ਹੱਕ ਸੱਚ ਦੀ ਰਾਖੀ ਲਈ ਤੱਤੀ ਤਵੀ ‘ਤੇ ਬੈਠਣ ਵਾਲੇ

ਨਿਮਰਤਾ, ਸਿਦਕ ਅਤੇ ਉਪਕਾਰ ਦੀ ਮੂਰਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਲੁਧਿਆਣਾ,14 ਜੂਨ ( ਪ੍ਰਿਤਪਾਲ ਸਿੰਘ ਬੰਬ ) ਕਹਿੰਦੇ ਹਨ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਿਖ ਇਤਿਹਾਸ ਵਿਚ ਸ਼ਹੀਦੀਆਂ ਦੀ ਬੇਪਨਾਹ ਦੌਲਤ ਹੀ ਨਹੀਂ ਸਗੋਂ ਪੂਰਾ ਇਤਿਹਾਸ ਹੀ ਲਹੂ ਨਾਲ ਲਥ ਪਥ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਖ ਇਤਿਹਾਸ  ਵਿਚ ਇਕ ਇਨਕਲਾਬੀ ਮੋੜ ਹੈ ਜਿਸਤੋਂ ਬਾਦ ਸ਼ਹੀਦੀਆਂ ਦਾ ਇਕ ਨਵਾ ਦੋਰ ਸ਼ੁਰੂ ਹੋਇਆ। ਇਹ  ਉਹਨਾ ਸ਼ਹੀਦੀਆਂ ਦਾ ਮੁੱਢ ਹੈ ਜੋ 18 ਸਦੀ ਤੇ ਉਸਤੋਂ ਮਗਰੋਂ ਸਿਖਾ ਨੂੰ ਦੇਣੀਆਂ ਪਈਆਂ। ਜੂਨ ਦਾ ਮਹੀਨੇ ਹਰ ਸਿਖ ਦੇ ਦਿਲ ਤੇ ਅਕਿਹ ਤੇ ਅਸਿਹ ਜਖਮ ਛੋੜ ਕੇ ਚਲਾ ਜਾਂਦਾ ਹੈ। ਹਰ ਸਿਖ ਦੁਖ ਪੀੜ੍ਹਾ ਦੇ ਅਨੁਭਵ ਚੋਂ ਗੁਜਰਦਾ ਹੈ ਤੇ ਇਕ ਸਵਾਲ ਉਸਦੇ ਅੰਦਰ ਉਠਦਾ ਹੈ ਕਿ ਅਖ਼ਿਰ ਇਕ ਸਚੇ ਸੁਚੇ ਧਰਮੀ ਮਨੁਖ ਨੇ ਐਸਾ ਕੀ ਕਰ ਦਿਤਾ ਹੋਵੇਗਾ ਕੇ ਉਹਨਾ ਨੂੰ ਤਤੀ ਤਵੀ ਤੇ ਬਿਠਾਇਆ ਗਿਆ , ਉਬਲਦੀ ਦੇਗ ਵਿਚ ਉਬਾਲਿਆ, ਸੀਸ ਉਤੇ ਸੜਦੀ ਭੁਜਦੀ ਰੇਤੇ ਦੇ ਕੜਛੇ ਪਾਏ ਗਏ। ਕਈ ਦਿਨਾ ਤਕ ਭੁਖੇ ਤਿਹਾਏ ਰਖਿਆ ਗਿਆ ਤੇ ਅੰਤ ਵਿਚ ਛਾਲੇ ਛਾਲੇ ਹੋਏ ਸਰੀਰ ਨੂੰ ਰਾਵੀ ਵਿਚ ਰੋੜ ਦਿਤਾ ਗਿਆ।
ਮੁਗਲ ਹਕੂਮਤ ਤੇ ਇਤਿਹਾਸ ਵਲੋਂ ਦਸੇ ਗਏ ਕਾਰਣ ਕਦੇ ਵੀ ਇਸ ਹਦ ਤਕ ਜੁਲਮ ਕਰਨ ਦੇ ਜਿਮੇਵਾਰ ਨਹੀਂ ਹੋ ਸਕਦੇ1 ਇਤਿਹਾਸ ਨੂੰ ਵਗਾੜਨ ਦੀ ਖਾਤਿਰ ਕਿਸੇ ਨੇ ਇਲ੍ਜ਼ਾਮ ਚੰਦੂ ਤੇ ਲਗਾ ਦਿਤਾ ,ਕਿਸੇ ਨੇ ਪ੍ਰਿਥਿਏ ਤੇ ਕਿਸੇ ਨੇ ਖੁਸਰੋ ਦਾ ਸਾਥ ਦੇਣ ਤੇ ਲਗਾ ਜੁਰਮਾਨਾ ਨਾ ਦੇਣ ਤੇ  ਚੰਦੂ ਦੀ ਧੀ ਦਾ ਰਿਸ਼ਤਾ ਮੋੜਨਾ  ਤੇ ਹਿੰਦੁਸਤਾਨ ਦਾ ਬਾਦਸ਼ਾਹ ਉਹਨਾ ਨੂੰ ਇਸ ਕਦਰ ਸ਼ਹੀਦ ਕਰੇ ਗਲ ਮੰਨਣ ਵਾਲੀ  ਨਹੀਂ  ਹੈ । ਪ੍ਰਿਥਿਆ ਗੁਰੂ ਸਾਹਿਬ ਦੀ ਸ਼ਾਹਦਤ ਤੋ ਬਹੁਤ ਪਹਿਲੇ ਮਰ ਚੁਕਾ ਸੀ,  ਦੂਸਰਾ ਜੁਰਮਾਨਾ ਨਾ ਦੇ ਸਕਣਾ ਗਲ ਕੁਝ ਢੁਕਦੀ ਨਹੀਂ  ਇਹ ਉਸ ਵੇਲੇ ਦੀ ਗਲ ਹੈ ਜਦੋਂ ਲਖਾਂ ਕਰੋੜਾਂ ਦੀ ਗਿਣਤੀ ਵਿਚ ਗੁਰੂ ਸਾਹਿਬ ਦੇ ਸ਼ਰਧਾਲੂ ਆਪਣਾ ਦਸਵੰਧ ਗੁਰੂ ਕੀ ਗੋਲਕ ਵਿਚ ਪਾਉਂਦੇ ਸੀ  1ਇੰਜ ਲਗਦਾ ਹੈ  ਕੀ ਜਹਾਗੀਰ ਨੇ ਇਹ ਸਭ ਕੁਝ ਬਹੁਤ ਪਹਿਲੇ ਤੋਂ ਸੋਚ ਕੇ ਰਖਿਆ ਸੀ ਸਿਰਫ ਬਹਾਨੇ ਦੀ ਲੋੜ ਸੀ।
ਅਕਬਰ ਜਹਾਂਗੀਰ  ਨੂੰ ਤਖਤ ਦੇਣ ਦੇ  ਹਕ ਵਿਚ ਬਿਲਕੁਲ ਨਹੀਂ ਸੀ 1  ਉਹ ਤਖ਼ਤ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਜੋ ਅਕਲ ,ਸ਼ਕਲ ਤੇ ਆਚਰਣ ਸਭ  ਪਖੋਂ ਸੋਹਣਾ ਸੀ। ਪਰ  ਜਨੂੰਨੀ  ਮੁਸਲਮਾਨਾ, ਨਖਸ਼ਬੰਦੀਆਂ  ਤੇ ਕਾਜ਼ੀ ਮੌਲਾਣਿਆ ਦਾ ਦਬਾ  ਤੇ ਉਸਦੇ ਦੂਸਰੇ ਪੁਤਰ ਦੀ ਅਚਾਨਕ  ਮੋਤ ਹੋਣ ਕਰਕੇ ਉਸਨੇ ਆਪਣਾ ਫੈਸਲਾ ਬਦਲ ਲਿਆ  ਰਾਜਗਦੀ ਦੀ ਪਗੜੀ ਸਲੀਮ ,ਜਹਾਂਗੀਰ ਨੂੰ ਦੇਕੇ  ਇਸ ਦੁਨਿਆ ਤੋਂ ਸਦਾ ਲਈ ਕੂਚ ਕਰ ਗਿਆ ਜਹਾਂਗੀਰ ਨੇ  ਜਿਨ੍ਹਾਂ  ਦੀ ਮਦਤ ਨਾਲ  ਤਖਤ ਤੇ ਬੈਠਾ ਸੀ  ਉਨ੍ਹਾ ਨੂੰ ਖੁਸ਼ ਕਰਨ ਲਈ , ਆਪਣੇ ਆਪ ਨੂੰ ਇਸਲਾਮ ਦਾ ਰਾਖਾ ਸਾਬਤ ਕਰਨ ਲਈ ਤੇ ਗੁਰੂ ਸਾਹਿਬ ਦੀ ਵਧਦੀ ਤਾਕਤ ਜਿਸ ਨੂੰ ਉਹ ਹਮੇਸ਼ਾਂ ਤੋਂ ਇਸਲਾਮ ਲਈ ਖਤਰਾ ਸਮਝਦਾ ਸੀ ਨੂੰ ਖਤਮ ਕਰਨ ਦਾ ਇਕੋ ਇਕ ਰਾਹ ਢੂੰਢ ਲਿਆ ਬਾਹਰੋਂ ਸਭ ਨੂੰ ਇਹੀ ਦਸਿਆ ਗਿਆ ਕੀ ਗੁਰੂ ਸਾਹਿਬ ਨੇ ਖੁਸਰੋ ਨੂੰ ਬਗਾਵਤ ਲਈ ਉਕਸਾਇਆ ਹੈ  ਜਿਸ ਲਈ ਗੁਰੂ ਸਾਹਿਬ ਤੇ ਲਗਾਇਆ ਜੁਰਮਾਨਾ  ਜੋ ਉਨ੍ਹਾ  ਨੇ ਦੇਣ ਤੋ ਇਨਕਾਰ ਕਰ ਦਿਤਾ, ਮਤਲਬ ਹਕੂਮਤ ਦੇ ਖਿਲਾਫ਼ ਬਗਾਵਤ।
ਜਦੋਂ ਗੁਰੂ ਅਰਜਨ ਦੇਵ ਜੀ  ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਅੰਦੇਸ਼ਾ ਹੋ ਚੁਕਾ ਸੀ “ਕਿ ਸਾਡਾ ਸੀਸ ਲਗੇਗਾ, ਇਹ ਨਿਸਚਾ ਆਇਆ”। ਜਹਾਗੀਰ ਦੀ ਕੁਟਲ ਨੀਤੀ ਨੂੰ ਉਹ ਸਮਝ ਚੁਕੇ ਸੀ ਪਰ ਮੀਰੀ ਨੂੰ ਪੀਰੀ ਨਾਲ ਜੋੜਨ ਤੋਂ ਪਹਿਲਾ ਸਮੇਂ ਦੀ ਹਕੂਮਤ ਨੂੰ ਸ਼ਾਂਤਮਈ ਢੰਗ ਦਾ ਰਾਹ ਵਿਖਾਣ ਦਾ ਯਤਨ ਸੀ। ਜੋ ਉਨ੍ਹਾਂ ਨੂੰ ਰਾਸ ਨਹੀਂ ਆਇਆ 1 ਸ਼ਹੀਦੀ ਤੋਂ ਪਹਿਲਾਂ  ਜਦੋਂ ਗੁਰੂ ਸਾਹਿਬ ਤੋਂ ਪੁਛਿਆ ਗਿਆ ‘‘ਤੁਸੀਂ ਆਪਣੀ ਹਸਤੀ ਮਿਟਾਣ ਤੇ ਕਿਉਂ ਤੁਲੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ, ‘‘ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ। ਅਹਿਲਕਾਰਾਂ ਨੇ ਕਿਹਾ ਕਿ ‘‘ਜੇ ਅਸੀ ਤੁਹਾਡੀ ਆਵਾਜ਼ ਹੀ ਬੰਦ ਕਰ ਦੇਈਏ ਤਾਂ ਕੀ ਕਰੋਗੇ ਤਾਂ ਉਨ੍ਹਾਂ ਦਾ ਜਵਾਬ ਸੀ1

ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਬਦਲਤੇ ਵਕਤ ਕਿ ਰਫ਼ਤਾਰ ਕੌਨ ਰੋਕੇਗਾ

ਆਪਕੀ ਆਨ ਕਾ ਫੈਸਲਾ ਬੁਲੰਦ ਹੀ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ

ਮੇਰੇ ਖਿਆਲੋ ਕੀ ਪਰਵੇਜ਼ ਰੋਕਨੇ ਵਾਲੋ, ਹਰ ਗੋਬਿੰਦ ਦੀ ਤਲਵਾਰ ਕੌਨ ਰੋਕੇਗਾ

ਬੇਸ਼ਕ ਪੀਰ ਹੁੰਦਿਆਂ ਮੀਰ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਰਖੀ । ਭਾਰਤੀ ਮਜਲੂਮਾਂ ਤੇ ਪਈ ਮਾਰ ਨੂੰ ਵੇਖ ਕੇ ਜਿਸ ਨਿਡਰਤਾ, ਹਮਦਰਦੀ ਤੇ ਰਾਜਸੀ ਚੇਤਨਾ ਨਾਲ ਰਬ ਨੂੰ ਤਰਸ ਕਰਨ ਲਈ ਅਪੀਲ ਕੀਤੀ, ਬਾਬਰ ਨੂੰ ਜਾਬਰ ਤੇ ਅਹਿਲਕਾਰਾਂ ਨੂੰ ਕੁੱਤੇ ਕਿਹਾ, ਇਹ ਇਕ ਵਡੇਰੀ ਜੁਰਤ ਤੇ ਬਗਾਵਤ ਸੀ। ਪਰ ਇਹ ਵੀ ਇਤਿਹਾਸਕ ਸਚ ਹੈ ਕਿ ਸਿੱਖ ਧਰਮ ਵਿਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ ਗੁਰੂ ਹਰ ਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ।

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿ ਗੋਬਿੰਦ ਸਵਾਰੀ॥

ਗੁਰੂ ਅਰਜਨ ਦੇਵ ਜੀ ਦੇ ਸੰਕੇਤਕ ਆਦੇਸ਼ ਅਨੁਸਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਕੇ ਗੁਰੂ ਹਰ ਗੋਬਿੰਦ ਸਾਹਿਬ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਬਾਹਰਾਂ ਫੁਟ ਉੱਚਾ ਅਕਾਲ ਤਖਤ, ਜਦ ਕੀ ਮੁਗਲ ਹਕੂਮਤ ਵਿਚ 11 ਫੁਟ ਉਚਾ ਥੜਾ ਬਣਾਉਣ ਦੀ ਸਜਾ-ਏ- ਮੋਤ ਮੁਕਰਰ  ਸੀ ,ਠੀਕ ਹਰਿਮੰਦਰ ਸਾਹਿਬ ਸਾਹਮਣੇ ਬਣਵਾਇਆ ਤਾਂ ਕਿ ਹਰਿਮੰਦਰ ਸਾਹਿਬ ਵਿਚ ਬੈਠਕੇ ਸਿਖ ਆਪਣਾ ਇਨਸਾਨੀ ਫਰਜ਼ ਨਾ ਭੁਲੇ ਤੇ ਤਖਤ ਤੇ ਬੈਠਾ ਧਰਮ ਨਾ ਭੁਲੇ।  ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ , ਭਗਤੀ ਦਾ ਨਿਸ਼ਾਨ ਉਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ।

ਬਾਦਸ਼ਾਹਾ ਵਾਂਗ ਕਲਗੀ ਲਗਾਈ, ਤਖਤ ਤੇ ਬੈਠ ਕੇ ਲੋਕਾਂ ਦੇ ਸ਼ੰਕੇਂ, ਸ਼ਿਕਾਇਤਾ ਤੇ ਝਗੜਿਆਂ ਦਾ ਨਿਪਟਾਰਾ ਕੀਤਾ, ਫੌਜਾਂ ਰੱਖੀਆਂ, ਨਗਾਰੇ ਵਜਾਏ ਤੇ ਜੰਗਾਂ ਵੀ ਲੜੀਆਂ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਯਕੀਨਨ ਗੁਰੂ ਹਰ ਗੋਬਿੰਦ ਸਾਹਿਬ ਦਲ ਭੰਜਨ, ਗੁਰ ਸੂਰਮਾ, ਵੱਡਾ ਜੋਧਾ ਪਰ ਉਪਕਾਰੀ ਸਾਬਤ ਹੋਏ। ਕਦੀ ਹਸਤੀ ਦੀ ਸੁਰੱਖਿਆ ਲਈ, ਕਦੀ ਬਾਜ ਤੇ ਤਾਜ ਲਈ, ਕਦੀ ਅਣਖ ਤੇ ਅਜਾਦੀ ਲਈ ਕੀਤੇ ਜੰਗ ਮੁਗਲ ਹਕੂਮਤ ਲਈ ਵੰਗਾਰ ਤੇ ਵਿਦਰੋਹ ਬਣੇ 1 ।

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ  ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਗੁਰੂ ਰਾਮ ਦਾਸ ਤੇ ਮਾਤਾ ਭਾਨੀ ਦੇ ਘਰ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦੇ ਦੋ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਸਨ।  ਆਪਜੀ ਦੇ  ਬਚਪਨ ਦੇ ਸਾਢ਼ੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਅਤੇ ਦੇਖ ਰੇਖ ਵਿਚ  ਗੋਇੰਦਵਾਲ ਸਾਹਿਬ ਬੀਤੇ । ਬਚਪਨ ਤੇ ਹੀ ਉਨ੍ਹਾਂ ਦੀ ਵਡੇਰੀ ਸੋਚ, ਸੇਵਾ, ਸਿਮਰਨ ਤੇ ਬਾਣੀ ਨਾਲ ਅਸੀਮ ਪਿਆਰ ਦੇਖ ਕੇ ਗੁਰੂ ਅਮਰਦਾਸ ਉਨ੍ਹਾਂ ਨੂੰ ਅਕਸਰ ਵੱਡਾ ਪੁਰਖ, ਦੋਹਿਤਾ ਬਾਣੀ ਦਾ ਬੋਹਿਥਾ ਕਿਹਾ ਕਰਦੇ ਸੀ । ਭੱਟ ਭ੍ਲ ਸਹਾਰ ਨੇ ਗੁਰੂ ਸਾਹਿਬ ਬਾਰੇ ਲਿਖਿਆ ਹੈ ,”

ਤੈ ਜਨਮਤ ਗੁਰਮਤ ਬ੍ਰਹਮ ਪਛਾਣਿਉ  11

ਮੁਢਲੀ ਵਿੱਦਿਆ ਦੇਵਨਾਗਰੀ ਤੇ ਗਣਿਤ ਪਿੰਡ ਦੇ ਪਾਂਧੇ ਤੋਂ ਤੇ  ਮੇਹਰੀ ਜੀ ਤੋਂ ਸਿਖੀ 1  ਫਾਰਸੀ ਪਿੰਡ ਦੇ ਮਦਰਸੇ ਤੋਂ ਤੇ ਪੰਜਾਬੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਆਪ ਸਿਖਾਈ। ਰਾਗ ਵਿਦਿਆ, ਸ਼ਸਤਰ ਵਿਦਿਆ, ਨੇਜਾਬਾਜ਼ੀ ਤੇ ਘੋੜ ਸਵਾਰੀ ਵਿਚ ਵੀ ਨਿਪੁਨਤਾ ਹਾਸਲ ਕੀਤੀ। ਸਿਰੰਦਾ ਉਹ ਬਹੁਤ ਹੀ ਸੁੰਦਰ ਵਜਾਉਂਦੇ ਸੀ। ਰਾਗ ਵਿਦਿਆ ਵਿਚ ਉਹ ਕਿਤਨੇ ਮਾਹਿਰ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਰਾਗਾਂ ਦੇ ਵਖ ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ। ਵੇਦ , ਕਤੇਬ, ਕੁਰਾਨ ਦਾ ਸਾਰ ਕੁਝ ਤੁਕਾਂ ਵਿਚ ਦੇ ਜਾਣਾ, ਉਹਨਾਂ ਦਾ ਹਰ ਧਰਮ ਦਾ ਗਿਆਨ ਦਸਦਾ ਹੈ। ਵੱਖ ਵੱਖ ਬੋਲੀਆਂ ਨੂੰ ਮੁਹਾਰਿਆਂ ਵਿਚ ਵਰਤਣਾਂ, ਵੱਖ ਵੱਖ ਭਾਸਾਵਾਂ ਦੀ ਮੁਹਾਰਤ ਦਾ ਜੀਂਦਾ ਜਾਗਦਾ ਸਬੂਤ ਹੈ।

ਉਸਾਰੀ ਕਲਾ, ਸ਼ਿਲਪ ਕਲਾ ਦੀ ਨਿਪੁਨਤਾ ਉਨ੍ਹਾਂ ਦਾ ਹਰੀਮੰਦਰ ਸਾਹਿਬ ਦੀ ਸਥਾਪਨਾਂ, ਤਰਨਤਾਰਨ, ਲਾਹੌਰ, ਡਬੀ ਬਜਾਰ, ਬਉਲੀ ਸਾਹਿਬ, ਦੀਵਾਨ ਖਾਨਾ , ਕਰਤਾਰ ਪੁਰ, ਅੰਮ੍ਰਿਤਸਰ, ਖਾਸ ਕਰਕੇ ਸ਼ੀਸ਼ ਮਹਲ ਤੇ ਲਗਾਏ ਬਾਗ ਤੇ ਹੋਰ ਕਈ ਉਦਾਰਣਾਂ ਹਨ। ਛੋਟੀ ਉਮਰ ਆਪਜੀ ਦਾ ਬਹੁਤਾ ਸਮਾਂ ਗੁਰੂ ਅਮਰਦਾਸ, ਬਾਬਾ ਬੁੱਢਾ ਜੀ , ਬਾਬਾ ਮੋਹਰੀ ਤੇ ਆਪਣੇ ਸਹਿਪਾਠੀ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿਚ ਗੁਜਰਿਆ ਸੀ,  ਇਸ ਲਈ ਆਪ ਸ਼ਬਦ ਕੀਰਤਨ ਦੁਨਿਆਵੀ ਤੇ ਅਧਿਆਤਮਕ ਗਿਆਨ ਵਿਚ ਵੀ ਪ੍ਰਬੀਨ ਸੀ। ਆਪ ਇਕ ਉੱਚ ਕੋਟੀ ਦੇ ਵਿਦਵਾਨ , ਸਹਿਤਕਾਰ, ਇੱਕ ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜਸਵੀ ਆਗੂ, ਬਹੁਮੁਖੀ ਸਕਸੀਅਤ ਦੇ ਮਾਲਕ, ਮਹਾ-ਪਰਉਪਕਾਰੀ, ਕੌਮੀ ਉਸਰਈਏ ਤੇ ਮਹਾਨ ਕਲਾਕਾਰ ਸਨ। ਉਹ ਇਕ ਮਹਾਨ ਫਿਲਾਸਫਰ ਵੀ ਸਨ ਜਿਨ੍ਹਾਂ ਨੇ ਆਪਣੀ ਸੋਚ, ਆਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਰਖ ਦਿੱਤਾ। ਉਹ ਆਮ ਲੋਕਾਂ ਦੇ ਹਾਣੀ ਜਿਨ੍ਹਾਂ ਦੀ ਉਨਤੀ ਹੀ ਉਹਨਾਂ ਦਾ ਜੀਵਨ ਮਨੋਰਥ ਸੀ। ਉਹਨਾਂ ਨੇ ਲੋਕਾਂ ਨੂੰ ਸਿਰਫ ਧਾਰਮਿਕ ਸਿਖਿਆ ਤੇ ਅਧਿਆਤਮਕ ਗਿਆਨ ਹੀ ਨਹੀਂ ਬਖਸਿਆ, ਕੇਵਲ ਆਚਾਰ ਤੇ ਸਦਾਚਾਰ ਦੇ ਉਪਦੇਸ਼ ਹੀ ਨਹੀਂ ਦਿੱਤੇ ਸਗੋਂ ਉਹਨਾਂ ਦੇ ਅੰਗ ਸੰਗ ਰਹਿੰਦਿਆਂ ਉਹਨਾਂ ਦੇ ਦੁੱਖ, ਸੁੱਖ ਨਾਲ ਸਾਂਝ ਪਾਈ ਹੈ। ਲੋਕਾਂ ਦੀਆਂ ਲੋੜਾ, ਖਾਹਿਸ਼ਾ ਨੂੰ ਦਿਲੋਂ ਮਹਿਸੂਸ ਕੀਤਾ, ਤੇ ਪੂਰਾ ਕਰਨ ਦੇ ਸੰਭਵ ਯਤਨ ਵੀ ਕੀਤੇ, ਲੋੜ ਪਈ ਤਾਂ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ।

