ਐਡਮੰਟਨ (ਟਾਈਮਜ਼ ਬਿਓਰੋ ) ਮੈਂਟਲ ਹੈਲਥ ਦਿਮਾਗੀ ਅੰਸੰਤੁਲਨ ਸਮਾਜ ਵਿੱਚ ਦਿਨੋ ਦਿਨ ਵੱਧ ਰਿਹਾ ਹੈ ਅਜਿਹੇ ਵਿਸ਼ਿਆਂ ਤੇ ਸਮੂਹਿਕ ਤੌਰ ਤੇ ਚਰਚਾ ਕਰਨ , ਹੱਲ ਲੱਭਣ ਤੇ ਆਪਸੀ ਵਿਚਾਰ ਵਟਾਂਦਰੇ ਨਾਲ ਇਲਾਜ ਢੂੰਡਣ ਲਈ ਮਸਾਲਾ ਵਾਕ ਰਿਚਾ ਵਸ਼ਿਸ਼ਟ , ਜਸਵੰਤ ਕੌਰ ਜੱਸ ਤੇ ਟਾਈਮਜ਼ ਆਫ਼ ਏਸ਼ੀਆ ਟੀਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਇਸ ਟੀਮ ਵੱਲੋਂ ਮਾਈਂਡ ਓਵਰ ਮੈਟਰ ਦੇ ਵਿਸ਼ੇ ਤੇ ਇੱਕ ਗੰਭੀਰ ਤੇ ਸੰਜੀਦਾ ਸੈਮੀਨਾਰ ਦਾ ਅਯੋਜਨ ਕੀਤਾ ਜਿਸ ਵਿੱਚ ਮੈਂਟਲ ਹੈਲਥ ਤੇ ਦਿਮਾਗੀ ਕਮਜ਼ੋਰੀਆਂ ਨੂੰ ਸਮਝਣ ਵਾਲੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ । ਮੁੱਖ ਬੁਲਾਰਿਆਂ ਵਿੱਚ ਵਿਸ਼ੇਸ਼ ਤੌਰ ਤੇ ਕੈਂਸਰ ਦੀ ਚੌਥੀ ਸਟੇਜ ਤੇ ਜਿੱਤ ਪ੍ਰਾਪਤ ਕਰਨ ਵਾਲੀ ਸਟਰੌਂਗ ਲੇਡੀ ਹਰਜੋਤ ਕੌਰ ਕੈਲਗਰੀ ਨੇ ਆਪਣੀ ਨਿੱਜੀ ਜ਼ਿੰਦਗੀ ਦੀ ਕੈਂਸਰ ਨਾਲ ਲੜੀ ਲੜਾਈ ਤੋਂ ਜਾਣੂੰ ਕਰਵਾਇਆ । ਹਰਜੋਤ ਨੇ ਦੱਸਿਆ ਕਿ ਜਦੋਂ ਤੁਹਾਡੇ ਸਾਹਮਣੇ ਜ਼ਿੰਦਗੀ ਖ਼ਤਮ ਹੋ ਰਹੀ ਹੋਵੇ ਤੇ ਉਦੋਂ ਤੁਸੀਂ ਜ਼ਿੰਦਗੀ ਜਿਉਣ ਦੀ ਚਾਹਤ ਪੈਦਾ ਕਰਦੇ ਹੋ ਤੇ ਫਿਰ ਸ਼ੁਰੂ ਹੁੰਦੀ ਹੈ ਜਿਊਣ ਦੀ ਜਦੋ ਜਹਿਦ । ਹਰਜੋਤ ਨੇ ਦੱਸਿਆ ਕਿ ਉਸ ਨੂੰ ਬਹੁਤ ਦੇਰ ਬਾਅਦ ਕੈਂਸਰ ਬਾਰੇ ਪਤਾ ਲੱਗਾ ਜਦੋਂ ਉਸਦੀ ਸਟੇਜ ਚੌਥੀ ਆ ਗਈ । ਇਸ ਦੇ ਕਾਰਨਾਂ ਤੇ ਗੱਲ ਕਰਦਿਆਂ ਹਰਜੋਤ ਨੇ ਕਿਹਾ ਕਿ ਅਸੀਂ ਬਹੁਤ ਵਾਰੀ ਆਪਣੀ ਬਿਮਾਰੀ , ਜਾਂ ਸਟਰੈਸ ਬਾਰੇ ਗੱਲ ਹੀ ਨਹੀਂ ਕਰ ਪਾਉਂਦੇ , ਦੂਜੇ ਵਿਅਕਤੀ ਨੂੰ ਦੱਸਦੇ ਹੀ ਨਹੀਂ ਅਤੇ ਕੇਵਲ ਮੇਰੇ ਨਾਲ ਹੀ ਨਹੀਂ ਸਗੋਂ ਇਹ ਸਮਾਜ ਦੇ ਵੱਡੇ ਹਿੱਸੇ ਵਿੱਚ ਹੋ ਰਿਹਾ ਹੈ ਤੇ ਬਿਮਾਰੀ ਦੀ ਸਟੇਜ ਵੱਧ ਜਾਂਦੀ ਹੈ। ਦੂਜੇ ਬੁਲਾਰੇ ਮਨੂ ਬਾਜਵਾ ਰਜਿਸਟਰਡ ਨਰਸ ਅਤੇ ਕਾਊਂਸਲਰ ਅਲਬਰਟਾ ਹੈਲਥ ਸਰਵਿਸਜ਼ ਨੇ ਅਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਡੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਅਸੀਂ ਆਪਣਾ ਆਪ ਤੇ ਆਪਣਾ ਪਰਿਵਾਰ ਭੁੱਲ ਬੈਠੇ ਹਾਂ , ਇੱਕ ਦੂਜੇ ਦੀ ਗੱਲ ਸੁਣਨੀ ਤੇ ਸੁਣਾਉਣੀ ਦਾ ਸੱਭਿਆਚਾਰ ਖਤਮ ਹੋ ਰਿਹਾ ਹੈ ਜੋ ਮੁੱਖ ਤੌਰ ਤੇ ਮੈਂਟਲ ਹੈਲਥ ਦਾ ਕਾਰਨ ਬਣ ਰਿਹਾ ਹੈ । ਮੈਂਟਲ ਸਟਰੈੱਸ ਕਾਰਨ ਹੀ ਘਰਾਂ ਵਿੱਚ ਡੋਮੈਸਟਿਕ ਵਾਇਲੈਂਸ ਵੱਧ ਰਹੀ ਇਹ ਦੋਵੇਂ ਹੀ ਇੱਕ ਦੂਜੇ ਦੇ ਪੂਰਕ ਹਨ । ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਮੈਡੋਜ਼ ਦੇ ਵਿਧਾਇਕ ਜਸਵੀਰ ਦਿਉਲ ਨੇ ਕਿਹਾ ਕਿ ਮੈੰਟਲ ਹੈਲਥ ਸਾਡੇ ਨਰੋਏ ਸਮਾਜ ਨੂੰ ਘੁਣ ਲੱਗਣ ਵਾਂਗ ਹੈ । ਮੈਂਟਲ ਸਟਰੈੱਸ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਇਸ ਦੀ ਸ਼ੁਰੂਆਤ ਘਰਾਂ ਤੋਂ ਹੋਵੇ ਪਰ ਸਮਾਜ ਤੇ ਸਰਕਾਰ ਇਸ ਵਿੱਚ ਬਰਾਬਰ ਯੋਗਦਾਨ ਪਾਉਣ ਤਾਂ ਜੋ ਸੱਭਿਅਕ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ । ਦਿਉਲ ਨੇ ਕਿਹਾ ਕਿ ਮੈਂਟਲ ਸਟਰੈੱਸ ਤੇ ਡੋਮੈਸਟਿਕ ਵਾਇਲੈਂਸ ਮਨੁੱਖੀ ਸਮਾਜ ਲਈ ਕੈਂਸਰ ਤੋਂ ਵੀ ਵਧੇਰੇ ਖਤਰਨਾਕ ਹਨ । ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਨਰੇ਼ਸ਼ ਭਾਰਦਵਾਜ ਨੇ ਇਸ ਮੌਕੇ ਕਿਹਾ ਕਿ ਅਲ਼ਬਰਟਾ ਵਿੱਚ ਅੱਠ ਮਿਲੀਅਨ ਤੋਂ ਵਧੇਰੇ ਲੋਕ ਅੱਜ ਦੀ ਤਾਰੀਖ਼ ਵਿੱਚ ਮੈਂਟਲ ਹੈਲਥ ਤੋਂ ਪਰੇਸ਼ਾਨ ਜਿਸ ਦੇ ਸਰਕਾਰੀ ਅੰਕੜੇ ਮਿਲਦੇ ਹਨ । ਕੈਨੇਡਾ ਵਰਗੇ ਵਿਕਸਿਤ ਦੇਸ਼ ਵਿੱਚ ਵੱਧ ਰਿਹਾ ਮੈਂਟਲ ਸਟਰੈੱਸ ਸਾਡੇ ਸਮਾਜਿਕ ਤਾਣੇ ਬਾਣੇ ਲਈ ਭਵਿੱਖ ਵਿੱਚ ਸਰਾਪ ਬਣ ਜਾਵੇਗਾ । ਭਾਰਦਵਾਜ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਸ ਟੀਮ ਵੱਲੋਂ ਸਮਾਜ ਦੇ ਉਸ ਵਿਸ਼ੇ ਨੂੰ ਚੁਣਿਆ ਹੈ ਜਿਸ ਤੇ ਆਮ ਲੋਕ ਗੱਲ ਕਰਨ ਲਈ ਤਿਆਰ ਹੀ ਨਹੀਂ ਹਨ । ਇਸ ਸੈਮੀਨਾਰ ਵਿੱਚ ਮਾਨਵ ਚੱਢਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਮੈਂਟਲ ਹੈਲਥ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਿ ਸ਼ੋਸ਼ਲ ਮੀਡੀਆ ਤੋਂ ਦੂਰ ਰਹਿਣ ਦਾ ਕੋਸ਼ਿਸ਼ ਕਰੋ । ਸੈਮੀਨਾਰ ਦੀ ਸਟੇਜ ਸੰਚਾਲਨ ਦੀ ਡਿਊਟੀ ਰਾਮਾ ਐਰੀ ਨੇ ਬਾਖੂਬੀ ਨਿਭਾਈ ਤੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ । ਸਮਾਜ ਸੇਵਿਕਾ ਪਰਮਵੀਰ ਕੌਰ ਬਰਾੜ ਨੇ ਵੀ ਇਸ ਮੌਕੇ ਮੈਂਟਲ ਹੈਲਥ ਤੇ ਆਪਣੇ ਵੱਡਮੁੱਲੇ ਵਿਚਾਰ ਰੱਖੇ ਤੇ ਨੈਮ ਕੁਲਾਰ ਨੇ ਕੈਨੇਡਾ ਵਿੱਚ ਆ ਕੇ ਕਿਵੇਂ ਸਟਰੈੱਸ ਤੇ ਕੰਟਰੋਲ ਕੀਤਾ ਤੇ ਕਿਵੇਂ ਇਸ ਵਿੱਚੋਂ ਉੱਭਰ ਕੇ ਜਿੱਤ ਹਾਸਿਲ ਕੀਤੀ । ਇਸ ਸੰਬੰਧੀ ਨੈਮ ਨੇ ਆਪਣੀ ਹੱਡਬੀਤੀ ਸੁਣਾਈ । ਇਸ ਸੈਮੀਨਾਰ ਵਿੱਚ ਐਡਮੰਟਨ ਸ਼ਹਿਰ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਰਵੀ ਪ੍ਰਕਾਸ਼ , ਖੁਸ਼ਬੂ ਸਿੰਘ , ਪਰਵਿੰਦਰਜੀਤ ਰੂਪ ਰਾਏ , ਵਿਕਾਸ ਕੇ ਕਵਾਤਰਾ , ਅਰਤੀ ਵਰਮਾ , ਵਿਸ਼ਾਲ ਸ਼ਰਮਾ , ਇੰਦਰਾ ਸਰੋਆ , ਸੁਨੀਲ ਫੂਲ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਸਨ । ਸੈਮੀਨਾਰ ਦੇ ਅੰਤ ਵਿੱਚ ਰਿਚਾ ਵਸ਼ਿਸ਼ਟ ਮਸਾਲਾ ਵਾਕ , ਜਸਵੰਤ ਕੌਰ ਜੱਸ ਤੇ ਟਾਈਮਜ਼ ਆਫ਼ ਏਸ਼ੀਆ ਦੇ ਐਡੀਟਰ ਇਨ ਚੀਫ਼ ਦੀਪਕ ਸੋਂਧੀ ਨੇ ਮੁੱਖ ਬੁਲਾਰਿਆਂ ਤੇ ਆਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੇ ਸਮਾਜਿਕ ਮੁੱਦਿਆਂ ਤੇ ਚਰਚਾ ਚੱਲਦੀ ਰਹੇਗੀ ।
Leave a Reply