ਪਟਿਆਲਾ (ਟਾਈਮਜ਼ ਬਿਓਰੋ) ਰੱਖੜੀ ਦੇ ਸ਼ੁਭ ਮੌਕੇ ‘ਤੇ, ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੁੱਧਵਾਰ ਸਵੇਰੇ ਪਲ ਉਸ ਵੇਲੇ ਭਾਵੁਕ ਹੋ ਗਏ ਜਦੋਂ ਜੇਲ੍ਹ ਡਿਉਢੀ (ਪ੍ਰਸ਼ਾਸਕੀ ਬਲਾਕ) ਵਿਖੇ ਸੁਖਾਵੇਂ ਮਾਹੌਲ ਵਿੱਚ ਬੰਦੀਆਂ ਨੂੰ ਆਪਣੇ ਭੈਣਾਂ-ਭਰਾਵਾਂ ਨਾਲ ਦੇ ਮੇਲ-ਮਿਲਾਪ ਅਤੇ ਰੱਖੜੀ ਦਾ ਤਿਉਹਾਰ ਮਨਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਦੀ ਅਗਵਾਈ ਹੇਠ ਜੇਲ੍ਹ ਪ੍ਰਸ਼ਾਸਨ ਨੇ ਕੇਂਦਰੀ ਜੇਲ ਦੇ ਬੰਦੀਆਂ ਲਈ ਰੱਖੜੀ ਦੇ ਤਿਉਹਾਰ ਨੂੰ ਸਾਰਥਕ ਢੰਗ ਨਾਲ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਇਸ ਦੌਰਾਨ ਲਗਭਗ 240 ਬੰਦੀਆਂ ਨੇ ਇਸ ਤਿਉਹਾਰ ਨੂੰ ਮਨਾਇਆ।
ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਬੰਦੀਆਂ ਦੀ ਮਾਨਸਿਕਤਾ ਨੂੰ ਪ੍ਰਭਾਵਤ ਕਰਦੇ ਹੋਏ ਉਨ੍ਹਾਂ ਦੇ ਮੁੜ ਵਸੇਬੇ ਲਈ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਉਨ੍ਹਾਂ ਨੇ ਬੰਦੀਆਂ ਵਿੱਚ ਸਾਂਝ ਅਤੇ ਹਮਦਰਦੀ ਦੀ ਭਾਵਨਾ ਪੈਦਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਨੇ ਨਾ ਸਿਰਫ਼ ਕੈਦੀਆਂ ਨੂੰ ਆਪਣੇ ਭੈਣ-ਭਰਾਵਾਂ ਨਾਲ ਰੱਖੜੀ ਬੰਨ੍ਹਣ ਦੀ ਇਜਾਜ਼ਤ ਦਿੱਤੀ ਬਲਕਿ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਭੂਮਿਕਾ ਨਿਭਾਈ ਜਿਸ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ । ਉਨ੍ਹਾਂ ਕਿਹਾ ਕਿ ਇਹ ਬੇਮਿਸਾਲ ਯਤਨ ਕੇਂਦਰੀ ਜੇਲ੍ਹ ਪਟਿਆਲਾ ਵੱਲੋਂ ਨਾ ਸਿਰਫ਼ ਬੰਦੀਆਂ ਦੀ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਗਤੀਸ਼ੀਲ ਪਹੁੰਚ ਦੀ ਦਾ ਪ੍ਰਮਾਣ ਹੈ। ਰੱਖੜੀ ਬੰਨ੍ਹਣ ਦੀ ਇਜ਼ਾਜਤ ਦੇਣਾ ਬੰਦੀਆਂ ਦੇ ਸੁਧਾਰ ਲਈ ਇਕ ਪ੍ਰੇਰਣਾ ਵਜੋਂ ਕੰਮ ਕਰੇਗੀ ।
Leave a Reply