PM ਮੋਦੀ ਨੇ ਕਿਹਾ-ਭਾਰਤ ਛੱਡੋ ਅੰਦੋਲਨ ਵਾਂਗ ਹਰ ਦੇਸ਼ ਵਾਸੀ ਕਰੇ ‘ਭਾਰਤ ਜੋੜੋ ਅੰਦੋਲਨ’ ਦੀ ਅਗਵਾਈ

ਨਵੀਂ ਦਿੱਲੀ : ਦੇਸ਼ ਵਿਚ ਆਜ਼ਾਦੀ ਦੇ 75ਵੇਂ ਸਾਲ ਦਾ ਸਵਾਗਤ ਆਮ ਜਨਤਾ ਵੱਲੋਂ ਰਾਸ਼ਟਰਗਾਨ ਨਾਲ ਕੀਤਾ ਜਾਵੇਗਾ। ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਰਾਸ਼ਟਰਗਾਨ ਦਾ ਹਿੱਸਾ ਬਣਾਉਣ ਦੀ ਤਿਆਰੀ ਵਿਚ ਲਗ ਗਈ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਦੇ 79ਵੇਂ ਐਪੀਸੋਡ ਵਿਚ ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਵਧਣ ਲਈ ‘ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ’ ਦਾ ਮੰਤਰ ਦੇ ਕੇ ਲੋਕਾਂ ਨੂੰ ਇਕਜੁਟ ਹੋ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ 12 ਮਾਰਚ ਤੋਂ ਹੀ ਪੂਰੇ ਦੇਸ਼ ਵਿਚ ‘ਅੰਮ੍ਰਿਤ ਮਹਾਉਤਸਵ’ ਪ੍ਰੋਗਰਾਮ ਹੋ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਵਿਕਾਸ ਲਈ ਆਜ਼ਾਦੀ ਦੀ ਲੜਾਈ ਦੇ ਸਮੇਂ ਵਰਗੀ ਇਕਜੁਟਤਾ ਦੀ ਜ਼ਰੂਰਤ ’ਤੇ ਬਲ ਦਿੱਤਾ। ਉਨ੍ਹਾਂ ਦਾ ਸੰਦੇਸ਼ ਸਾਫ਼ ਹੈ ਕਿ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਸਾਨੂੰ ਆਪਣੇ ਛੋਟੇ-ਛੋਟੇ ਮਤਭੇਦਾਂ ਨੂੰ ਛੱਡਣਾ ਹੋਵੇਗਾ ਅਤੇ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ। ਦੇਸ਼ ਵਿਚ ਇਕਜੁਟਤਾ ਦੀ ਭਾਵਨਾ ਨੂੰ ਵਧਾਉਣ ਦੇ ਯਤਨਾਂ ਨੂੰ ਉਨ੍ਹਾਂ ਅੰਦੋਲਨ ਦੇ ਰੂਪ ਵਿਚ ਚਲਾਉਣ ਦੀ ਜ਼ਰੂਰਤ ਦੱਸੀ। ਉਨ੍ਹਾਂ ਕਿਹਾ ਕਿ ਜਿਵੇਂ ਬਾਪੂ ਦੀ ਅਗਵਾਈ ਵਿਚ ‘ਭਾਰਤ ਛੱਡੋ ਅੰਦੋਲਨ’ ਚੱਲਿਆ ਸੀ ਓਦਾਂ ਹੀ ਅੱਜ ਹਰ ਦੇਸ਼ ਵਾਸੀ ਨੂੰ ‘ਭਾਰਤ ਜੋੜੋ ਅੰਦੋਲਨ’ ਦੀ ਅਗਵਾਈ ਕਰਨੀ ਹੋਵੇਗੀ।

ਆਜ਼ਾਦੀ ਦੇ 75ਵੇਂ ਸਾਲ ਦਾ ਗਵਾਹ ਬਣਨ ਨੂੰ ਸੁਭਾਗ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਸਮੂਹਿਕ ਰਾਸ਼ਟਰਗਾਨ ਨਾਲ ਕੀਤੀ ਜਾਵੇਗੀ। ਇਸ ਦੇ ਲਈ ਸਭਿਆਚਾਰਕ ਮੰਤਰਾਲਾ ਰਾਸ਼ਟਰਗਾਨਡਾਟਇਨ ਨਾਂ ਨਾਲ ਇਕ ਵੈਬਸਾਈਟ ਤਿਆਰ ਕਰ ਰਿਹਾ ਹੈ। ਇਸ ਵੈਬਸਾਈਟ ਦੀ ਮਦਦ ਨਾਲ ਕੋਈ ਵੀ ਵਿਅਕਤੀ ਰਾਸ਼ਟਰਗਾਨ ਗਾਉਂਦੇ ਹੋਏ ਆਪਣਾ ਵੀਡੀਓ ਰਿਕਾਰਡ ਕਰ ਸਕਦਾ ਹੈ ਅਤੇ ਇਸ ਨੂੰ ਵੈੱਬਸਾਈਟ ’ਤੇ ਅਪਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਾਲ ਜੋੜਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਲੋਕ ਮਿਲ ਕੇ ਰਾਸ਼ਟਰਗਾਨ ਨੂੰ ਗਾਉਣ ਅਤੇ ਇਸ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਕਈ ਹੋਰ ਮੁਹਿੰਮਾਂ ਸ਼ੁਰੂ ਕੀਤੀਆਂ ਜਾਣਗੀਆਂ।

ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਵੱਲੋਂ ਸਰਕਾਰ ’ਤੇ ਹੋ ਰਹੇ ਹਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ‘ਅੰਮ੍ਰਿਤ ਮਹਾਉਤਸਵ’ ਪ੍ਰੋਗਰਾਮਾਂ ਨੂੰ ਸਰਕਾਰੀ ਆਯੋਜਨ ਦੇ ਰੂਪ ਵਿਚ ਦੇਖੇ ਜਾਣ ਦੇ ਪ੍ਰਤੀ ਵੀ ਚੌਕਸ ਕੀਤਾ। ਉਨ੍ਹਾਂ ਸਾਫ਼ ਕਿਹਾ ਕਿ ਇਹ ਕਿਸੇ ਸਰਕਾਰ, ਕਿਸੇ ਸਿਆਸੀ ਪਾਰਟੀ ਦਾ ਪ੍ਰੋਗਰਾਮ ਨਹੀਂ ਬਲਕਿ ਇਹ ਭਾਰਤ ਵਾਸੀਆਂ ਦਾ ਪ੍ਰੋਗਰਾਮ ਹੈ। ਹਰ ਆਜ਼ਾਦ ਅਤੇ ਅਹਿਸਾਨਮੰਦ ਭਾਰਤੀ ਦੀ ਆਪਣੇ ਆਜ਼ਾਦੀ ਸੰਗਰਾਮੀਆਂ ਨੂੰ ਸ਼ਰਧਾਂਜਲੀ ਹੈ ਅਤੇ ਇਸ ਮਹਾਉਤਸਵ ਦੀ ਮੂਲ ਭਾਵਨਾ ਦਾ ਵਿਸਥਾਰ ਬਹੁਤ ਵਿਸ਼ਾਲ ਹੈ। ਇਹ ਭਾਵਨਾ ਹੈ, ਆਪਣੇ ਆਜ਼ਾਦੀ ਸੰਗਰਾਮੀਆਂ ਦੇ ਮਾਰਗ ’ਤੇ ਚੱਲਣਾ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣਾ।

Be the first to comment

Leave a Reply

Your email address will not be published.


*