ਐਸ.ਏ.ਐਸ.ਨਗਰ/ਚੰਡੀਗੜ
(ਟਾਈਮਜ਼ ਬਿਓਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵੈਲਨੈੱਸ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਉਭਾਰਨ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਸੂਬੇ ਵਿੱਚ ਅਰਧ-ਪਹਾੜੀ ਖੇਤਰ ਤੋਂ ਲੈ ਕੇ ਖੇਤੀਬਾੜੀ ਸੈਕਟਰ ਅਤੇ ਦਰਿਆਵਾਂ ਵਾਲੀ ਭੂਗੋਲਿਕ ਵੰਨ-ਸੁਵੰਨਤਾ ਅਤੇ ਸੈਰ-ਸਪਾਟੇ ਲਈ ਮੌਜੂਦ ਢੁਕਵੀਆਂ ਥਾਵਾਂ ਨਾਲ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ।
ਸੋਮਵਾਰ ਨੂੰ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਇਨਵੈਸਟ ਪੰਜਾਬ ਦੁਆਰਾ ਸਾਂਝੇ ਤੌਰ ‘ਤੇ ਕਰਵਾਏ ਗਏ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦੇ ਉਦਘਾਟਨੀ ਸਮਾਰੋਹ ਦੌਰਾਨ, “ਸੋਲਫੁੱਲ ਪੰਜਾਬ: ਡਿਸਕਵਰਿੰਗ ਇਨਰ ਹਾਰਮਨੀ ਥਰੂ ਵੈਲਨੈਸ ਟੂਰਿਜ਼ਮ” ਵਿਸ਼ੇ ‘ਤੇ ਪੈਨਲ ਚਰਚਾ ਕੀਤੀ ਗਈ ਅਤੇ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਸੂਬੇ ਦੇ ਇਨਵੈਸਟਮੈਂਟ ਈਕੋ ਸਿਸਟਮ ਨੂੰ ਬਿਹਤਰ ਬਣਾਉਣ ਲਈ ਠੋਸ ਯਤਨ ਕਰਨ ਵਾਸਤੇ ਪੰਜਾਬ ਦੀ ਸ਼ਲਾਘਾ ਕੀਤੀ। ਸੈਸ਼ਨ ਵਿੱਚ ਵਿੱਤ ਕਮਿਸ਼ਨਰ ਜੰਗਲਾਤ ਸ੍ਰੀ ਵਿਕਾਸ ਗਰਗ ਵੀ ਹਾਜ਼ਰ ਸਨ। ਕੇ.ਪੀ.ਐਮ.ਜੀ. ਦੇ ਐਸੋਸੀਏਟ ਡਾਇਰੈਕਟਰ ਕੁਲਦੀਪ ਸਿੰਘ, ਜੋ ਸੈਸ਼ਨ ਦਾ ਸੰਚਾਲਨ ਕਰ ਰਹੇ ਸਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਭਾਈਵਾਲਾਂ ਤੋਂ ਸੁਝਾਅ ਲੈਣ ਲਈ ਪਹਿਲਾਂ ਹੀ ਵੈਲਨੈਸ ਟੂਰਿਜ਼ਮ ਨੀਤੀ ਦਾ ਪਹਿਲਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਖਰੜਾ ਨੀਤੀ ਦੇ ਤਹਿਤ, ਸੂਬੇ ਨੇ ਊਰਜਾ ਨੂੰ ਸੁਰਜੀਤ ਕਰਨ, ਤੰਦਰੁਸਤ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਵਾਸਤੇ ਉੱਚ ਪੱਧਰੀ ਵੈਲਨੈੱਸ ਰਿਜ਼ੋਰਟ/ਕੇਂਦਰ ਖੋਲ੍ਹਣ ਦਾ ਪ੍ਰਸਤਾਵ ਕੀਤਾ ਹੈ, ਜਿੱਥੇ ਆਯੁਰਵੇਦ, ਨੈਚਰੋਪੈਥੀ, ਸਪਾ, ਯੋਗ, ਮੈਡੀਟੇਸ਼ਨ, ਸਕਿਨ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਹੋਰ ਵਧੇਰੇ ਸਹਾਈ ਹੋਣਗੇ।
ਸਤਾਯੂ ਆਯੁਰਵੇਦ ਬੈਂਗਲੁਰੂ ਦੇ ਐਮ.ਡੀ. ਡਾ. ਮ੍ਰਿਤੁਨਜੇ ਸਵਾਮੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਵੈਲਨੈਸ ਸੈਰ-ਸਪਾਟੇ ਦੀ ਭਰਪੂਰ ਸੰਭਾਵਨਾ ਹੈ ਕਿਉਂਕਿ ਪੰਜਾਬ ਰਾਜ ਵੱਲੋਂ ਆਯੁਰਵੈਦ ਦੀਆਂ ਦਵਾਈਆਂ ਲਈ ਲਗਭਗ 40 ਫੀਸਦੀ ਸਮੱਗਰੀ (ਕੱਚਾ ਮਾਲ) ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸਾਲ 2022 ਵਿੱਚ ਵੈਲਨੈਸ ਸੈਰ-ਸਪਾਟਾ ਉਦਯੋਗ 800 ਬਿਲੀਅਨ ਡਾਲਰ ਤੱਕ ਪਹੁੰਚਿਆ ਸੀ ਅਤੇ 2030 ਤੱਕ ਇਸ ਵਿੱਚ 12 ਫੀਸਦ ਦੀ ਦਰ ਨਾਲ ਵਾਧਾ ਹੋਣ ਦੀ ਆਸ ਹੈ। ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ, ਲੋਕ ਨਾ ਸਿਰਫ ਆਪਣੀ ਸਿਹਤ ਬਾਰੇ ਵਧੇਰੇ ਫ਼ਿਕਰਮੰਦ ਹੋਏ ਹਨ ਸਗੋਂ ਉਹ ਹੁਣ ਆਪਣੀ ਮਾਨਸਿਕ ਸਿਹਤ ਨੂੰ ਵੀ ਤਰਜੀਹ ਦੇਣ ਲੱਗੇ ਹਨ। ਬੈਂਗਲੁਰੂ ਸਥਿਤ ਪਨਾਚੇ ਵਰਲਡ ਦੇ ਬਾਨੀ-ਨਿਰਦੇਸ਼ਕ, ਲਵਲੀਨ ਮੁਲਤਾਨੀ ਅਰੁਣ ਨੇ ਕਿਹਾ ਕਿ ਅੱਜਕੱਲ੍ਹ, ਸਿਹਤਮੰਦ ਲੋਕ ਵੀ ਆਪਣੀ ਤੰਦਰੁਸਤੀ ਲਈ ਖਰਚ ਕਰਨ ਵਾਸਤੇ ਤਿਆਰ ਹਨ ਕਿਉਂਕਿ ਪਰਹੇਜ਼ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦਾ ਹੈ। ਡਿਜੀਟਲ ਐਜੂਕੇਸ਼ਨ ਪਲੈਟਫਾਰਮ – ਕਿਊਰਡਮੀ ਦੇ ਸੰਸਥਾਪਕ ਹੇਮ ਖੋਸਲਾ ਨੇ ਕਿਹਾ ਕਿ ਉਹ ਪੰਜਾਬ ਨੂੰ ਰੋਗ ਮੁਕਤ ਬਣਾਉਣ ਲਈ ਕਪੂਰਥਲਾ ਜ਼ਿਲ੍ਹੇ ਵਿੱਚ 50 ਏਕੜ ’ਚ ਇੱਕ ਇੰਸਟੀਚਿਊਟ ਸਥਾਪਤ ਕਰਨ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟਰੇਨਰ ਵੀ ਤਿਆਰ ਕੀਤੇ ਜਾਣਗੇ। ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲ ਆਫ ਇੰਡੀਅਨ ਓਰੀਜਨ (ਜੀ.ਓ.ਪੀ.ਆਈ.ਓ.), ਫਰਾਂਸ ਦੇ ਪ੍ਰਧਾਨ ਰਾਜਾ ਰਾਮ ਮੁੰਨੂਸਵਾਮੀ ਨੇ ਕਿਹਾ ਕਿ ਉਹ ਸੈਰ-ਸਪਾਟਾ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨਾਲ ਹੱਥ ਮਿਲਾਉਣਗੇ ਅਤੇ ਉਹ ਪੰਜਾਬ ਸੈਰ-ਸਪਾਟਾ ਵਿਭਾਗ ਨਾਲ ਇਕ ਐਮਓਯੂ (ਸਮਝੌਤਾ) ਸਮਝੌਤਾ ਸਹੀਬੱਧ ਕਰਨਗੇ। ਉਨ੍ਹਾਂ ਕਿਹਾ ਕਿ ਜੀ.ਓ.ਪੀ.ਆਈ.ਓ. ਇੰਟਰਨੈਸ਼ਨਲ ਪੰਜਾਬ ਦੇ ਸੈਰ ਸਪਾਟੇ ਅਤੇ ਇਸ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰੇਗਾ। ਨੂਮੇਨਾ ਕੰਸਲਟਿੰਗ ਸਰਵਿਸਿਜ਼ ਦੇ ਸੰਸਥਾਪਕ ਰੋਹਿਤ ਹਾਂਸ ਨੇ ਕਿਹਾ ਕਿ ਅੱਜ ਦੇ ਯਾਤਰੂ ਜਾਂ ਸੈਲਾਨੀ ਘੁੰਮਣ ਲਈ ਸਿਰਫ਼ ਆਰਾਮਦਾਇਕ ਤੇ ਖੂਬਸੂਰਤ ਥਾਵਾਂ ਹੀ ਨਹੀਂ ਤਲਾਸ਼ਦੇ ਸਗੋਂ ਉਹ ਤਸੱਲੀ ਅਤੇ ਸ਼ਾਂਤੀ ਭਰਪੂਰ ਅਨੁਭਵਾਂ ਦੀ ਇੱਛਾ ਰੱਖਦੇ ਹਨ , ਜੋ ਉਹਨਾਂ ਨੂੰ ਸਥਾਨਕ ਸੱਭਿਆਚਾਰ , ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਦੇ ਹੋਣ।
ਪੰਜਾਬ ਕੋਲ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੀ ਮਾਣਮੱਤੀ ਵਿਰਾਸਤ ਹੈ।
ਕੇਰਲ ਵਿੱਚ ਆਯੁਰਵੇਦ ਕੇਂਦਰ “ਪੇਰੁਮਬਾਇਲ ਆਯੁਰਵੇਦਮਨਾ” ਦੇ ਮੈਨੇਜਿੰਗ ਡਾਇਰੈਕਟਰ ਸਜੀਵ ਕੁਰੂਪ, ਅਤੇ ਸ਼੍ਰੀਮਤੀ ਵਿਨੀਤਾ ਰਸ਼ਿਨਕਰ ਜੋ ਇੱਕ ਲੇਖਕ, ਸਿਹਤ ਅਤੇ ਤੰਦਰੁਸਤੀ ਮਾਹਰ, ਬੁਲਾਰੇ, ਅਧਿਆਤਮਿਕ ਸਲਾਹਕਾਰ ਅਤੇ ਸੈਰ-ਸਪਾਟਾ ਅਤੇ ਤੰਦਰੁਸਤੀ ਮਾਹਿਰ ਹਨ, ਨੇ ਵੀ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਅਣ-ਤਲਾਸ਼ੀਆਂ ਅਤੇ ਰਾਜ ਵਿੱਚ ਵੈਲਨੈਸ ਸੈਰ-ਸਪਾਟੇ ਦੀਆਂ ਨਵੀਨਤਮ ਸੰਭਾਵਨਾਵਾਂ ਮੌਜੂਦ ਹਨ ।
Leave a Reply