਾ ਤਹਿਸੀਲ ਦੇ ਪਿੰਡ ਘਗਵਾਲ ਤੋਂ ਮਿੱਟੀ ਚੁੱਕਣ ਲਈ ਸਬੰਧਤ ਵਿਭਾਗ ਕੋਲ ਸਰਕਾਰ ਵੱਲੋਂ ਨਿਰਧਾਰਤ ਫੀਸ 41,10,117 ਰੁਪਏ ਵੀ ਜਮ੍ਹਾਂ ਕਰਵਾ ਦਿੱਤੀ ਸੀ। ਇਸ ਉਪਰੰਤ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਿਸ ਜ਼ਮੀਨ ਲਈ ਉਨ੍ਹਾਂ ਨੇ ਫੀਸ ਅਦਾ ਕੀਤੀ ਗਈ ਹੈ, ਉਹ ਜ਼ਮੀਨ ਜੰਗਲਾਤ ਵਿਭਾਗ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਹੈ। ਕੰਪਨੀ ਨੇ ਮਾਰਚ 2023 ਵਿੱਚ ਰਾਇਲਟੀ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਆਪਣੇ ਸੀਨੀਅਰ ਜਤਿੰਦਰ ਸਿੰਘ ਨੂੰ ਨਾਲ ਲੈ ਕੇ 20 ਜੁਲਾਈ ਨੂੰ ਉਕਤ ਐਕਸੀਅਨ ਤੇ ਐਸ.ਡੀ.ਓ ਨੂੰ ਦਫ਼ਤਰ ਵਿੱਚ ਮਿਲੇ। ਐਕਸੀਅਨ ਸਰਤਾਜ ਰੰਧਾਵਾ ਨੇ ਕਿਹਾ ਕਿ ਰਾਇਲਟੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਪਰ ਵਾਰ-ਵਾਰ ਬੇਨਤੀ ਕਰਨ ਉੱਤੇ ਐਕਸੀਅਨ ਨੇ ਕਿਹਾ ਕਿ ਇਸ ਸਬੰਧੀ ਐਸ.ਡੀ.ਓ. ਹਰਜਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਉਪਰੰਤ ਮੁਲਜ਼ਮ ਐਸ.ਡੀ.ਓ. ਨੇ ਜਤਿੰਦਰ ਸਿੰਘ ਨੂੰ ਦਸੂਹਾ ਸਥਿਤ ਆਪਣੇ ਦਫ਼ਤਰ ਬੁਲਾਇਆ ਅਤੇ ਦੱਸਿਆ ਕਿ ਐਕਸੀਅਨ ਸਰਤਾਜ ਰੰਧਾਵਾ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ 12 ਲੱਖ ਰੁਪਏ ਰਿਸ਼ਵਤ ਮੰਗੀ ਹੈ। ਬਾਅਦ ਵਿੱਚ ਮੁਲਜ਼ਮ ਐਸ.ਡੀ.ਓ. 8 ਲੱਖ ਰੁਪਏ ਵਿੱਚ ਰਾਜ਼ੀ ਹੋ ਗਿਆ।
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ, ਹੁਸ਼ਿਆਰਪੁਰ ਦੀ ਟੀਮ ਨੇ ਟਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।

Be the first to comment

Leave a Reply

Your email address will not be published.


*