ਛੋਟੀ ਉਮਰ ਤੋਂ ਹੀ ਆਪ ਗੁਰੂ ਰਾਮਦਾਸ ਜੀ ਨਾਲ ਸੇਵਾ ਤੇ ਉਸਾਰੀ ਦੇ ਕੰਮਾਂ ਵਿਚ ਮਦਦ ਕਰਨ ਲਈ ਜਾਂਦੇ ਤੇ ਬਹੁਤ ਸਾਰੇ ਕੰਮ, ਜੋ ਗੁਰ ਰਾਮਦਾਸ ਜੀ ਨੇ ਸ਼ੁਰੂ ਕੀਤੇ ਸੀ, ਖਤਮ ਆਪਜੀ ਨੇ ਕੀਤੇ। ਸਤੰਬਰ 1574 ਵਿਚ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਦੇਕੇ ਹੁਕਮ ਕੀਤਾ ਕਿ ਸ਼ਹਿਰ ਅੰਮ੍ਰਿਤਸਰ ਵਿਚ ਸਿੱਖੀ ਪ੍ਰਚਾਰ ਅਰੰਭਿਆ ਜਾਏ। ਸੋ ਗੁਰੂ ਰਾਮਦਾਸ ਜੀ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਪ੍ਰਿਥੀਚੰਦ ਤੇ ਮਹਾਦੇਵ, ਗੋਵਿੰਦਵਾਲ ਤੋਂ ਅੰਮ੍ਰਿਤਸਰ ਵਸ ਗਏ ਜਿਸਦਾ ਪਹਿਲਾ ਨਾਮ ਗੁਰੂ ਕਾ ਚਕ, ਫਿਰ ਰਾਮਦਾਸ ਪੁਰਾ ਤੇ ਬਾਅਦ ਵਿਚ ਅੰਮ੍ਰਿਤਸਰ ਮਸਹੂਰ ਹੋ ਗਿਆ।

1574-1581 ਤਕਰੀਬਨ ਪੰਜ ਸਾਲ ਆਪ ਆਪਣੇ ਪਿਤਾ ਗੁਰੂ ਰਾਮ ਦਾਸ ਕੋਲ ਰਹੇ। ਬੜੇ ਪਿਆਰ ਤੇ ਰੀਝ ਨਾਲ ਗੁਰੂ ਸਾਹਿਬ ਦੇ ਉਸਾਰੀ ਦੇ ਕੰਮਾਂ ਵਿਚ ਹਥ ਵਟਾਊਂਦੇ। 1577 ਵਿਚ ਅੰਮ੍ਰਿਤਸਰ ਸਰੋਵਰ ਦਾ ਟਕ ਲਗ ਚੁਕਾ ਸੀ। ਸੰਗਤਾਂ ਨੂੰ ਹੁਕਮਨਾਮੇ ਭੇਜੇ ਜਾ ਚੁਕੇ ਸੀ। ਭਾਰੀ ਗਿਣਤੀ ਵਿਚ ਸੰਗਤਾਂ ਬੜੇ ਚਾਅ ਤੇ ਸਤਿਕਾਰ ਨਾਲ ਕਾਰ ਸੇਵਾ ਕਰਦੀਆਂ ਤੇ ਗੁਰੂ ਅਰਜਨ ਦੇਵ ਜੀ ਵੀ ਸੰਗਤਾਂ ਨਾਲ ਕਾਰ ਸੇਵਾ ਕਰਦੇ, ਉਹਨਾਂ ਦੇ ਰਹਿਣ-ਸਹਿਣ ਤੇ ਲੋੜਾਂ ਦਾ ਪੂਰਾ ਪੂਰਾ ਖਿਆਲ ਰਖਦੇ। ਵੇਖਣ ਨੂੰ ਭਾਵੇਂ ਬਾਬਾ ਪ੍ਰਿਥੀ ਚੰਦ ਜੀ ਵੀ ਸਰੋਵਰ ਦੀ ਉਸਾਰੀ, ਸੰਗਤਾਂ ਦੀ ਰਿਹਾਇਸ਼ ਦਾ ਬੰਦੋਬਸਤ, ਲੰਗਰ ਦੀ ਸੇਵਾ ਬੜੀ ਮੇਹਨਤ ਨਾਲ ਕਰ ਰਹੇ ਸੀ। ਪਰ ਦੋਨੌ ਦੀ ਸੇਵਾ ਵਿਚ ਜਮੀਨ-ਅਸਮਾਨ ਦਾ ਅੰਤਰ ਸੀ। ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਤੇ ਸੰਗਤਾਂ ਨਾਲ ਦਿਲਾਂ ਦੀ ਸਾਝ ਬਣਾ ਰਹੇ ਸੀ ਜਦ ਕਿ ਪ੍ਰਿਥੀ ਚੰਦ ਦਾ ਮਕਸਦ ਗੁਰੂ ਸਾਹਿਬ ਤੇ ਸੰਗਤਾਂ ਤੇ ਪ੍ਰਭਾਵ ਪਾਕੇ ਗਦੀ ਹਾਸਲ ਕਰਨ ਦਾ ਸੀ, ਸੁਆਰਥ ਸੀ,

ਗੁਰਗਦੀ :-
ਗੁਰੂ ਸਾਹਿਬ ਜਾਣਦੇ ਸੀ ਕਿ ਗੁਰੂ ਅਰਜਨ ਦੇਵ ਜੀ ਗੁਰਗਦੀ ਤੇ ਕੰਮਾਂ ਨੂੰ ਸੰਭਾਲਣ ਦੇ ਧੁਰੋਂ ਬਖਸ਼ੇ ਗੁਣ ਹਨ। ਪਰ ਫਿਰ ਵੀ ਉਹ ਸੰਗਤ ਨੂੰ ਪਕਿਆ ਕਰਨ ਲਈ ਤੇ ਯਕੀਨ ਦਿਵਾਣ ਲਈ ਆਪਣੇ ਤਿੰਨਾ ਪੁੱਤਰਾਂ ਦੀ ਪ੍ਰਖਿਆ ਲੈਣਾ ਜਰੂਰੀ ਸਮਝਦੇ ਸੀ। ਸੰਨ 1680 ਵਿਚ ਗੁਰੂ ਰਾਮਦਾਸ ਜੀ ਤੇ ਤਾਏ ਦੇ ਪੁਤਰ ਸਹਾਰੀ ਮਲ ਜੀ ਲਾਹੋਰ ਤੋਂ ਪੁੱਤਰ ਦੇ ਵਿਆਹ ਦਾ ਸਦਾ ਦੇਣ ਲਈ ਆਏ। ਕੰਮਾਂ ਦੇ ਰੁਝੇਵੇ ਕਾਰਨ ਗੁਰੂ ਸਾਹਿਬ ਖੁਦ ਤੇ ਜਾ ਨਹੀਂ ਸਕੇ। ਵਾਰੀ ਵਾਰੀ ਤਿੰਨਾਂ ਪੁੱਤਰਾਂ ਨੂੰ ਜਾਣ ਲਈ ਕਿਹਾ। ਪ੍ਰਿਥੀਆ ਜੋ ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ, ਦੁਨਿਆਵੀ ਕਾਰ-ਵਿਹਾਰਾਂ ਵਿਚ ਬੜਾ ਤਾਕ ਸੀ 1 ਗੁਰੂ ਦਰਬਾਰ ਦਾ ਸਾਰਾ ਕੰਮ-ਕਾਰ, ਆਮਦਨ-ਖਰਚ,  ਆਏ ਗਏ ਦਾ ਹਿਸਾਬ-ਕਿਤਾਬ ਸੰਭਾਲ ਦਾ ਸਾਰਾ ਪ੍ਰਬੰਧ ਉਸਦੇ ਹਥ ਵਿਚ ਸੀ। ਮਸੰਦਾ ਵਿਚ ਵੀ ਉਸਦਾ ਚੰਗਾ ਅਸਰ-ਰਸੂਖ ਸੀ। ਉਸ ਨੂੰ ਗਲਤਫਹਿਮੀ ਸੀ ਕਿ ਗੁਰਗਦੀ ਦਾ ਕੰਮ ਜਿਨੀ ਚੰਗੀ ਤਰ੍ਹਾਂ ਉਹ ਸੰਭਾਲ ਸਕਦਾ ਹੈ ਹੋਰ ਕੋਈ ਨਹੀਂ। ਉਹ ਆਪਣੇ ਦੋਨੋਂ ਛੋਟੇ ਭਰਾਵਾਂ ਨੂੰ ਦਰਬਾਰ ਦੇ ਕੰਮਾਂ ਦੇ ਨੇੜੇ ਵੀ ਨਹੀਂ ਸੀ ਲਗਣ ਦਿੰਦਾ ਤਾਂ ਕਿ ਸੰਗਤ ਵਿਚ ਉਹ ਆਪਣਾ ਅਸਰ ਰਸੂਖ ਨਾ ਬਣਾ ਲੈਣ। ਉਹ ਲਾਹੌਰ ਵੀ ਇਸ ਲਈ ਨਹੀਂ ਸੀ ਜਾਣਾ ਚਾਹੁੰਦਾ ਮਤੇ ਪਿਛੋਂ ਗੁਰੂ ਸਾਹਿਬ ਗੁਰਗਦੀ ਦਾ ਫੈਸਲਾ ਨਾ ਕਰ ਲੈਣ॥ ਦੂਸਰੇ ਬੇਟੇ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿਉਂਕਿ ਉਸ ਨੂੰ ਦੁਨਿਆਵੀ ਕੰਮਾਂ ਤੇ ਰਿਸ਼ਤਿਆ ਵਿਚ ਕੋਈ ਦਿਲਚਸਪੀ ਨਹੀਂ ਸੀ।

ਗੁਰੂ ਅਰਜਨ ਦੇਵ ਜੀ ਜੋ ਹਰ ਵਕਤ ਆਪਣੇ ਪਿਤਾ ਦੀ ਸੇਵਾ ਤੇ ਆਗਿਆ ਪਾਲਣ ਲਈ ਤਤਪਰ ਰਹਿੰਦੇ ਸੀ, ਲਾਹੌਰ ਚਲੇ ਗਏ। ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਕਹਿ ਭੇਜਿਆ ਕਿ ਸ਼ਾਦੀ ਤੋਂ ਦੋ-ਚਾਰ ਦਿਨ ਬਾਅਦ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਧਰਮਸਾਲ ਚਲੇ ਜਾਣਾ ਤੇ ਜਦ ਤਕ ਮੈਂ ਤੁਹਾਨੂੰ ਵਾਪਸ ਨਾ ਸਦਾ ਉਥੇ ਹੀ ਪ੍ਰਚਾਰ ਕਰਦੇ ਰਹਿਣਾ। ਕਈ ਮਹੀਨੇ ਨਿਕਲ ਗਏ। ਗੁਰੂ ਅਰਜਨ ਦੇਵ ਜੀ ਨੇ ਦੋ ਚਿੱਠੀਆਂ ਵੀ ਲਿਖੀਆਂ ਕਿਸੇ ਚਿੱਠੀ ਦਾ ਕੋਈ ਉੱਤਰ ਨਹੀਂ ਆਇਆ ਨਾ ਹੀ ਸੱਦਾ ਆਇਆ। ਉਹਨਾਂ ਦੀ ਪਹਿਲੀ ਚਿੱਠੀ ਸੀ

ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰਦੇ ਚਾਤ੍ਰਿਕ ਕੀ ਨਿਆਈ॥

ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥

ਹਉ ਘੋਲੀ ਜੀਉ ਘੋਲਿ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ॥’’

