ਭਾਜਪਾ ਨੇ ਪੰਜਾਬ ਦੀ ਵਾਗਡੋਰ ਸੁਨੀਲ ਜਾਖੜ ਨੂੰ ਸੌਂਪੀ 2024 ਦੀਆਂ ਲੋਕਸਭਾ ਚੋਣਾਂ ਲਈ ਲਿਆ ਵੱਡਾ ਫੈਸਲਾ

ਐਡਮੰਟਨ ( ਸਤਪਾਲ ਅਸੀਮ )
ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦਾ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ ।ਪਾਰਟੀ ਨੇ ਬਹੁਤ ਵੱਡਾ ਭਰੋਸਾ ਜਤਾ ਕੇ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਂਡ ਦੇ ਦਿੱਤੀ ਜਿਹੜੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਉਹਨਾਂ ਹੁਣ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਥਾਂ ਲੈ ਲਈ ਹੈ । ਪਾਰਟੀ ਨੂੰ ਇੱਕਮੁੱਠ ਕਰਨ , ਨਵੀਂ ਭਰਤੀ ਕਰਨ ਅਤੇ ਸੀਨੀਅਰ ਉੱਚੇ ਕੱਦ ਵਾਲੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਨਾਲ ਸੈ ਕੇ ਚੱਲਣ ਜਿਹੀਆਂ ਚੁਣੌਤੀਆਂ ਭਰਪੂਰ ਹੈ ਭਾਜਪਾ ਦੀ ਪ੍ਰਧਾਨਗੀ ਦਾ ਇਹ ਤਾਜ ।
ਸੁਨੀਲ ਜਾਖੜ ਦੀ ਤਾਜਪੋ਼ਸ਼ੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਛੱਡ ਕੇ ਬੀ ਜੇ ਪੀ ਦੀ ਪੰਜਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਅਤੇ ਕੇਂਦਰ ਤੋਂ ਵਜ਼ੀਰਾਂ ਸਮੇਤ ਪਾਰਟੀ ਦੇ ਪੰਜਾਬ ਇੰਚਾਰਜ ਤੱਕ ਸੱਭ ਨੇ ਇਸ ਸਮਾਰੋਹ ਵਿੱਚ ਸੁਨੀਲ ਜਾਖੜ ਦਾ ਸਾਥ ਦੇਣ ਦਾ ਪ੍ਰਣ ਕੀਤਾ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਵਿੱਚ ਕਈ ਸੀਨੀਅਰ ਅਤੇ ਪੁਰਾਣੇ ਆਗੂਆਂ ਦੇ ਹੁੰਦੇ ਹੋਏ ਵੀ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਤੇ ਹੀ ਭਰੋਸਾ ਕਿਉਂ ਪ੍ਰਗਟ ਕੀਤਾ । ਹਾਈਕਮਾਨ ਨੂੰ ਸੁਨੀਲ ਜਾਖੜ ਵਿੱਚ ਅਜਿਹਾ ਕੀ ਵਿਖਾਈ ਦਿੱਤਾ, ਜੋ ਉਸਦੇ ਆਪਣੇ ਹੋਰ ਕਿਸੇ ਆਗੂ ਵਿੱਚ ਨਹੀਂ ਦਿਸਿਆ ।
ਦਰਅਸਲ, ਇਸ ਦੇ ਪਿਛੇ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਹਿੰਦੂ ਅਤੇ ਜੱਟ ਭਾਈਚਾਰਿਆਂ ਦਾ ਸਾਂਝਾ ਚਿਹਰਾ ਹਨ। ਦੋਵਾਂ ਭਾਈਚਾਰਿਆਂ ਵਿੱਚ ਜਾਖੜ ਦੀ ਚੰਗੀ ਪਕੜ ਹੈ। ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦੀ ਗਹਿਰੀ ਸਮਝ ਅਤੇ ਤਜਰਬਾ ਵੀ ਹੈ ਅਤੇ ਸੱਭ ਤੋਂ ਅਹਿਮ ਗੱਲ ਕਿ ਅਜੇ ਤੱਕ ਦੇ ਸਿਆਸੀ ਜੀਵਨ ਵਿੱਚ ਜਾਖੜ ਤੇ ਕੋਈ ਦੂਸ਼ਣ ਨਹੀਂ ਹੈ ਉਹ ਆਪਣੇ ਰਾਜਨੀਤੀ ਸਫ਼ਰ ਵਿੱਚ ਪਾਕ ਸਾਫ਼ ਹਨ ਤੇ ਕਿਸੇ ਕਿਸਮ ਦੇ ਇਲਜ਼ਾਮ ਜਾਂ ਜਾਂਚ ਦਾ ਸਾਹਮਣਾ ਨਗੀਂ ਕਰ ਰਹੇ । ਇਸ ਤੋਂ ਇਲਾਵਾ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਵੀ ਕਾਫੀ ਕਰੀਬੀ ਮੰਨੇ ਜਾਂਦੇ ਹਨ। ਇਸ ਤੋਂ ਅਗਲਾ ਇੱਕ ਪੁਆਇੰਟ ਹੈ ਕਿ ਉਹ ਹਿੰਦੂ ਹੋਣ ਦੇ ਬਾਵਜੂਦ ਸਿੱਖ ਵੋਟ ‘ਤੇ ਵੀ ਜ਼ਿਆਦਾ ਅਸਰਦਾਰ ਹਨ ।
ਜਾਖੜ ਪੰਜਾਬ ਦੇ ਹਿੰਦੂ ਨੇਤਾ ਹਨ। ਇਸ ਦੇ ਬਾਵਜੂਦ ਉਹ ਹਮੇਸ਼ਾ ਅਜਿਹੇ ਖੇਤਰਾਂ ਵਿੱਚ ਜਿੱਤਦੇ ਰਹੇ ਜਿੱਥੇ ਸਿੱਖ ਵੋਟ ਜ਼ਿਆਦਾ ਪ੍ਰਭਾਵਿਤ ਸੀ। ਹਿੰਦੂ ਨੇਤਾ ਹੋਣ ਦੇ ਬਾਵਜੂਦ ਉਹ ਸਿੱਖ ਵੋਟਰਾਂ ਵਿਚ ਹਰਮਨ ਪਿਆਰੇ ਰਹੇ ਹਨ । ਕਾਂਗਰਸ ਨੇ ਉਨ੍ਹਾਂ ਨੂੰ ਅਬੋਹਰ ਤੋਂ ਦੂਰ ਗੁਰਦਾਸਪੁਰ ਵਿੱਚ ਮੈਦਾਨ ਵਿੱਚ ਉਤਾਰਿਆ, ਉੱਥੇ ਵੀ ਉਹ ਜਿੱਤ ਗਏ। ਭਾਜਪਾ ਨੂੰ ਵੀ ਅਜਿਹੇ ਆਗੂ ਦੀ ਭਾਲ ਸੀ ਜੋ ਹਿੰਦੂ ਅਤੇ ਸਿੱਖ ਵੋਟਰਾਂ ਨੂੰ ਭਾਜਪਾ ਨਾਲ ਜੋੜ ਸਕੇ ਜੋ ਕਿ ਭਾਜਪਾ ਨੂੰ ਦੇਸ਼ ਦੇ ਹਰ ਹਿੱਸੇ ਵਿੱਚ ਲਾਹੇਵੰਦ ਹੈ ।
ਸੁਨੀਲ ਜਾਖੜ ਦੇ ਪਿਤਾ ਡਾਕਟਰ ਬਲਰਾਮ ਜਾਖੜ ਸੀਨੀਅਰ ਕਾਂਗਰਸੀ ਆਗੂ ਸਨ। ਉਹ 10 ਸਾਲ ਤੱਕ ਲੋਕ ਸਭਾ ਦੇ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। 2002-2017 ਤੱਕ ਜਾਖੜ ਅਬੋਹਰ ਵਿਧਾਨ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਉਹ 2012-2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। 2017 ਵਿੱਚ ਫਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਉੱਪ ਚੋਣ ਵਿੱਚ ਜਿੱਤ ਹਾਸਲ ਕੀਤੀ ਸੀ। ਸੁਨੀਲ ਜਾਖੜ 2017 ਤੋਂ 2021 ਤੱਕ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਰਹੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਸੰਭਾਵੀ ਮੁੱਖ ਮੰਤਰੀਆਂ ਦੀ ਲਿਸਟ ਚੋਂ ਨਾਂ ਬਾਹਰ ਹੋਣ ਦੇ ਬਾਅਦ ਤੋਂ ਹੀ ਜਾਖੜ ਕਾਂਗਰਸ ਹਾਈਕਮਾਨ ਤੋਂ ਨਰਾਜ ਚੱਲ ਰਹੇ ਸਨ। ਉਨ੍ਹਾਂ ਦੀ ਥਾਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਬੀਤੇ ਸਾਲ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫਲੇ ਨੂੰ ਰੋਕਣ ਤੋਂ ਬਾਅਦ ਜਾਖੜ ਨੇ ਆਪਣੀ ਹੀ ਸਰਕਾਰ ਦੀ ਆਲੋਚਨਾ ਕੀਤੀ ਸੀ।
