ਐਡਮੰਟਨ (ਟਾਈਮਜ਼ ਬਿਓਰੋ) ਪੰਜਾਬੀ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦਾ ਨਾਂਅ ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਹਿਚਾਣ ਰੱਖਦਾ ਹੈ । ਨਿਰਮਲ ਸਿੱਧੂ ਅਜਿਹਾ ਪੰਜਾਬੀ ਗਾਇਕ ਹੈ ਜਿਸ ਦਾ ਸੰਗੀਤ ਨਾਲ ਬਹੁਤ ਗੂੜ੍ਹਾ ਰਿਸ਼ਤਾ ਰਿਹਾ ਹੈ । ਨਿਰਮਲ ਸਿੱਧੂ ਐਡਮੰਟਨ ਵਿੱਚ ਇੱਕ ਮੇਲੇ ਵਿੱਚ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਪਹੁੰਚੇ ਹੋਏ ਸਨ । ਨਿਰਮਲ ਸਿੱਧੂ ਦੀ ਪੰਜਾਬੀ ਗਾਇਕੀ ਪ੍ਰਤੀ ਕੀਤੀਆਂ ਸੇਵਾਵਾਂ ਲਈ ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ ਨੇ ਉਹਨਾਂ ਨੂੰ ਅਲਬਰਟਾ ਅਸੈਂਬਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ । ਇਸ ਮੌਕੇ ਵਿਧਾਇਕ ਜਸਵੀਰ ਦਿਉਲ ਨੇ ਟਾਈਮਜ਼ ਅਫ਼ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਰਮਲ ਸਿੱਧੂ ਅਜਿਹਾ ਪੰਜਾਬੀ ਗਾਇਕੀ ਤੇ ਸੰਗੀਤ ਦਾ ਸੁਮੇਲ ਹੈ ਜਿਸ ਨੇ ਪੰਜਾਬੀ ਬੋਲੀ ਤੇ ਪੰਜਾਬੀ ਸੰਗੀਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਹੈ । ਜ਼ਿਕਰਯੋਗ ਹੈ ਕਿ ਗਾਇਕੀ ਦੇ ਖੇਤਰ ਵਿੱਚ ਉਤਰਨ ਤੋਂ ਪਹਿਲਾਂ ਨਿਰਮਲ ਸਿੱਧੂ ਨੇ ਬਾਬਾ ਫ਼ਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਫਿਰ ਆਪਣੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਉਹ 1990 ਵਿੱਚ ਜਲੰਧਰ ਆ ਗਏ ਅਤੇ ਆਪਣੀ ਕਲ੍ਹਾ ਦੇ ਬੇਹਤਰੀਨ ਸ਼ਾਹਕਾਰ ਪੰਜਾਬੀ ਜਗਤ ਨੂੰ ਪੇਸ਼ ਕੀਤੇ । ਜਲੰਧਰ ਵਿੱਚ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੂੰ ਦੂਰਦਰਸ਼ਨ ਤੇ ਅਕਾਸ਼ਵਾਣੀ ਜਲੰਧਰ ਵਿੱਚ ਗਾਉਣ ਤੇ ਸੰਗੀਤ ਦਾ ਕੰਮ ਕਰਨ ਦਾ ਮੌਕਾ ਮਿਲਿਆ ।ਇੱਥੇ ਰਹਿੰਦੇ ਹੋਏ ਹੀ ਨਿਰਮਲ ਸਿੱਧੂ ਨੇ ਕੈਸੇਟ ‘ਕਦੇ ਕਦੇ ਖੇਡ ਲਿਆ ਕਰੀਂ’ ਕੱਢੀ ਇਸ ਕੈਸੇਟ ਨੇ ਨਿਰਮਲ ਸਿੱਧੂ ਨੂੰ ਪੰਜਾਬੀ ਗਾਇਕੀ ਦੇ ਸਿਖ਼ਰ ਤੇ ਪਹੁੰਚਾ ਦਿੱਤਾ । ਪੰਜਾਬੀ ਗਾਇਕੀ ਦੇ ਨਾਲ ਨਾਲ ਨਿਰਮਲ ਸਿੱਧੂ ਨੇ ਸੰਗੀਤ ਬਨਾਉਣਾ ਵੀ ਜਾਰੀ ਰੱਖਿਆ ਉਹਨਾਂ ਨੇ ਮਾਸਟਰ ਸਲੀਮ ਦੀ ਅਵਾਜ਼ ਵਿੱਚ ਕੈਸੇਟ ‘ਚਰਖੇ ਦੀ ਘੂਕ’ ਆਪਣੇ ਸੰਗੀਤ ਵਿੱਚ ਲਾਂਚ ਕੀਤੀ ਸੀ ਜਿਸ ਤੋਂ ਬਾਅਦ ਵਿੱਚ ਨਿਰਮਲ ਸਿੱਧੂ ਨੇ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਦਿਲਸ਼ਾਦ, ਮਨਪ੍ਰੀਤ ਅਖ਼ਤਰ, ਕੁਲਵਿੰਦਰ ਕੰਵਲ, ਮੰਗੀ ਮਾਹਲ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਗਾਇਕਾਂ ਦੀ ਅਵਾਜ਼ ਨੂੰ ਆਪਣਾ ਸੰਗੀਤ ਦਿੱਤਾ ਅਤੇ ਪੰਜਾਬੀ ਜਗਤ ਵਿੱਚ ਨਾਮਣਾ ਖੱਟਿਆ । ਵਿਧਾਇਕ ਜਸਵੀਰ ਦਿਉਲ ਵੱਲੋਂ ਅਲਬਰਟਾ ਅਸੈਂਬਲੀ ਸਨਮਾਨ ਮਿਲਣ ਤੇ ਨਿਰਮਲ ਸਿੱਧੂ ਵਧਾਈ ਪਾਤਰ ਹਨ ।
Leave a Reply