ਚਿੱਠੀ ਪ੍ਰਿਥਏ ਨੇ ਲੈ ਲਈ ਤੇ ਆਪਣੇ ਵੱਲੋਂ ਸੁਨੇਹਾ ਘਲ ਦਿੱਤਾ ਅੰਮ੍ਰਿਤਸਰ ਨਾ ਆਉਣ ਲਈ। ਦੂਜਾ ਪੱਤਰ ਲਿਖਿਆ – ‘

ਤੇਰਾ ਮੁਖ ਸਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰ ਹੋਆ ਦੇਖੇ ਸਾਰਿੰਗ ਪਾਣੀ॥

ਧੰਨ ਸੁ ਦੇਸ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥

ਇਹ ਪੱਤਰ ਵੀ ਪ੍ਰਿਥੀਆ ਨੇ ਆਪਣੇ ਕਬਜੇ ਵਿਚ ਕਰ ਲਿਆ। ਤੇ ਸਨੇਹਾ ਭੇਜ ਦਿੱਤਾ ਕਿ ਅਜੇ ਲਾਹੌਰ ਹੀ ਟਿਕੇ ਰਹੋ ਤੇ ਤਦ ਤਕ ਨਹੀਂ ਆਉਣਾ ਜਦ ਤਕ ਬੁਲਾਇਆ ਨਾ ਜਾਏ। ਜਦ ਗੁਰੂ ਸਾਹਿਬ ਨੂੰ ਵਿਛੋੜਾ ਅਸਿਹ ਹੋ ਗਿਆ ਤੇ ਇਹ ਵੀ ਸਮਝ ਆ ਗਈ ਕਿ ਇਹ ਦੋਨੋਂ ਚਿੱਠੀਆਂ ਗੁਰੂ ਸਾਹਿਬ ਨੂੰ ਨਹੀਂ ਦਿੱਤੀਆਂ ਗਈਆਂ ਤਾਂ ਤੀਜੀ ਚਿੱਠੀ ਲਿਖੀ ਤੇ ਹਿਦਾਇਤ ਕੀਤੀ ਕਿ ਇਹ ਚਿੱਠੀ ਗੁਰੂ ਸਾਹਿਬ ਨੂੰ ਹੀ ਦਿੱਤੀ ਜਾਵੇ।

‘‘ਇਕ ਘੜੀ ਨਾ ਮਿਲਤੇ ਤਾ ਕਲਜੁਗ ਹੋਤਾ॥ਹੁਣ ਕਦ ਮਿਲੀਐ ਪ੍ਰਿਅ ਤੁਧ ਭਗਵੰਤਾ॥

ਮੋਹੇ ਰੈਣਿ ਨਾ ਵਿਹਾਵੈ ਨੀਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ॥

ਹਉ ਘੋਲਿ ਜਿਉ ਘੋਲਿ ਘੁਮਾਈ ਤਿਸ ਸਚੇ ਦਰਬਾਰੇ ਜੀਉ॥

ਸੰਦੇਸਾ ਦੇਣ ਵਾਲਾ ਸਿੱਖ ਲੁਕਦਾ ਲੁਕਾਦਾਂ  ਗੁਰੂ ਸਾਹਿਬ ਦੇ ਦਰਬਾਰ ਵਿਚ ਪਹੁੰਚ ਗਿਆ। ਗੁਰੂ ਅਰਜਨ ਦੇਵ ਜੀ ਦੀ ਚਿੱਠੀ ਗੁਰੂ ਰਾਮਦਾਸ ਦੇ ਹਥ ਫੜਾਈ। ਗੁਰੂ ਰਾਮਦਾਸ ਸਭ ਸਮਝ ਗਏ। ਚਿੱਠੀ ਪੜੀ, ਪਹਿਲੀਆਂ ਵੀ ਦੋ ਚਿੱਠੀਆਂ ਪ੍ਰਿਥਏ ਤੋਂ ਕੱਢਵਾਈਆਂ। ਉਹਨਾਂ ਨੇ ਝਟ ਬਾਬਾ ਬੁੱਢਾ ਤੇ ਪੰਜ ਹੋਰ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਲਿਆਉਣ ਲਈ ਲਾਹੌਰ ਭੇਜ ਦਿੱਤਾ। ਇਹ ਸਾਇਦ ਗੁਰੂ ਅਰਜਨ ਦੇਵ ਜੀ ਦੀ  ਪਹਿਲੀ ਬਾਣੀ ਸੀ ਜਿਸ ਨੇ ਗੁਰੂ ਰਾਮਦਾਸ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਪ੍ਰੀਖਿਆ ਹੋ ਗਈ। ਬਾਬਾ ਬੁੱਢਾ ਜੀ ਤੇ ਸੰਗਤਾਂ ਨਾਲ ਸਲਾਹ ਕਰਕੇ ਫੈਸਲਾ ਹੋ ਗਿਆ ਕਿ ਗੁਰਗੱਦੀ ਦੇ ਲਾਇਕ ਸਿਰਫ ਤੇ ਸਿਰਫ ਗੁਰੂ ਅਰਜਨ ਦੇਵ ਜੀ ਹਨ। ਜਦ ਗੁਰੂ ਰਾਮਦਾਸ ਜੀ ਨੇ ਅਪਣਾ ਸਮਾਂ ਨੇੜੇ ਆਉਣ ਦਾ ਅਨੁਭਵ ਕੀਤਾ ਤਾਂ ਅਗਸਤ 1581 ਦੇ ਦਿਨ ਸੰਗਤਾਂ ਦਾ ਉਚੇਚਾ ਇਕੱਠ ਕੀਤਾ। ਭਰੇ ਦਰਬਾਰ ਵਿਚ ਗੁਰੂ ਅਰਜਨ ਦੇਵ ਜੀ ਨੂੰ ਚੌਕੀ ਤੇ ਬਿਠਾ ਕੇ ਮਥਾ ਟੇਕ ਦਿੱਤਾ। ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਅਗੇ ਸਿਰ ਨਿਵਾਇਆ। ਬਾਬਾ ਬੁੱਢਾ ਨੇ ਗੁਰਗਦੀ ਦੀ ਰਸਮ ਅਦਾ ਕੀਤੀ। ਇਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ 4 ਮਹੀਨੇ ਸੀ।

ਪ੍ਰਿਥਿਆ ਆਪਣੇ ਆਪ ਨੂੰ ਗੁਰਗੱਦੀ ਦੇ ਯੋਗ ਤੇ ਹਕਦਾਰ ਸਮਝਦਾ ਸੀ, ਬੜਾ ਤਿਲ ਮਿਲਾਇਆ। ਗੁਰੂ ਰਾਮਦਾਸ ਜੀ ਨਾਲ ਝਗੜਾ ਵੀ ਕੀਤਾ, ਗੁਸਤਾਖੀ ਭਰੇ ਬਚਨ ਵੀ ਬੋਲੇ ਤੇ ਧਮਕੀਆਂ ਵੀ ਦਿੱਤੀਆਂ। ਬਾਬਾ ਬੁਢਾ ਜੀ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆਇਆ। ਗੁਰੂ ਸਾਹਿਬ ਨੇ ਉਸਦਾ ਨਾ ਮੀਣਾ ਰਖ ਦਿੱਤਾ ਤੇ ਅਗੋਂ ਕਦੇ ਨਾ ਮਥੇ ਲਗਣ ਦੀ ਹਿਦਾਇਤ ਦਿੱਤੀ। ਸਤ  ਸਾਲ ਦੀ ਕੜੀ ਮਿਹਨਤ ਤੋਂ ਬਾਅਦ ਗੁਰੂ ਸਾਹਿਬ ਆਪਣਾ ਅਖੀਰਲਾ ਸਮਾਂ ਗੋਇੰਦਵਾਲ ਵਿਚ ਗੁਜਾਰਨਾ ਚਾਹੁੰਦੇ ਸੀ। ਇਕ ਦੋ ਦਿਨ ਅੰਮ੍ਰਿਤਸਰ ਰਹਿ ਕੇ ਗੋਇੰਦਵਾਲ ਚਲੇ ਗਏ। ਜਾਂਦੀ ਵਾਰੀ ਉਹ ਆਪਣੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਵੀ ਲੈ ਗਏ। ਜਾਣ ਤੋਂ ਇਕ ਦੋ ਦਿਨ ਬਾਅਦ ਹੀ ਅਜਿਹੇ ਸਮਾਧੀ ਵਿਚ ਲੀਨ ਹੋਏ ਫਿਰ ਉਠੇ ਹੀ ਨਹੀਂ, ਜੋਤੀਜੋਤ ਸਮਾ ਗਏ।

ਇਧਰ ਗੁਰੂ ਰਾਮ ਦਾਸ ਦੇ ਅੰਤਿਮ ਸੰਸਕਾਰਾਂ ਦੀਆਂ ਤਿਆਰੀਆਂ ਹੋ ਰਹੀਆ ਸੀ ਉਧਰ ਪ੍ਰਿਥੀ ਚੰਦ ਤੇ ਬੀਬੀ ਕਰਮੋ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਅਰਜਨ ਨੇ ਦੋ ਦਿਨ ਸਬਰ ਨਹੀਂ ਕੀਤਾ। ਜਹਿਰ ਦੇ ਕੇ ਮਾਰ ਦਿੱਤਾ। ਚੰਗੇ ਭਲੇ ਇਥੋ ਗਏ ਸੀ। ਇਹ ਸਭ ਉਨਾਂ ਦੀ ਈਰਖਾ ਬੋਲ ਰਹੀ ਸੀ। ਬਿਆਸ ਕਿਨਾਰੇ ਗੁਰੂ ਸਾਹਿਬ ਦਾ ਦੇਹ ਸਸਕਾਰ ਹੋਇਆ ਜਿਥੇ ਗੁਰਦੁਆਰਾ ਦੇਹਰਾ ਸਾਹਿਬ ਬਣਾਇਆ ਗਿਆ ਪਰ ਪਿਛੋਂ ਬਿਆਸਾ ਹੀ ਇਸਨੂੰ ਰੋੜ ਕੇ ਲੈ ਗਿਆ। ਬਾਬਾ ਪ੍ਰਿਥੀ ਚੰਦ ਚਾਹੁੰਦਾ ਸੀ ਪਗੜੀ ਉਸਨੂੰ ਪਹਿਨਾਈ ਜਾਏ। ਗੁਰੂ ਅਰਜਨ ਦੇਵ ਜੀ ਇਸ ਨਾਜਕ ਵਕਤ ਤੇ ਪਰਿਵਾਰ ਵਿਚ ਕੋਈ ਬਖੇੜਾ ਨਹੀਂ ਸੀ ਖੜਾ ਕਰਨਾ ਚਾਹੁੰਦੇ।  ਬਾਬਾ ਬੁਢਾ ਜੀ ਨੇ ਇਸ ਝਗੜੇ  ਦਾ ਨਿਪਟਾਰਾ ਕਰਨ ਲਈ ਦੋ ਪਗਾਂ ਰਖੀਆਂ , ਇਕ ਗੁਰੂ ਸਾਹਿਬ ਦੀ ਸਲਾਹ- ਸਹਿਮਤੀ  ਨਾਲ  ਬਾਬਾ ਪ੍ਰਿਥੀ ਚੰਦ ਨੂੰ  ਵਡੇ ਪੁਤਰ ਹੋਣ ਦੇ ਨਾਤੇ ਬਧੀ ਤੇ ਦੂਸਰੀ ਗੁਰਆਈ ਦੀ ਗੁਰੂ ਅਰਜਨ ਦੇਵ ਜੀ ਨੂੰ ਦਿਤੀ , ਜਿਸ ਨੂੰ  ਪ੍ਰਿਥੀ ਚੰਦ ਨੇ ਭਰੀ ਸਭਾ ਵਿਚ ਖੋਹ ਲਿਆ  1 ਗੁਰੂ ਸਾਹਿਬ ਸ਼ਾਂਤ ਰਹੇ ਕੁਝ ਬੋਲੇ ਨਹੀਂ 1  ਗੁਰੂ ਸਾਹਿਬ ਦੀ ਇਸ ਮਹਾਨਤਾ ਤੇ ਠੰਢੇ ਜਿਗਰੇ ਨੂੰ ਦੇਖਕੇ ਭਟਾਂ  ਦੀਆਂ ਉਚਾਰੀਆਂ ਹੋਈਆਂ ਕੁਝ ਲਾਈਨਾ