ਪਾਰਟੀ ਵਿਰੋਧੀ ਬਿਆਨਬਾਜ਼ੀਆਂ ਕਰਕੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਤਾਂ ਉਹ ਕਾਫੀ ਨਰਾਜ਼ ਹੋ ਗਏ ਸਨ। ਉਨ੍ਹਾਂ ਨੇ ਇਸਨੂੰ ਆਪਣਾ ਅਪਮਾਨ ਕਰਾਰ ਦਿੱਤਾ ਸੀ।
26 ਅਪ੍ਰੈਲ ਨੂੰ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਜਾਖੜ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ। 14 ਮਈ, 2022 ਨੂੰ ਜਾਖੜ ਫੇਸਬੁੱਕ ਲਾਈਵ ਹੋਏ ਅਤੇ ਕਾਂਗਰਸ ਤੋਂ ਆਪਣਾ ਤਕਰੀਬਨ 50 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ।
ਉਹ ਪਿਛਲੇ ਸਾਲ ਮਈ ‘ਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪੰਜਾਬ ਵਿੱਚ ਅਸ਼ਵਨੀ ਸ਼ਰਮਾ ਦੀ ਥਾਂ ਪ੍ਰਧਾਨ ਬਣਾਇਆ ਗਿਆ ਹੈ।
ਸੁਨੀਲ ਜਾਖੜ ਨੂੰ ਪੰਜਾਬ ਦੇ ਇਮਾਨਦਾਰ , ਦਿਆਨਤਦਾਰ ਤੇ ਸੁਲਝੇ ਹੋਏ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਸੁਨੀਲ ਜਾਖੜ ਸੂਬੇ ਤੇ ਸੂਬੇ ਦੇ ਲੋਕਾਂ ਨੂੰ ਉਸ ਨਜ਼ਰ ਨਾਲ ਵੇਖਦੇ ਹਨ ਕਿ ਇਹ ਸੂਬਾ ਤੇ ਇਸਦੇ ਵਸਨੀਕ ਦੇਸ਼ ਦੁਨੀਆੰ ਵਿੱਚ ਤਰੱਕੀ ਕਰਨ ਤੇ ਆਪਣੀ ਕੌਮ ਤੇ ਦੇਸ਼ ਦਾ ਨਾਂ ਉੱਚਾ ਕਰਨ । ਸੁਨੀਲ ਜਾਖੜ ਦੇ ਪਿਛੋਕੜ ਤੇ ਝਾਤ ਮਾਰਦਿਆਂ ਭਲੀਭਾਂਤ ਅਹਿਸਾਸ ਹੋ ਜਾਂਦਾ ਹੈ ਕਿ ਉਹਨਾਂ ਦੇ ਸਿਆਸੀ ਜੀਵਨ ਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਚਾਹੇ ਉਹ ਕਿਸੇ ਵੀ ਸਰਕਾਰ ਵਿੱਚ ਰਹੇ ਜਾਂ ਬਾਹਰ ਰਹੇ । ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਇਸ ਲੀਡਰ ਤੋਂ ਪੰਜਾਬ ਵਾਸੀਆਂ ਤੇ ਕੇਂਦਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਕਾਫ਼ੀ ਉਮੀਦਾਂ ਤੇ ਆਸਾਂ ਹਨ ।

Be the first to comment

Leave a Reply

Your email address will not be published.


*