ਐਡਮੰਟਨ ( ਟਾਈਮਜ਼ ਬਿਓਰੋ )
ਭਗਵਾਨ ਸ੍ਰੀ ਜਗਨ ਨਾਥ ਰੱਥ ਯਾਤਰਾ ਦਾ ਆਯੋਜਨ 29 ਜੁਲਾਈ ਨੂੰ ਐਡਮੰਟਨ ਦੇ 9353 , 35 ਐਵੇਨਿਊ ਤੇ ਸਥਿਤ ਇਸਕੌਨ ਮੰਦਿਰ ਵੱਲੋਂ ਕੀਤਾ ਗਿਆ । ਇਸ ਵਿਸ਼ਾਲ ਤੇ ਪਵਿੱਤਰ ਰੱਥ ਯਾਤਰਾ ਫੁੱਲਾਂ ਨਾਲ ਸਜਾਈ ਅਦਭੁੱਤ ਪਾਲਕੀ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ , ਸੁਭੱਦਰਾ ਜੀ ਅਤੇ ਬਲਰਾਮ ਜੀ ਦੇ ਅਤੀ ਸੁੰਦਰ ਤੇ ਅਦਭੁੱਤ ਮਨਮੋਹਕ ਰੂਪ ਬਿਰਾਜਮਾਨ ਸਨ । ਯਾਤਰਾ ਵਿੱਚ ਪ੍ਰਭੂ ਕ੍ਰਿਸ਼ਨ ਜੀ ਦੇ ਪ੍ਰਸੰਗ ਵਿੱਚ ਗਾਏ ਜਾ ਰਹੇ ਭਜਨ ਤੇ ਕੀਰਤਨ ਨੇ ਸੰਗਤਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ । ਇਸ ਪਵਿੱਤਰ ਰੱਥ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ । ਇਸਕੌਨ ਮੰਦਿਰ ਵੱਲੋਂ ਮੰਦਿਰ ਕੰਪਲੈਕਸ ਵਿੱਚ ਫੂਡ ਸਟਾਲ , ਬੱਚਿਆਂ ਦੇ ਮਨੋਰੰਜਨ ਅਤੇ ਵੱਖ ਧਾਰਮਿਕ ਕਲਚਰਲ ਗਤੀਵਿਧੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਫ੍ਰੀ ਫੂਡ ਸਟਾਲ ਤੇ ਸੁਆਦਿਸ਼ਟ ਖਾਣੇ ਅਤੇ ਲੰਗਰ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿਆ । ਇਸ ਮੌਕੇ ਧਾਰਮਿਕ ਪੁਸਤਕਾਂ ਦਾ ਇੱਕ ਸਟਾਲ ਵੀ ਲਗਾਇਆ ਗਿਆ ਜਿਸ ਵਿੱਚ ਵੱਖ ਵੱਖ ਧਾਰਮਿਕ ਪੁਸਤਕਾਂ ਨੂੰ ਸ਼ਰਧਾਲੂਆਂ ਨੇ ਕਾਫ਼ੀ ਪਸੰਦ ਕੀਤਾ । ਇਸਕੌਨ ਮੰਦਿਰ ਪ੍ਰਬੰਧਕਾਂ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸਨਾਤਨ ਧਰਮ ਦੀ ਪ੍ਰਫੁੱਲਤਾ ਪ੍ਰਚਾਰ ਤੇ ਪ੍ਰਸਾਰ ਲਈ ਯੋਗਦਾਨ ਪਾਉਣ ਤੇ ਆਪਣੀ ਨਵੀਂ ਪੀੜ੍ਹੀ ਨੂੰ ਸਨਾਤਨ ਨਾਲ ਜੋੜਨ ਲਈ ਮੰਦਿਰ ਅਤੇ ਖਾਸ ਕਰਕੇ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵਧੇਰੇ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ । ਇਸ ਰੱਥ ਯਾਤਰਾ ਵਿੱਚ ਕਈ ਧਾਰਮਿਕ ਤੇ ਰਾਜਨੀਤਿਕਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਟਿਮ ਉੱਪਲ , ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਓਲ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਵੀ ਸ਼ਾਮਿਲ ਸਨ ।
Leave a Reply