ਵਿਜੀਲੈਂਸ ਵੱਲੋਂ ਅਮਰੂਦਾਂ ਦੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਜੌਹਲ ਗ੍ਰਿਫ਼ਤਾਰ

ਚੰਡੀਗੜ( ਟਾਈਮਜ਼ ਬਿਓਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਸਬੰਧੀ ਅੱਜ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਸਿੰਘ ਜੌਹਲ, ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲ.ਏ.ਸੀ.) ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਘੁਟਾਲੇ ਵਿੱਚ ਇਹ 20ਵੀਂ ਗ੍ਰਿਫ਼ਤਾਰੀ ਹੈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਗਈ ਜ਼ਮੀਨ ਦੇ ਬਦਲੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਇਹ ਘਪਲਾ ਹੋਇਆ ਸੀ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਦੀਸ਼ ਸਿੰਘ ਜੌਹਲ ਨੇ ਮਾਲ ਰਿਕਾਰਡ ਮੁਤਾਬਕ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਸਹੀ ਨਾ ਹੋਣ ਦੇ ਬਾਵਜੂਦ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਦੇ ਆਧਾਰ ‘ਤੇ ਨਾਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਿਛਲੇ ਹਫ਼ਤੇ ਗਮਾਡਾ ਦੀ ਐਲ.ਏ.ਸੀ. ਸ਼ਾਖਾ ਵਿੱਚ ਤਾਇਨਾਤ ਰਹੇ ਦੋ ਸੇਵਾਮੁਕਤ ਪਟਵਾਰੀਆਂ ਸੁਰਿੰਦਰਪਾਲ ਸਿੰਘ ਅਤੇ ਸੁਰਿੰਦਰਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੋਵੇਂ ਮੁਲਜ਼ਮ ਪਟਵਾਰੀਆਂ ਨੇ ਖੁਲਾਸਾ ਕੀਤਾ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਵਿੱਚ ਦਰਸਾਏ ਗਏ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦੇ ਹਿੱਸੇ ਵਜੋਂ ਭੁਗਤਾਨ ਫਾਰਮ ਨੂੰ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਹ ਮਾਲ ਰਿਕਾਰਡ ਅਨੁਸਾਰ ਅਸਲ ਮਾਲਕਾਂ ਅਤੇ ਉਨ੍ਹਾਂ ਦੇ ਜ਼ਮੀਨ ਦੇ ਹਿੱਸੇ ਤੋਂ ਵੱਖਰੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਜਗਦੀਸ਼ ਸਿੰਘ ਜੌਹਲ ਨੇ ਆਪਣਾ ਰਸੂਖ ਵਰਤਦਿਆਂ ਮਾਲ ਰਿਕਾਰਡ ਦੀ ਅਣਦੇਖੀ ਕਰਕੇ ਬਾਗ਼ਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਅਨੁਸਾਰ ਅਦਾਇਗੀਆਂ ਦੀ ਪ੍ਰਵਾਨਗੀ ਦੇਣ ਲਈ ਨੋਟਿੰਗ ਤਿਆਰ ਕਰਨ ਲਈ ਉਨ੍ਹਾਂ ਉਤੇ ਦਬਾਅ ਪਾਇਆ। ਐਲ.ਏ.ਸੀ. ਵਜੋਂ ਮੁਲਜ਼ਮ ਪੀ.ਸੀ.ਐਸ. ਅਧਿਕਾਰੀ ਨੇ ਅਦਾਇਗੀਆਂ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਆਧਾਰ ‘ਤੇ ਬਾਅਦ ਵਿੱਚ ਵੱਖ-ਵੱਖ ਲਾਭਪਾਤਰੀਆਂ ਨੂੰ ਲਗਭਗ 124 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ।

Be the first to comment

Leave a Reply

Your email address will not be published.


*