‘‘ਧਰਮ ਧੀਰ ਗੁਰਮਤਿ ਗੰਭੀਰ ਪੁਰ ਦੁਖ ਵਿਸਾਰਣ॥

ਰਸਮਾ ਪੂਰੀਆਂ ਹੋਈਆਂ॥ ਗੁਰੂ ਅਰਜਨ ਦੇਵ ਜੀ ਦੇ ਗੁਰੂ ਕੇ ਚਕ ਵਾਪਸ ਆਉਣ ਤੈ ਪ੍ਰਿਥੀ ਵੀ ਅਪਣਾ ਸਾਰਾ ਟਬਰ ਲੈ ਕੇ ਇਥੇ ਪਹੁੰਚ ਗਿਆ ਤੇ ਸ਼ਹਿਰ ਦਾ ਸਾਰਾ ਆਰਥਿਕ ਪ੍ਰਬੰਧ ਆਪਣੇ ਹਥ ਲੈ ਲਿਆ। ਗੁਰਗੱਦੀ ਜਿਸਤੇ ਪ੍ਰਿਥੀ ਚੰਦ ਆਪਣਾ ਹਕ ਸਮਝਦਾ ਸੀ ਬਹੁਤ ਮੁਖਾਲਫਤ ਕੀਤੀ, ਕਈ ਬਖੇੜੇ ਖੜੇ ਕੀਤੇ। ਗੁਰੂ ਘਰ ਦੀ ਆਮਦਨ ਗੁਰੂ ਦੇ ਖਜਾਨੇ ਵਿਚ ਭੇਜਣੀ ਬੰਦ ਕਰ ਦਿੱਤੀ ਜਿਸਦੇ ਫਲਸਰੂਪ ਗੁਰੂ ਕਾ ਲੰਗਰ ਸਿਰਫ ਸੰਗਤਾਂ ਜੋ ਉਨਾਂ ਤਕ ਪਹੁੰਚ ਪਾਦੀਆਂ ਦੀ ਲਿਆਈ ਭੇਟਾ ਤੇ ਨਿਰਭਰ ਹੋ ਗਿਆ। ਇਹੀ ਨਹੀਂ ਸਗੋਂ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਕੁਝ ਮਸੰਦ ਜੋ ਪ੍ਰਿਥੀ ਚੰਦ ਨਾਲ ਰਲੇ ਹੋਏ ਸੀ ਸ਼ਹਿਰ ਤੋਂ ਬਾਹਰ ਹੀ ਸਿੱਖ ਸਰਧਾਲੂਆਂ ਨੂੰ ਸਤਿਗੁਰੂ ਦਾ ਭੁਲੇਖਾ ਪਾਕੇ ਪ੍ਰਿਥੀ ਚੰਦ ਕੋਲ ਲੈ ਜਾਂਦੇ ਪਰ ਲੰਗਰ ਸਮੇਂ ਗੁਰੂ ਅਰਜਨ ਦੇਵ ਜੀ ਚਲਾਏ ਲੰਗਰ ਵਿਚ ਭੇਜ ਦਿੰਦੇ। ਜਿਸਦੇ ਫਲਸਰੂਪ ਲੰਗਰ ਛੋਲਿਆਂ ਦੀ ਰੋਟੀ ਤਕ ਸੀਮਤ ਰਹਿ ਗਿਆ। ਕਦੇ ਕਦੇ ਗੁਰੂ ਪਰਿਵਾਰ ਨੂੰ ਭੁੱਖੇ ਵੀ ਰਹਿਣਾਂ ਪੈਦਾ। ਸਭ ਕੁਝ ਜਾਣਦਿਆਂ ਵੀ ਗੁਰੂ ਸਾਹਿਬ ਸਾਂਤ ਤੇ ਅਡੋਲ ਰਹੇ।

ਕੁਝ ਚਿਰ ਮਗਰੋਂ ਜਦ ਭਾਈ ਗੁਰਦਾਸ ਜੀ ਜੋ ਆਗਰੇ ਸਿੱਖੀ ਪ੍ਰਚਾਰ ਲਈ ਚੌਥੇ ਪਾਤਸ਼ਾਹ ਦੇ ਹੁਕਮ ਨਾਲ ਗਏ ਸੀ ਲੰਗਰ ਦੀ ਹਾਲਤ ਦੇਖ ਕੇ ਬਹੁਤ ਦੁੱਖੀ ਹੋਏ। ਉਨ੍ਹਾਂ ਨੇ ਬਾਬਾ ਬੁੱਢਾ, ਭਾਈ ਸਾਹਲੋ, ਭਾਈ ਜੇਠਾ, ਭਾਈ ਪੈੜਾ, ਭਾਈ ਹਰੀਆਂ ਤੇ ਕੁਝ ਹੋਰ ਸਿੱਖਾਂ ਨਾਲ ਮਿਲਕੇ ਸਲਾਹ ਮਸ਼ਵਰਾ ਕੀਤਾ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਵਾਲੀ ਥਾਂ ਬੈਠ ਗਏ ਬਾਕੀ ਸਿੰਘਾਂ ਨੂੰ ਬਾਹਰ ਦੇ ਇਲਾਕਿਆਂ ਵਿਚ ਥਾਂ ਥਾਂ ਤੇ ਭੇਜ ਕੇ ਸੰਗਤਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ। ਦਰਬਾਰ ਦਾ ਪ੍ਰਬੰਧ ਭਾਈ ਗੁਰਦਾਸ ਨੇ ਆਪ ਸੰਭਾਲਿਆ। ਇਨ੍ਹਾਂ ਜਤਨਾ ਨਾਲ ਥੋੜੇ ਹੀ ਦਿਨਾਂ ਵਿਚ ਹਾਲਾਤ ਕਾਬੂ ਵਿਚ ਆ ਗਏ। ਮੀਣੇ ਦੀਆਂ ਕਰਤੂਤਾ ਦਾ ਸਭ ਨੂੰ ਪਤਾ ਚਲ ਗਿਆ। ਗੁਰੂ ਸਾਹਿਬ ਦਾ ਤੇਜ ਪ੍ਰਤਾਪ ਦਿਨੋਂ ਦਿਨ ਵਧਦਾ ਚਲਾ ਗਿਆ।

ਹੁਣ ਪ੍ਰਥੀਏ ਨੇ ਆਪਣਾ  ਪੈਂਤਰਾਂ ਬਦਲਿਆ। ਸਤੇ ਤੇ ਬਲਵੰਡ ਜੋ ਗੁਰੂ ਘਰ ਦੇ ਕੀਰਤਨੀਏ ਸੀ, ਉਕਸਾਣਾ ਸ਼ੁਰੂ ਕਰ ਦਿੱਤਾ। ‘‘ਤੁਸੀਂ ਗੁਰੂ ਤੋਂ ਕੀ ਲੈਣਾ ਹੈ ਉਸ ਕੋਲ ਤਾਂ ਆਪਣੇ ਜੋਗੀ ਦੋ ਵਕਤ ਦੀ ਰੋਟੀ ਵੀ ਨਹੀਂ ਹੈ। ਪ੍ਰਿਥੀਏ ਦੀਆਂ ਗਲਾਂ ਵਿਚ ਆਕੇ ਉਹਨਾਂ ਨੈ ਗੁਰੂ ਸਾਹਿਬ ਤੋਂ ਆਪਣੀ ਤਨਖਾਹ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਆਪਣੀ ਮਜਬੂਰੀ ਦਸੀ ਤੇ ਕਿਹਾ ਕਿ ਵਕਤ ਆਉਣ ਤੇ ਸਭ ਚੁਕਾ ਦਿਆਗਾਂ। ਪਰ ਉਹ ਉਚਾ ਬੋਲਣ ਲਗੇ ਤੇ ਇਥੋਂ ਤਕ ਕਹਿ ਗਏ ਕਿ ‘‘ਜੇਕਰ ਅਸੀਂ ਕੀਰਤਨ ਨਾ ਕਰੀਏ ਤਾਂ ਤੁਹਾਨੂੰ ਗੁਰੂ ਕੌਣ ਆਖੇ। ਅਗਰ ਮਰਦਾਨਾ ਨਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਨੂੰ ਕੌਣ ਪੁੱਛਦਾ । ਗੁਰੂ ਸਾਹਿਬ ਬਾਕੀ ਤਾਂ ਸਭ ਜਰ ਗਏ ਪਰ ਗੁਰੂ ਨਾਨਕ ਦੀ ਗਦੀ ਬਾਰੇ ਕੌੜੇ ਬੋਲ ਸਹਾਰ ਨਾ ਸਕੇ। ਉਨ੍ਹਾਂ ਨੇ ਸੰਗਤਾਂ ਨੂੰ ਇਨ੍ਹਾਂ  ਦੇ ਕਦੇ ਨਾ ਮਥੇ ਲਗਣ ਦਾ ਹੁਕਮ ਦੇ ਦਿੱਤਾ। ਉਹਨਾਂ ਨੂੰ ਆਪਣੇ ਤੇ ਬੜਾ ਮਾਣ ਸੀ ਕਿ ਸੰਗਤਾਂ ਸਾਡੇ ਕੋਲ ਆਉਣਗੀਆਂ ਕੀਰਤਨ ਸੁਣਨ ਲਈ। ਪਰ ਜਦ ਰੋਟੀ ਤੋਂ ਵੀ ਆਤੁਰ ਹੋ ਗਏ ਤਾਂ ਬੜੀਆਂ ਮਾਫੀਆਂ ਮੰਗੀਆ। ਆਖਿਰ ਗੁਰੂ ਸਾਹਿਬ ਦਾ ਸੇਵਕ ਭਾਈ ਲਧਾ ਸਿੰਘ ਕੋਲ ਗਏ। ਬਹੁਤ ਰੋਏ ਧੋਏ। ਭਾਈ ਲਧਾ ਜੀ ਉਹਨਾਂ ਵੱਲੋਂ ਆਪਣਾ ਮੂੰਹ ਕਾਲਾ ਕਰਕੇ ਆਏ ਤੇ ਮਾਫੀ ਲਈ ਬੇਨਤੀ ਕੀਤੀ। ਆਖਿਰ ਗੁਰੂ ਸਾਹਿਬ ਨੇ ਮਾਫੀ ਦੇ ਦਿੱਤੀ, ਆਪਣੇ ਪਿਆਰੇ ਸਿਖ ਦੀ ਇਹ ਹਲੀਮੀ ਵੇਖਕੇI

ਹੁਣ ਮੀਣੇ ਨੇ ਪਿੰਡ ਦੇ ਚੌਧਰੀਆਂ ਨੂੰ ਇਕੱਠਾ ਕੀਤਾ ਤੇ ਆਪਣੇ ਦੁਖੜੇ ਰੋਏ । ਗੁਰੂ ਸਾਹਿਬ ਨੇ ਜਮੀਨ ਤੇ ਮਕਾਨਾ ਤੋਂ ਆਉਣ ਵਾਲੀ ਆਮਦਨ ਦੋਨੋਂ ਭਰਾਵਾਂ ਦੇ ਨਾਮ ਲਗਵਾ ਦਿੱਤੀ। ਜੋ ਕੁਝ ਵੀ ਲੰਗਰ ਦੀ ਭੇਟਾਂ ਤੋਂ ਇਕੱਠਾ ਹੁੰਦਾ ਜਾ ਆਪਣੇ ਕੋਲੋਂ ਸਰ ਹੁੰਦਾ ਲੰਗਰ ਦੀ ਸੇਵਾ ਕਰਦੇ ਰਹੇ ਤੇ ਸੰਗਤਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਰਹੇ। ਤਨ ਦੇ ਭੁੱਖੇ ਤਾਂ ਰਜ ਜਾਂਦੇ ਹਨ ਪਰ ਮਨ ਤੇ ਭੁਖਿਆ ਤੇ ਰਜ ਨਹੀਂ ਹੁੰਦਾ। ਉਹ ਅਜੇ ਵੀ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆਇਆ।

