ਐਡਮੰਟਨ ( ਬਿਓਰੋ ਰਿਪੋਰਟ ) ਜਸਵੰਤ ਕੌਰ “ ਜੱਸ” ਨੇ 16 ਜੁਲਾਈ ਨੂੰ ਟੋਰਾਂਟੋ ਵਿੱਚ ਮਿਸਿਜ਼ ਕੈਨੇਡਾ ਪੈਜੇਂਟ ਵਿੱਚ ਐਡਮਿੰਟਨ ਦੀ ਨੁਮਾਇੰਦਗੀ ਕਰਦਿਆਂ “ਮਿਸਿਜ਼ ਅਲਬਰਟਾ ਤਾਜ ਜਿੱਤ “ਕੇ ਐਡਮੰਟਨ ਵਾਸੀਆਂ ਦਾ ਨਾਮ ਰੌਸ਼ਨ ਕੀਤਾ ਹੈ । “ਮਿਸਿਜ਼ ਅਲ਼ਬਰਟਾ ਤਾਜ “ ਜਿੱਤਣ ਤੋਂ ਬਾਅਦ ਟਾਈਮਜ਼ ਆਫ਼ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਜਸਵੰਤ ਜੱਸ ਨੇ ਕਿਹਾ ਕਿ ਸੁੰਦਰਤਾ ਮੁਕਾਬਲਾ ਉਨ੍ਹਾਂ ਔਰਤਾਂ ਲਈ ਪ੍ਰੇਰਨਾਦਾਇਕ ਹੈ ਜਿਨ੍ਹਾਂ ਦੇ ਮਨ ਵਿੱਚ ਇਸ ਨੂੰ ਸਫ਼ਲ ਕਰਨ ਤੇ ਭਾਗ ਲੈਣ ਦੀ ਪੂਰਨ ਇੱਛਾ ਹੁੰਦੀ ਹੈ । ਜਸਵੰਤ ਕੌਰ ਜੱਸ ਨੇ ਇਸ ਸੁੰਦਰਤਾ ਮੁਕਾਬਲੇ ਦੀ ਸਟੇਜ ਤੱਕ ਪਹੁੰਚਣ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਹ ਸਫ਼ਰ ਭਾਰਤ ਤੋਂ ਹੀ ਸ਼ੁਰੂ ਕੀਤਾ ਸੀ । ਜਸਵੰਤ ਜੱਸ ਇੱਕ ਛੋਟੇ ਜਿਹੇ ਕਸਬੇ ਭਾਦਸੋਂ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਆਪਣੇ ਵਿਆਹ ਤੋਂ ਬਾਅਦ 2016 ਵਿੱਚ ਕੈਨੇਡਾ ਆ ਗਈ ਸੀ ਅਤੇ ਹੁਣ ਉਹ ਰੱਬ ਦੀ ਬਖਸ਼ਿਸ਼ ਨਾਲ ਉਹ ਦੋ ਸੁੰਦਰ ਬੱਚਿਆਂ ਦੀ ਮਾਂ ਹੈ ਅਤੇ ਉਹ ਇੱਕ ਸੁਖਾਵੀਂ ਅਤੇ ਸੰਤੁਲਿਤ ਜ਼ਿੰਦਗੀ ਦਾ ਨਿੱਘ ਮਾਣ ਰਹੀ ਹੈ । ਪਰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵੀ ਉਸਦੇ ਸੁਪਨਿਆਂ ਦੀ ਰੋਸ਼ਨੀ ਕਦੇ ਮੱਧਮ ਨਹੀਂ ਹੋਈ ਕਿਉਂਕਿ ਉਸਨੇ ਆਪਣੇ ਆਪ ਨੂੰ ਇੱਕ ਪੇਸ਼ੇਵਰ ਫਿਜ਼ੀਓਥੈਰੇਪਿਸਟ ਹੋਣ ਦੇ ਨਾਲ-ਨਾਲ ਬਿਊਟੀਸ਼ੀਅਨ ਕੋਰਸਾਂ ਵਿੱਚ ਪਰਪੱਕ ਕੀਤਾ ਅਤੇ ਫਿਰ ਇੱਕ ਨਿੱਜੀ ਟ੍ਰੇਨਰ ਅਤੇ RMT ਵਜੋਂ ਆਪਣਾ ਕਿੱਤਾ ਸ਼ੁਰੂ ਕੀਤਾ । ਉਹ ਅਪਣੇ ਪਰਿਵਾਰ ਦੀ ਪਾਲਣਾ ਦੇ ਨਾਲ ਨਾਲ ਆਪਣੇ ਖੁਦ ਦੇ ਬਿਊਟੀ ਸੈਲੂਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਹੀ ਹੈ ।
ਜਸਵੰਤ ਕੌਰ ਜੱਸ ਵੱਲੋਂ ਮਿਸਿਜ਼ ਬਿਊਟੀ ਪੈਜੇਂਟ ਟੋਰਾਂਟੋ ਵਿੱਚ ਮਿਸਿਜ਼ ਅਲ਼ਬਰਟਾ ਖ਼ਿਤਾਬ ਜਿੱਤਣ ਤੇ ਜੱਸ ਨੂੰ ਐਡਮੰਟਨ ਵਿੱਚ ਉਸ ਨੂੰ ਭਾਈਚਾਰੇ ਵੱਲੋਂ ਚਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ । ਜਸਵੰਤ ਜੱਸ ਨੇ ਦੱਸਿਆ ਕਿ ਇਸ ਕਾਮਯਾਬੀ ਲਈ ਉਸ ਦੇ ਪਰਿਵਾਰ ਦਾ ਵੱਡਾ ਹੌਸਲਾ ਤੇ ਸੁਪੋਰਟ ਹੈ ਜਿਸ ਨਾਲ ਉਹ ਇਹ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਹੋਈ ਹੈ । ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ ਨੇ ਜਸਵੰਤ ਜੱਸ ਨੂੰ ਇਸ ਖ਼ਿਤਾਬ ਦੀ ਜਿੱਤ ਤੇ ਵਧਾਈ ਦਿੱਤੀ ਹੈ । ਇਸ ਖ਼ਿਤਾਬ ਨੂੰ ਜਿੱਤਣ ਲਈ ਸ਼੍ਰੀਮਤੀ ਐਨੀ ਮੰਜੂਰਨ ਡਾਇਰੈਕਟਰ ਮਿਸਿਜ਼ ਕੈਨੈਡਾ ਪੈਜੇਂਟ ਨੇ ਵੀ ਜਸਵੰਤ ਜੱਸ ਨੂੰ ਵਧਾਈ ਦਿੰਦਿਆਂ ਉਸਦੀ ਪ੍ਰਫਾਰਮੈਂਸ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਮਿਸਿਜ਼ ਕੈਨੇਡਾ ਦੁਨੀਆਂ ਦੀ ਸਭ ਤੋਂ ਪੁਰਾਣੀ ਪੇਜੈਂਟ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਅਜਿਹੇ ਵੱਡੇ ਕੌਨਟੈਸਟ ਕਰਵਾ ਰਹੀ ਹੈ ।
Leave a Reply