(ਟਾਈਮਜ਼ ਬਿਓਰੋ ਰਿਪੋਰਟ ) ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ’ਤੇ ਗ਼ੈਰ-ਸਿੱਖ ਪ੍ਰਸ਼ਾਸਕ ਨਿਯੁਕਤ ਕਰਨ ’ਤੇ ਹੋਏ ਭਾਰੀ ਵਿਰੋਧ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਦਿੱਤਾ ਹੈ। ਇਸਦੇ ਨਾਲ ਹੀ ਗ਼ੈਰ-ਸਿੱਖ ਪ੍ਰਸ਼ਾਸਕ ਲਾਉਣ ਦਾ ਮਾਮਲਾ ਵੀ ਸੁਲਝ ਗਿਆ ਹੈ। ਸਿੱਖਾਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸੇਵਾਮੁਕਤ ਆਈ. ਏ. ਐੱਸ. ਡਾ. ਵਿਜੈ ਸਤਬੀਰ ਸਿੰਘ ਨੂੰ ਨਵਾਂ ਪ੍ਰਸ਼ਾਸਕ ਬਣਾਇਆ ਹੈ। ਉਹ ਪਹਿਲਾਂ ਵੀ ਪ੍ਰਬੰਧਕੀ ਬੋਰਡ ਵਿਚ ਪ੍ਰਸ਼ਾਸਕ ਵਜੋਂ ਕੰਮ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਨਾਂਦੇੜ ਦੇ ਕੁਲੈਕਟਰ ਅਭਿਜੀਤ ਰਾਓਤ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਸੀ ਪਰ ਸਿੱਖਾਂ ਦੇ ਭਾਰੀ ਵਿਰੋਧ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਦਿੱਤਾ ਹੈ ।
ਇਸੇ ਸੰਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਵਿਚ ਇਕ ਡੈਪੂਟੇਸ਼ਨ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰਕੇ ਪ੍ਰਸ਼ਾਸ਼ਕ ਬਦਲਣ ਦੀ ਬੇਨਤੀ ਕੀਤੀ ਸੀ । ਮਹਾਂਰਾਸ਼ਟਰ ਸਰਕਾਰ ਨੇ ਕਮੇਟੀ ਦੀ ਬੇਨਤੀ ਤੇ ਆਪਣਾ ਫ਼ੈਸਲਾ ਬਦਲਿਆ ਹੈ ਅਤੇ ਨਵਾਂ ਪ੍ਰਸ਼ਾਸ਼ਕ ਨਿਯੁਕਤ ਕੀਤਾ ਹੈ । ਵਫਦ ਨਾਲ ਗਏ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਕ ਗ਼ੈਰ-ਸਿੱਖ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪ੍ਰਬੰਧਕ ਨਿਯੁਕਤ ਕਰਨ ’ਤੇ ਸਿੱਖ ਕੌਮ ਬਹੁਤ ਪ੍ਰੇਸ਼ਾਨ ਸੀ ਅਤੇ ਦੇਸ਼ ਭਰ ਵਿੱਚ ਗੈਰ ਸਿੱਖ ਪ੍ਰਸ਼ਾਸ਼ਕ ਦਾ ਵਿਰੋਧ ਹੋ ਰਿਹਾ ਸੀ ।
Leave a Reply