ਜਦ ਹੋਰ ਕੁਝ ਨਹੀਂ ਬਣਿਆ ਤਾਂ ਅਕਬਰ ਕੋਲ ਜਾ ਸਿਕਾਇਤ ਕੀਤੀ। ਦਰਬਾਰੀਆਂ ਨੇ ਬਾਦਸ਼ਾਹ ਨੂੰ ਸਮਝਾਇਆ। ਵੈਸੇ ਅਕਬਰ ਖੁਦ ਵੀ ਖੁਲੇ ਦਿਮਾਗ ਦਾ ਬੰਦਾ ਸੀ। ‘‘ਗੁਰੂਗੱਦੀ ਕੋਈ ਵਿਰਾਸਤ ਜਾ ਜਦੀ ਸ਼ੈ ਨਹੀਂ ਹੈ ਕਿ ਜਰੂਰ ਹੀ ਵੱਡੇ ਪੁੱਤਰ ਨੂੰ ਮਿਲੇ। ਗੁਰਗੱਦੀ ਤਾਂ ਨਿਜੀ ਗੁਣਾਂ ਤੇ ਅਧਾਰ ਤੇ ਧੁਰ ਦਰਗਾਹ ਚੋਂ ਬਖਸ਼ਿਸ਼ ਹੈ। ਅਕਬਰ ਨੂੰ ਇਹ ਗੱਲ ਸਮਝ ਆ ਗਈ। ਉਸਨੇ ਪ੍ਰਿਥੀਏ ਦੀ ਅਰਜੀ ਖਾਰਜ਼ ਕਰ ਦਿੱਤੀ ਤੇ ਉਸ ਨੂੰ ਸਮਝਾਇਆ ਕਿ ਹਕੂਮਤ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੀ ਤੇ ਨਾ ਹੀ ਲੋਕਾਂ ਨੂੰ ਮਜਬੂਰ ਕਰ ਸਕਦੀ ਹੈ ਕਿ ਇਸ ਨੂੰ ਗੁਰੂ ਮੰਨੋ ਜਾਂ ਇਸ ਨੂੰ ਨਾ ਮੰਨੋ ।

ਜਦ ਇਥੇ ਵੀ ਦਾਲ ਨਹੀਂ ਗਲੀ ਤਾਂ ਇਕ ਫੌਜਦਾਰ ਸੁਲਹੀ ਖਾਨ ਨੂੰ ਬਹੁਤ ਸਾਰੀ ਵਢੀ ਦੇ ਕੇ ਆਪਣੇ ਨਾਲ ਮਿਲਾ ਲਿਆ। ਗੁਰੂ ਸਾਹਿਬ ਸੁਲਹੀ ਖਾਨ ਦੀਆਂ ਹਰਕਤਾਂ ਤੋਂ ਜਾਣੂ ਸਨ ਤੇ ਸਿਰਫ ਅਕਾਲ ਪੁਰਖ ਤੇ ਭਰੋਸਾ ਕਰ ਕੇ ਸਾਂਤ ਅਡੋਲ ਬੈਠੇ ਰਹੇ। ਸੁਲਹੀ ਖਾਨ ਜਦੋਂ ਪ੍ਰਿਥੀਏ ਦਾ ਇਟਾ ਦਾ ਭੱਠਾ ਦੇਖਣ ਗਿਆ ਤਾ ਘੋੜੇ ਤੇ ਸਵਾਰ ਸੀ। ਭਠੇ ਦੇ ਸਾਹਮਣੇ ਘੋੜੇ ਨੇ ਐਸੀ ਦੁਲਤੀ ਮਾਰੀ ਕਿ ਸੁਲਹੀ ਖਾਨ ਭਠੇ ਵਿਚ ਜਾ ਡਿਗਿਆ ਤੇ ਉਥੇ ਹੀ ਸੜ ਕੇ ਸੁਆਹ ਹੋ ਗਿਆ। ਜਦੋਂ ਗੁਰੂ ਸਾਹਿਬ ਨੂੰ ਪਤਾ ਲਗਾ ਤਾਂ ਉਨ੍ਹਾਂ ਦੇ ਮੂੰਹੋ ਇਹ ਸਬਦ ਨਿਕਲੇ।

ਗਰੀਬਾਂ  ਉਪਰਿ ਜਿ ਖਿੰਜੇ ਦਾੜੀ, ਪਾਰਬਹਮਿ ਸਾ ਅਗਨਿ ਮਹਿ ਸਾੜੀ॥

ਪੂਰਾ ਨਿਆਉ ਕਰੇ ਕਰਤਾਰ, ਅਪਨੇ ਦਾਸ ਕੋਊ ਰਾਖਨਹਾਰ॥

ਕੁਝ ਸਮੇਂ ਬਾਅਦ ਸੁਲਹੀ ਖਾਨ ਦਾ ਭਤੀਜਾ ਸੁਲਬੀ ਖਾਨ ਪੰਜਾਬ ਆਇਆ। ਪ੍ਰਿਥੀਏ ਨੇ ਉਸ ਨਾਲ ਵੀ ਆਪਣੀ ਗੰਢ-ਤਰੋਪੀ ਕੀਤੀ ਪਰ ਉਸਦਾ ਤਨਖਾਹ ਤੋਂ ਕਿਸੇ ਸਯਦ ਨਾਲ ਝਗੜਾ ਹੋ ਗਿਆ ਤੇ ਉਹ ਸਯਦ ਹਥੋਂ ਮਾਰਿਆ ਗਿਆ। ਪ੍ਰਿਥੀਏ ਨੇ ਅਜੇ ਵੀ ਗੁਰੂ ਸਾਹਿਬ ਨਾਲ ਵੈਰ ਨਹੀਂ ਛਡਿਆ। ਜਦ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਬਣਵਾਇਆ ਤਾਂ ਉਸਦੇ ਟਾਕਰੇ ਉਸਨੇ ਲਾਹੌਰ ਤੋਂ14-15 ਮੀਲ ਦੂਰ ਪਿੰਡ ਹੇਹਰ ਵਿਚ ਤਾਲ ਤੇ ਦਰਬਾਰ ਬਣਾ ਦਿਤਾ। ਜਦੋਂ ਗੁਰੂ ਸਾਹਿਬ ਨੇ ਰੋਗੀਆਂ ਦੀ ਸੇਵਾ ਲਈ ਤਰਨਤਾਰਨ ਵਿਚ ਕੇਹੜੀਆਂ ਲਈ ਹਸਪਤਾਲ ਬਣਾਇਆ ਤਾਂ ਉਸਨੇ ਮੁਕਾਬਲੇ ਵਿਚ ਤਰਨਤਾਰਨ ਤੋਂ 3 ਮੀਲ ਦੂਰੀ ਦੀ ਵਿਥ ਤੇ ਆਪਣਾ ਦੂਖ-ਨਿਵਾਰਨ ਬਣਾ ਦਿੱਤਾ। ਪਰ ਇਮਾਰਤਾ ਬਣਾਉਣੀਆਂ ਤੇ ਕੋਈ ਮੁਸ਼ਕਲ ਨਹੀਂ ਹੁੰਦੀਆਂ, ਉਸ ਵਿਚ ਰੂਹ ਭਰਨੀ ਪ੍ਰਿਥੀਏ ਦੇ ਵਸ ਵਿਚ ਨਹੀਂ ਸੀ। ਉਹ ਗੁਰੂ ਸਾਹਿਬ ਦੀ ਬਰਾਬਰੀ ਨਾ ਕਰ ਸਕਿਆ।

ਗੁਰੂ ਹਰਗੋਬਿੰਦ ਸਾਹਿਬ ਦਾ ਜਨਮ :-
ਪ੍ਰਿਥੀਏ ਤੋਂ ਦੂਰ ਰਹਿਣ ਦੇ ਖਿਆਲ ਨਾਲ ਉਹ ਕੁਝ ਚਿਰ ਪ੍ਰਵਾਰ ਸਹਿਤ  ਤਕਰੀਬਨ ਤਿੰਨ ਸਾਲ ਵਡਾਲੀ ਵੀ ਰਹੇ। ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀਏ ਤੇ ਉਸਦੀ ਬੀਵੀ ਕਰਮੋ ਨੇ ਇਥੇ ਹੀ ਬਸ ਨਹੀਂ ਕੀਤੀ। ਅਗੇ ਤਾਂ ਉਸ ਨੂੰ ਉਮੀਦ ਸੀ ਕਿ ਸ਼ਾਇਦ ਗੁਰੂ ਅਰਜਨ ਸਾਹਿਬ ਤੋਂ ਬਾਅਦ ਉਸਦਾ ਪੁੱਤਰ ਮੇਹਰਬਾਨ ਗੱਦੀ ਤੇ ਬੈਠੇਗਾ। ਹੁਣ ਉਹ ਵੀ ਆਸ ਖਤਮ ਹੋ ਗਈ। ਗੁਰੂ ਹਰਗੋਬਿੰਦ ਤੇ ਤਿੰਨ ਵਾਰੀ ਮਾਰੂ ਹਮਲੇ ਕਰਵਾਏ। ਦਾਈ, ਬ੍ਰਹਮਣ ਤੇ ਸਪੇਰੇ ਕੋਲੋਂ  ਇਹ ਤਿੰਨੋਂ ਆਪਣੀ ਆਪਣੀ ਮੌਤੇ ਮਰ ਗਏ ਪਰ ਹਰ ਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਹੋਇਆ।

ਨਿਤਨੇਮ :-
ਗੁਰੂ ਸਾਹਿਬ ਪਿਛਲੇ ਪਹਿਰ, ਰਾਤੀ ਜਾਗਕੇ ਇਸ਼ਨਾਨ ਕਰਕੇ ਧਿਆਨ ਵਿਚ ਮਗਨ ਹੋ ਜਾਂਦੇ। ਫਿਰ ਸਾਧ ਸੰਗਤ ਬੈਠਕੇ ਕੀਰਤਨ ਸੁਣਦੇ ਤੇ ਕਈ ਵਾਰੀ ਖੁੱਦ ਸਿਰੰਦਾ ਵਜਾਕੇ ਕੀਰਤਨ ਕਰਦੇ ਤੇ ਸੰਗਤਾਂ ਨੂੰ ਵੀ ਉਤਸ਼ਾਹਿਤ ਕਰਦੇ। ਫਿਰ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਉਨ੍ਹਾਂ ਦੇ ਸ਼ੰਕੇ ਨਵਿਰਤ ਕਰਦੇ। ਬਿਲਾਵਲ ਦੀ ਚੌਂਕੀ ਲਗਦੀ। ਆਪ ਲੰਗਰ ਵਿਚ ਜਾ ਕੇ ਜੂਠੇ ਬਰਤਨ ਮਾਂਜਣ  ਦੀ ਸੇਵਾ ਕਰਦੇ। ਫਿਰ ਤਾਲ ਦੀ ਉਸਾਰੀ ਦੀ ਸੇਵਾ-ਇਕ ਇਕ ਇੱਟ ਦੇਖ ਕੇ ਲਗਵਾਉਂਦੇ। ਦੁਪਹਿਰ ਨੂੰ ਫਿਰ ਲੰਗਰ ਦੀ ਸੇਵਾ ਵਿਚ ਪੁੱਜ ਜਾਂਦੇ। ਫਿਰ ਉਸਾਰੀ ਦੇ ਕੰਮਾਂ ਨੂੰ ਦੇਖਣ ਲਈ ਗੁਰੂ ਬਜਾਰ, ਦੀਵਾਨਖਾਨੇ ਤੇ ਸਰੋਵਰ ਜਾਦੇਂ1  ਗੁਰੂ ਕੇ ਬਾਗ ਵਿਚ ਸ਼ਾਮ ਨੂੰ ਦੀਵਾਨ ਲਗਦਾ ਜਿਥੇ ਵਿਦਵਾਨਾ ਦੇ ਵੀਚਾਰ ਸੁਣਕੇ ਤੇ ਉਨ੍ਹਾ  ਦੇ ਸ਼ੰਕੇ ਨਵਿਰਤ ਕਰਦੇ। ਫਿਰ ਸੋਦਰ, ਕੀਰਤਨ ਸੋਹਿਲੇ ਦੀ ਚੌਂਕੀ ਤੇ ਬਾਅਦ ਕੋਠਾ ਸਾਹਿਬ ਵਿਚ ਅਰਾਮ ਕਰਨ ਲਈ ਚਲੇ ਜਾਂਦੇ। ਗੁਰੂ ਗੱਦੀ ਸੰਭਾਲਣ ਤੋਂ ਬਾਅਦ ਚੌਥੇ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੇ ਬਹੁਤ ਸਾਰੇ ਕਾਰਜ ਅਧੂਰੇ ਸਨ। ਅੰਮ੍ਰਿਤਸਰ ਦਾ ਵਿਕਾਸ ਹੋਣ ਵਾਲਾ ਸੀ। ਸਰੋਵਰ ਅਜੇ ਕਚਾ ਸੀ। ਖੁਦਾਈ ਹੋ ਚੁੱਕੀ ਸੀ ਇਸਨੂੰ ਪਕਾ ਕਰਵਾਕੇ ਇਸ ਵਿਚ ਇਕ ਸੁੰਦਰ ਇਮਾਰਤ ਉਸਾਰਨ ਦਾ ਫੈਸਲਾ ਕੀਤਾ। ਸਰੋਵਰ ਨੂੰ ਪੂਰਾ ਕਰਨ ਲਈ ਇਟਾਂ ਦਾ ਭੱਠਾ ਲਾਇਆ। ਸੰਗਤਾਂ ਨੂੰ ਕਾਰ ਸੇਵਾ ਕਰਨ ਲਈ ਹੁਕਮਨਾਮੇ ਭੇਜੇ ਗਏ। ਕਾਰ ਸੇਵਾ ਦੇ ਮੋਢੀ ਬਾਬਾ ਬੁੱਢਾ ਜੀ ਸਨ। ਸੰਗਤਾਂ ਬੜੇ ਪਿਆਰ ਤੇ ਉਤਸ਼ਾਹ ਨਾਲ ਕਾਰ ਸੇਵਾ ਕਰਦੀਆਂ।

