ਚੰਡੀਗੜ੍ਹ (ਟਾਈਮਜ਼ ਬਿਓਰੋ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਲੇਹ ਵਿਖੇ ਵਾਪਰੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਹਾਦਸੇ ਵਿੱਚ ਪੰਜਾਬ ਦੇ ਦੋ ਜਵਾਨਾਂ ਸਮੇਤ ਨੌਂ ਜਵਾਨ ਸ਼ਹੀਦ ਹੋ ਗਏ।
ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੂਰਬੀਰ ਨਾਇਕਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫ਼ਰਜ਼ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਇਨ੍ਹਾਂ ਨੌਂ ਸ਼ਹੀਦਾਂ ਵਿੱਚ ਪੰਜਾਬ ਦੇ ਦੋ ਸਪੁੱਤਰ ਰਮੇਸ਼ ਲਾਲ (ਫ਼ਰੀਦਕੋਟ) ਅਤੇ ਤਰਨਦੀਪ ਸਿੰਘ ਬਸੀ ਪਠਾਣਾ ਵੀ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੇਸ਼ ਲਈ ਅਤੇ ਖ਼ਾਸ ਕਰਕੇ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਣ ਲਈ ਪੂਰੀ ਤਨਦੇਹੀ ਦਿਖਾਈ ਅਤੇ ਸੂਬੇ ਦੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਅਤੇ ਹੋਰ ਨੌਜਵਾਨਾਂ ਨੂੰ ਆਪਣੀ ਡਿਊਟੀ ਹੋਰ ਵੀ ਸਮਰਪਣ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ।
Leave a Reply