• ਮੁਲਜ਼ਮ ਟਰੈਵਲ ਏਜੰਟ ਨੇ ਨਾਮ ਦਰੁਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਮੰਗੀ ਸੀ ਰਿਸ਼ਵਤ
ਚੰਡੀਗੜ੍ਹ (ਟਾਈਮਜ਼ ਬਿਓਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਇੱਕ ਟਰੈਵਲ ਏਜੰਟ ਦੇ ਸਹਿਯੋਗੀ ਨੂੰ ਸੁਖਦੀਪ ਕੌਰ ਗਿੱਲ ਵਾਸੀ ਨਿਊ ਸੋਢੀ ਨਗਰ, ਮੋਗਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਖਦੀਪ ਕੌਰ ਗਿੱਲ ਨੇ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.), ਵਿਜੀਲੈਂਸ ਬਿਊਰੋ ਲੁਧਿਆਣਾ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਟਰੈਵਲ ਏਜੰਟ ਕਮਲ ਗੋਇਲ, ਜਿਸ ਦਾ ਦਫ਼ਤਰ ਟਰੈਵਲ ਕਲੱਬ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਨੇੜੇ ਸਥਿਤ ਹੈ, ਨੇ ਉਸ ਦੀਆਂ ਬੇਟੀਆਂ ਦੇ ਨਾਂ ਦਰੁੱਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਉਸ ਕੋਲੋਂ 20,000 ਰੁਪਏ ਰਿਸ਼ਵਤ ਮੰਗੀ ਸੀ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਟਰੈਵਲ ਏਜੰਟ ਕਮਲ ਗੋਇਲ ਦੇ ਸਹਿਯੋਗੀ ਸੋਨੂੰ ਸ਼ਾਹ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜਦੋਂਕਿ ਏਜੰਟ ਕਮਲ ਗੋਇਲ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟਰੈਵਲ ਏਜੰਟ ਕਮਲ ਗੋਇਲ ਅਤੇ ਉਸਦੇ ਸਹਿਯੋਗੀ ਸੋਨੂੰ ਸ਼ਾਹ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7-ਏ ਤਹਿਤ ਥਾਣਾ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.), ਪੰਜਾਬ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਮਿਤੀ 28-08-2023 ਨੂੰ ਐਫ.ਆਈ.ਆਰ ਨੰ. 13 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Leave a Reply