ਅਮ੍ਰਿਤਸਰ  ਦੀ ਉਸਾਰੀ :-
ਗੁਰੂ ਸਾਹਿਬ ਨੇ ਅੰਮ੍ਰਿਤਸਰ ਦੀ ਉਸਾਰੀ ਵਲ ਉਚੇਚਾ ਧਿਆਨ ਦਿੱਤਾ। ਅਲਗ ਅਲਗ ਕਿਤਿਆ ਦੇ ਲੋਕਾਂ ਨੂੰ ਸੱਦਾ ਦਿੱਤਾ। ਉਨ੍ਹਾਂ ਦੀ ਮਾਲੀ ਤੇ ਆਰਥਿਕ ਮਦਦ ਕੀਤੀ ਜਿਸ ਨਾਲ ਕਿਤੇ ਵੱਜੋਂ ਤਜਾਰਤੀ ਤੇ ਵਿਉਪਾਰਕ ਕੇਂਦਰ ਬਣ ਗਿਆ। 52 ਕਿਸਮ ਦੇ ਕਿਤੇ ਗੁਰੂ ਸਾਹਿਬ ਵਕਤ ਇਥੇ ਵਸ ਚੁੱਕੇ ਸਨ। ਸ਼ਹਿਰ ਦੀਆਂ ਰੌਣਕਾਂ ਵਧਣ ਲਗੀਆਂ । ਦਿਨ ਰਾਤ ਨਾਮ ਸਿਮਰਨ ਦਾ ਪ੍ਰਵਾਹ ਚਲਦਾ। ਇਥੇ ਹੀ ਇਕ ਵਡਾ ਸਿੱਖ ਕੇਂਦਰ ਬਣ ਗਿਆ, ਜਿਥੇ ਸਿੱਖ ਇਕੱਠੇ ਹੁੰਦੇ ਤੇ ਕੌਮੀ ਜਜਬੇ ਨੂੰ ਮਜਬੂਤ ਕਰਦੇ।

ਗੁਰੂ ਕੇ ਮਹਲ ਤੇ ਡਿਉਡੀ ਸਾਹਿਬ :-
ਗੁਰੂ ਕੇ ਬਜਾਰ ਦੇ ਪਾਸ ਇਹ ਰਿਹਾਇਸੀ ਮਕਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਬਣਵਾਏ ਸਨ ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਪਕਾ ਤੇ ਮੁਕੰਮਲ ਕਰਵਾਇਆ। ਡਿਉਡੀ ਸਾਹਿਬ-ਸ਼ਹਿਰ ਦੇ ਵਿਚ ਗੁਰੂ ਬਜਾਰ ਪਾਸ ਗੁਰੂ ਅਰਜਨ ਦੇਵ ਜੀ ਨੇ ਰਾਮਦਾਸ ਪੁਰ ਦੀ ਡਿਉਡੀ ਬਣਵਾਈ। ਉਦੋਂ ਇਸ ਡਿਉਡੀ ਤੋਂ ਦਰਬਾਰ ਸਾਹਿਬ ਦੇ ਪਾਸ ਵੱਲ ਆਬਾਦੀ ਨਹੀਂ ਸੀ ਕੇਵਲ ਗੁਰੂ ਕਾ ਬਜਾਰ ਸੀ।

ਸੰਤੋਖਸਰ ਦਾ ਸਰੋਵਰ;-
ਅੰਮ੍ਰਿਤਸਰ ਦੀ ਵਧਦੀ ਅਬਾਦੀ ਲਈ ਪਾਣੀ ਦੀ ਥੁੜ ਨੂੰ ਪੂਰਾ ਕਰਨ ਲਈ ਸਰੋਵਰ ਦੀ ਬਹੁਤ ਲੋੜ ਸੀ, ਸੰਤੋਖਸਰ ਦਾ ਸਰੋਵਰ  ਪੂਰਾ ਕਰਵਾਇਆ। ਇਸ ਦੀ ਖੁਦਾਈ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ1580 ਵਿਚ ਅਰੰਭਿਆ ਸੀ। ਸੰਨ 1588 ਵਿਚ ਪੂਰਾ ਹੋਇਆ। ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜਨ ਲਈ ਬਾਬਾ ਬੁੱਢਾ ਜੀ ਭਾਈ ਸਾਲੋ ਜੀ ਪ੍ਰੇਮ-ਸੇਵਕਾਂ  ਦੇ ਮੁਖੀਏ ਸਨ। ਗੁਰੂ ਸਾਹਿਬ ਆਪ ਵੀ ਟੌਕਰੀ ਢੋਂਦੇ ਤੇ ਹਰ ਲੋੜੀਂਦੀ ਸੇਵਾ ਕਰਦੇ। ਮਕਾਨਾ ਅਤੇ ਜਮੀਨ ਆਦਿ ਤੋਂ ਹੋਣ ਵਾਲੀ ਆਮਦਨ ਤਾਂ ਗੁਰੂ ਸਾਹਿਬ ਪਹਿਲੇ ਹੀ ਪ੍ਰਿਥੀਏ ਨੂੰ ਦੇ ਚੁੱਕੇ ਸੀ। ਲੰਗਰ ਤੇ ਉਸਾਰੂ ਕਾਰਜਾ ਲਈ ਜੇਹੜੀ ਮਾਇਆ ਸੰਗਤ ਭੇਟ ਕਰਦੀ ਉਸ ਵਿਚੋਂ ਵੀ ਪ੍ਰਿਥੀਆ ਹੜਪ ਕਰਨ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਲਈ ਭਾਵੇ ਕੁਝ ਦੇਰੀ ਤਾ ਹੋ ਗਈ ਪਰ ਸਮਾਂ ਆਉਣ ਤੇ ਸਾਰੀਆਂ ਔਕੜਾ ਦੂਰ ਹੋ ਗਈਆ।

ਹਰਿਮੰਦਿਰ ਸਾਹਿਬ ਦੀ ਨੀਹ :-
1588 ਅਕਤੂਬਰ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੇ ਇਕ ਮੁਸਲਿਮ  ਸੂਫੀ ਫਕੀਰ ਸੀ,ਤੋਂ ਰਖਵਾਈ। ਮਿਆਂ ਮੀਰ ਇਕ ਰੂਹਾਨੀ ਦਰਵੇਸ,ਨਿਮਰਤਾ ਦੇ ਪੁੰਜ ਤੇ ਨੇਕ ਇਨਸਾਨ ਜੀ ਜਿਨ੍ਹਾ  ਦਾ ਅਸਲੀ ਨਾਂ ਪੀਰ ਮੁਹੰਮੱਦ ਸੀ1 ਇਨ੍ਹਾ  ਨੂੰ ਲੋਕ  ਸਾਈ ਮਿਆਂ ਮੀਰ ਜਾਗ ਅਵਲ ਫ਼ਕੀਰ ” ਕਿਹਾ ਕਰਦੇ  ਸੀ1  ਗੁਰੂ ਸਾਹਿਬ ਦਾ ਇਨ੍ਹਾ  ਨਾਲ  ਮੇਲ ਲਾਹੋਰ ਵਿਚ ਹੋਇਆ  ਤੇ ਆਪਸ ਵਿਚ ਦਿਲੀ ਸਾਂਝ  ਬਣ ਗਈ1

ਭਾਵੇ ਇਹ ਸਚ ਹੈ ਕੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਪਰ ਇਸਦੀ ਹੋਂਦ ,ਉਸਾਰੀ ਤੇ ਵਿਕਾਸ ਵਿਚ ਚਾਰ ਗੁਰੂ ਸਾਹਿਬਾਨਾ ਦਾ  ਹਥ ਹੈ 1 ਇਸ ਅਸਥਾਨ ਦੀ ਨਿਸ਼ਾਨ ਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ 1 ਹਰਿਮੰਦਰ ਸਾਹਿਬ ਬਣਨ ਤੋ ਬਹੁਤ ਸਮਾਂ ਪਹਿਲਾਂ ਆਖਿਆ “ਹਰਿਮੰਦਿਰ ਸੋਈ ਆਖੀਏ ਜਿਥਹੁ ਹਰਿ ਜਾਤਾ” ਇਹ ਹਰਿ ਦਾ ਮੰਦਿਰ ਹਰਿ ਨਿਰੰਕਾਰ ਨੇ ਹੀ ਸਾਜਿਆ ਤੇ ਬਣਾਇਆ ਹੈ1

ਸਰੋਵਰ ਦਾ ਆਰੰਭ ਗੁਰੂ ਰਾਮਦਾਸ ਨੇ ਕੀਤਾ ਤੇ ਸੰਪੂਰਨ ਗੁਰੂ ਅਰਜਨ ਦੇਵ ਜੀ ਨੇ ਕੀਤਾ 1 ਇਸਦੇ ਵਿਚਕਾਰ ਮੰਦਿਰ ਬਣਾਉਣ ਦਾ ਫੈਸਲਾ ਤੇ ਉਸਾਰੀ ਗੁਰੂ ਅਰਜਨ  ਦੇਵ ਜੀ ਦੇ ਹਥੋਂ ਹੋਈ 1 ਅਕਾਲ ਤਖ਼ਤ ਜਿਥੇ  ਪਹਿਲੇ  ਇਕ ਥੜਾ ਸੀ ਜਿਥੇ ਬੇਠ ਕੇ ਗੁਰੂ ਅਰਜਨ  ਸਾਹਿਬ ਉਸਾਰੀ ਦੇ ਕੰਮਾ ਨੂ ਦੇਖਿਆ ਕਰਦੇ ਸੀ ਤੇ  ਬਾਲ ਗੁਰੂ ਹਰਗੋਬਿੰਦ  ਸਾਹਿਬ ਉਥੇ ਅਕਸਰ ਖੇਡਿਆ ਕਾਰਦੇ ਸੀ, ਦੀ ਉਸਾਰੀ ਗੁਰੂ ਹਰਗੋਬਿੰਦ  ਸਾਹਿਬ ਨੇ ਕਾਰਵਾਈ 1

