ਮਨਜੀਤ ਸਿੰਘ ਜੀਕੇ ਨੇ SGPC ਪ੍ਰਧਾਨ ਜਾਗੀਰ ਕੌਰ ਦਾ ਮੰਗਿਆ ਅਸਤੀਫ਼ਾ, ਲਗਾਇਆ ਗੰਭੀਰ ਦੋਸ਼

ਨਵੀਂ ਦਿੱਲੀ : ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀ ਮੈਂਬਰਸ਼ਿਪ ਲਈ ਅਯੋਗ ਐਲਾਨੇ ਜਾਣ ਤੋਂ ਬਾਅਦ ਹੁਣ ਜੱਗ ਆਸਰਾ ਗੁਰੂੁ ਓਟ (ਜਾਗੋ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (ਐੱਸਜੀਪੀਸੀ) ’ਤੇ ਨਿਸ਼ਾਨਾ ਬੰਨਿ੍ਹਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਐੱਸਜੀਪੀਸੀ ਨੇ ਗ਼ਲਤ ਤਰੀਕੇ ਨਾਲ ਸਿਰਸਾ ਨੂੰ ਡੀਐੱਸਜੀਐੱਮਸੀ ’ਚ ਆਪਣਾ ਮੈਂਬਰ ਨਾਮਜ਼ਦ ਕੀਤਾ ਹੈ। ਇਸ ਲਈ ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਤੇ ਪੂਰੀ ਕਾਰਜਕਾਰਨੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਨਹੀਂ ਤਾਂ ਉਹ ਅਦਾਲਤ ਜਾਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 25 ਅਗਸਤ ਨੂੰ ਚੋਣ ਨਤੀਜੇ ਆਉਣ ਤੋਂ ਕੁਝ ਦੇਰ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰਸਾ ਨੂੰ ਡੀਐੱਸਜੀਐੱਮਸੀ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਇਸ਼ਾਰੇ ’ਤੇ ਐੱਸਜੀਪੀਸੀ ਵੱਲੋਂ ਆਪਣਾ ਮੈਂਬਰ ਨਾਮਜ਼ਦ ਕਰਨ ਦਾ ਪੱਤਰ ਵੀ ਜਾਰੀ ਹੋ ਗਿਆ। ਉਸ ਪੱਤਰ ’ਚ 23 ਅਗਸਤ ਨੂੰ ਹੋਈ ਐੱਸਜੀਪੀਸੀ ਦੀ ਬੈਠਕ ’ਚ ਇਸ ਸਬੰਧੀ ਮਤਾ ਪਾਸ ਕਰਨ ਦੀ ਗੱਲ ਕਹੀ ਗਈ ਹੈ, ਜਦਕਿ ਚੋਣ ਨਤੀਜਾ 25 ਅਗਸਤ ਨੂੰ ਆਇਆ ਹੈ। ਐੱਸਜੀਪੀਸੀ ਦੇ ਦੋ ਮੈਂਬਰਾਂ ਨੇ ਅਦਾਲਤ ’ਚ ਕਿਹਾ ਹੈ ਕਿ ਬੈਠਕ ’ਚ ਇਸ ਤਰ੍ਹਾਂ ਦਾ ਕੋਈ ਮਤਾ ਪਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਦੇ ਪ੍ਰਧਾਨ ਤੇ ਕਾਰਜਕਾਰਨੀ ਖ਼ਿਲਾਫ਼ ਅਦਾਲਤ ’ਚ ਧੋਖਾਧੜੀ ਦੀ ਸ਼ਿਕਾਇਤ ਕਰਨਗੇ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਦਸ ਹੋਰ ਮੈਂਬਰਾਂ ਦੇ ਖਿਲਾਫ਼ ਪੰਜਾਬੀ ਦਾ ਗਿਆਨ ਨਹੀਂ ਹੋਣ ਦੀ ਸ਼ਿਕਾਇਤ ਅਦਾਲਤ ’ਚ ਕੀਤੀ ਗਈ ਹੈ। ਉਨ੍ਹਾਂ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਡੀਐੱਸਜੀਐੱਮਸੀ ਦੇ ਚੁਣੇ ਹੋਏ ਸਾਰੇ 46 ਮੈਂਬਰਾਂ ਦਾ ਪੰਜਾਬੀ ਟੈਸਟ ਕਰਾਉਣ ਦੀ ਮੰਗ ਕੀਤੀ। ਡੀਐੱਸਜੀਐੱਮਸੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੇ ਨਿੱਜੀ ਅਦਾਲਤੀ ਮਾਮਲੇ ’ਚ ਗੁਰੂ ਦੇ ਗੋਲਕ ਦੇ ਪੈਸੇ ਖਰਚ ਕਰ ਕੇ ਵਕੀਲ ਰੱਖੇ ਜਾ ਰਹੇ ਹਨ। ਜਾਗੋ ਦੇ ਮੁੱਖ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਸਿਰਸਾ ਨੂੰ ਆਪਣੀ ਬੀਏ (ਪੰਜਾਬੀ ਆਨਰਸ) ਦੀ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ।

ਸਿਰਸਾ ਡਿਗਰੀ ਦਿਖਾ ਦੇਣ ਤਾਂ ਡੀਐੱਸਜੀਐੱਮਸੀ ਤੋਂ ਅਸਤੀਫ਼ਾ ਦੇ ਦੇਵਾਂਗਾ: ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਅਯੋਗ ਐਲਾਨੇ ਜਾਣ ਨਾਲ ਪੂਰੀ ਦੁਨੀਆ ’ਚ ਡੀਐੱਸਜੀਐੱਮਸੀ ਦੀ ਬਦਨਾਮੀ ਹੋ ਰਹੀ ਹੈ। ਇਹ ਸੰਦੇਸ਼ ਗਿਆ ਕਿ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦੇ ਮੁਖੀ ਨੂੰ ਪੰਜਾਬੀ ਦਾ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਸਾ ਨੂੰ ਨਾ ਤਾਂ ਪੰਜਾਬੀ ਤੇ ਨਾ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਰਸਾ ਬੀਏ (ਪੰਜਾਬੀ ਆਨਰਸ) ਦੀ ਡਿਗਰੀ ਦਿਖਾ ਦੇਣਗੇ ਤਾਂ ਉਹ ਉਨ੍ਹਾਂ ਖ਼ਿਲਾਫ਼ ਕੀਤੇ ਗਏ ਮੁਕੱਦਮੇ ਵਾਪਸ ਲੈਣ ਦੇ ਨਾਲ ਹੀ ਕਮੇਟੀ ਦੀ ਮੈਂਬਰਸ਼ਿਪ ਤੰ ਵੀ ਅਸਤੀਫ਼ਾ ਦੇ ਦੇਣਗੇ।

Be the first to comment

Leave a Reply

Your email address will not be published.


*