ਸਭ ਤੋਂ ਵਧ ਉਨ੍ਹਾਂ ਦੀ ਰਹਿਮਤ ਤਦ ਹੋਈ ਜਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇਨ੍ਹਾ  ਨੂੰ ਹਰਿਮੰਦਿਰ ਸਾਹਿਬ ਵਿਚ ਸਾਜਿਆ। ਇਹ ਕੋਈ ਕਰਾਮਾਤ ਤੋਂ ਘਟ ਨਹੀਂ ਸੀ। ਸਰੋਵਰ ਦੇ ਐਨ ਵਿਚਕਾਰ ਇਕ ਥੜਾ ਤੇ ਥੜੇ ਤਕ ਪਹੁੰਚਣ ਲਈ ਇਕ ਪੁਲ ਬਣਵਾਇਆ। ਇਸੇ ਥੜੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਪਹਿਲੇ ਗੁਰੂ ਦਰਬਾਰ ਲਗਿਆ ਕਰਦਾ ਸੀ। ਹਰਮਿੰਦਰ ਜੋ ਕਿਸੇ ਇਕ ਇਨਸਾਨ ,ਮਜਹਬ ਫਿਰਕਾ ਜਾ ਜਾਤ ਦਾ ਨਹੀ ਸੀ ਬਲਕਿ ਖੁਦਾ ਦਾ ਘਰ ਸੀ ਜਿਥੇ ਹਰ ਕੋਈ ਆ ਸਕਦਾ ਹੈ  ਚਹੁੰਆ ਧਰਮਾ ਤੇ, ਚਹੁਆਂ  ਵਰਨਾ ਲਈ ਚਾਰ ਦਰਵਾਜੇ ਬਣਵਾਏ। ਪੁਰਬ, ਪੱਛਮ, ਉੱਤਰ, ਦਖਣ ਦੀਆਂ ਵਿਥਾ ਨੂੰ ਮਿਟਾ ਦਿਤਾ ਕਿਉਕਿ ਕੋਈ ਪੁਰਬ ਨੂੰ ਪੂਜਦਾ ਸੀ ਤੇ ਕੋਈ ਪਛਮ ਨੂੰ ਸਿਜਦਾ ਕਰਦਾ ਸੀ। 3 ਜਨਵਰੀ 1588 ਵਿਚ ਇਸਦੀ ਨੀਂਹ ਰਖੀ ਤੇ  1604 ਵਿਚ ਇਮਾਰਤ ਦੀ ਉਸਾਰੀ ਪੂਰੀ ਹੋਈ ਜਦ ਪਹਿਲੀ ਵਾਰੀ ਪੂਰੀ ਹੋਈ ਇਮਾਰਤ ਨੂੰ ਨਿਹਾਰਿਆ ਤਾਂ ਉਨ੍ਹਾਂ ਦੇ ਮੁਖ ਤੋਂ ਆਪ-ਮੁਹਾਰੇ ਨਿਕਲਿਆ।

‘‘           ਡਿਠੇ ਸਭੇ ਥਾਉ ਨਹੀਂ ਤੁਧ ਜੇਹਾ 11

ਕਾਜ਼ੀ ਨੂਰ ਮੁਹਮੰਦ ਮਸਕੀਨ ਨੇ ਜਦ ਨੌ ਮਣ 14 ਸੇਰ ਸੰਦਲ ਵਿਚੋਂ 5 ਸਾਲ 7 ਮਹੀਨੇ ਲਗਾ ਕੇ 145000 ਤੰਦਾ ਖਿਚਕੇ ਚੌਰ ਬਣਾਇਆ, ਉਸਦੀ ਖਾਹਿਸ਼ ਸੀ ਇਸ ਨੂੰ ਸਰਬ-ਸਾਂਝੇ ਮੰਦਰ ਤੇ ਭੇਟ ਕਰਨ ਦੀ ਤਾਂ 31 ਦਸੰਬਰ, 1925 ਨੂੰ ਉਸਨੇ ਆਪ ਆ ਕੇ ਇਹ ਚੋਰ ਹਰਿਮੰਦਰ ਸਾਹਿਬ ਵਿਚ  ਭੇਟ ਕੀਤਾ। ਇਸ ਅਸੀਮ ਥਾਂ ਦੀ ਧਰਮ ਨਿਰਪਖਤਾ, ਇਸਦੇ ਸਰਬ ਸਾਂਝੇ  ਹੋਣ ਦੇ ਸਬੂਤ ਤੋਂ ਬਾਵਜੂਦ ਵੀ ਕਈ ਵਾਰੀ ਜਾਬਰਾ ਦੇ ਜਬਰ ਦਾ ਸ਼ਿਕਾਰ ਹੋਈ । ਮਸੇ ਰੰਘੜ ਨੇ ਇਥੇ ਦਫਤਰ ਬਣਾਏ। ਸਰੋਵਰ ਪੂਰ ਦਿੱਤਾ ਤੇ ਐਯਾਸੀ ਦਾ ਅਡਾ ਬਣਾ ਲਿਆ,ਕੰਜਰੀਆਂ ਨਚਾਈਆਂ। ਅਹਿਮਦ ਸ਼ਾਹ ਅਬਦਾਲੀ ਨੇ 1762 ਵਿਚ ਇਸ ਨੂੰ ਢਾਹ ਢੇਰੀ ਕਰ ਦਿੱਤਾ। ਸਰੋਵਰ ਨੂੰ ਪੂਰ ਦਿਤਾ ਤੇ ਲਗਭਗ ਅਧੀ ਕੌਮ ਨੂੰ ਸ਼ਹੀਦ ਕਰ ਦਿੱਤਾ। ਜਿਤਨੇ ਸੀਸ ਸਿਖਾਂ ਦੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਤੇ ਲਗੇ ਹਨ, ਦੁਨੀਆਂ ਦੇ ਇਤਿਹਾਸ ਵਿਚ ਕਿਸੇ ਧਰਮ ਅਸਥਾਨ ਦੇ ਬਣਨ ਤੇ ਰੱਖਿਆ ਕਰਣ ਤੇ ਨਹੀਂ ਲਗੇ। ਪਰਕਰਮਾ ਵਿਚ ਜਿਥੇ ਕਈ ਵਾਰੀ ਅਸੀਂ ਬੇਧਿਆਨੇ, ਕਾਹਲੀ ਕਾਹਲੀ ਟੁਰੇ ਜਾਂਦੇ ਹਾਂ। ਥੋੜਾ ਰੁਕਕੇ ਧਿਆਨ ਨਾਲ ਸੋਚ ਕੇ ਦੇਖੀਏ ਕਿ ਇਹ ਉਹੀ ਜਗਹ ਹੈ ਜੋ ਕਈ ਵਾਰੀ ਸਿੱਖਾਂ ਦੇ ਖੂਨ ਨਾਲ ਲਥਪਥ ਹੋਈ ਹੈ।

ਵਿਆਹ:-
16 ਸਾਲ ਦੀ ਉਮਰ ਵਿਚ 1579 ਈ ਵਿਚ ਗੁਰੂ ਸਾਹਿਬ ਦਾ ਵਿਆਹ ਪਿੰਡ ਮਉ, ਤਹਸੀਲ ਫਲੌਰ, ਜਿਲਾ ਜਲੰਧਰ ਤੇ ਵਸਨੀਕ ਕਿਸ਼ਨ ਚੰਦ ਦੀ ਸਪੁਤਰੀ ਮਾਤਾ ਗੰਗਾ ਨਾਲ ਹੋਇਆ। ਜਿਨ੍ਹਾਂ ਦੀ ਕੁਖ ਤੋਂ 16 ਸਾਲ ਬਾਅਦ 1595  ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

ਪ੍ਰਿਥੀ ਚੰਦ ਦੀ ਨਾਕਾ ਬੰਦੀ, ਸਰੋਵਰ ਦੀ ਪਕਿਆਈ ਸੰਤੋਖਸਰ ਦੀ ਉਸਾਰੀ ਤੇ ਹਰਿਮੰਦਰ  ਸਾਹਿਬ ਦੀ ਸਥਾਪਨਾ ਕਰਕੇ ਤਕਰੀਬਨ 10 ਸਾਲ ਆਪ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕੇ ਭਾਵੇਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਿਹਾ ਪਰ ਬਹੁਤ ਕੁਝ ਰਹਿ ਗਿਆ ਸੀ ਜੋ ਗੁਰੂ ਸਾਹਿਬ ਖੁਦ ਕਰਨਾ ਚਾਹੁੰਦੇ ਸੀ। ਗੁਰੂ ਸਾਹਿਬ ਨੇ ਮਾਝੇ ਤੇ ਦੁਆਬਾ ਦਾ ਦੌਰਾ ਕਰਨ ਲਈ ਫੈਸਲਾ ਕਰ ਲਿਆ। ਜੰਡਿਆਲਾ-ਖਡੂਰ ਸਾਹਿਬ-ਗੋਇੰਦਵਾਲ-ਚੋਲਾ ਸਾਹਿਬ ਤੋਂ ਹੁੰਦਿਆ ਤਰਨਤਾਰਨ ਪਹੁੰਚੇ। ਜਿਥੇ ਪਾਣੀ ਦੀ ਥੁੜ ਦੇਖੀ ਖੂਹ ਲਗਵਾਏ, ਦਵਾਖਾਨੇ ਤੇ ਸਫਾਖਾਨੇ ਕਾਇਮ ਕੀਤੇ। ਭੁਖਿਆਂ , ਦੁਖੀਆਂ ਤੇ ਬੀਮਾਰਾਂ ਦੀ ਟਹਿਲ ਸੇਵਾ ਕੀਤੀ। ਲੋੜਵੰਦਾ ਦੀਆਂ ਲੋੜਾ ਨੂੰ ਸਮਝਿਆਂ ਤੇ ਪੂਰਾ  ਕਰਨ ਦੀ ਕੋਸ਼ਿਸ਼ ਕੀਤੀ।

ਤਰਨ ਤਾਰਨ ਸਾਹਿਬ :-
ਇਸ ਵਕਤ ਸਿੱਖੀ ਦੇ ਨਾਲ ਨਾਲ ਇਸਲਾਮ ਧਰਮ ਵੀ ਬੜੀ ਤੇਜੀ ਨਾਲ ਫੈਲ ਰਿਹਾ ਸੀ। ਜਿਸਦੇ ਕਈ ਕਾਰਨ ਸਨ। ਜਿਥੇ ਉਨ੍ਹਾਂ ਦੇ ਉੱਚੇ ਅਸੂਲ ਸੀ ਉਥੇ ਬਹੁਤ ਹਿੱਸਾ ਪੀਰਾ-ਫਕੀਰਾ ਤੇ ਸਖੀ ਸਰਵਰਾਂ  ਦਾ ਸੀ। ਪੰਜਾਬ ਵਿਚ ਤਾਂ ਇਹ ਗਲ ਪ੍ਰਸਿੱਧ ਸੀ ਕਿ ਜਿਤਨੇ ਮੁਸਲਮਾਨ ਫਕੀਰ ਫਰੀਦ ਜੀ ਦੀ ਮਿਠੀ ਜਬਾਨ ਨੇ ਬਣਾਏ ਹਨ, ਉਤਨੇ ਸ਼ਾਇਦ ਔਰੰਗਜੇਬ ਦੀ ਕਠੋਰ ਤਲਵਾਰ  ਨਹੀਂ ਬਣਾ ਸਕੀ। ਤਲਵਾਰ ਦਾ ਜੋਰ ਆਦਮੀ ਨੂੰ ਤਾਂ ਅਧੀਨ ਕਰ ਸਕਦਾ ਪਰ ਧਰਮ ਨੂੰ ਨਹੀਂ। ਜਬਰ ਸਰੀਰ ਤੇ ਤਾਂ ਕਾਬੂ ਪਾ ਸਕਦਾ ਪਰ ਰੂਹ ਤੇ ਨਹੀਂ। ਦੂਸਰਾ ਕਾਰਨ ਸੀ ਉੱਚ ਜਾਤੀਆਂ ਦੀ ਸੂਦਰਾਂ ਨਾਲ ਨਫਰਤ ਤੇ ਤੀਜਾ ਹਕੂਮਤ ਵੱਲੋਂ ਦਿੱਤੇ ਗਏ ਉੱਚ ਪਦਵੀਆਂ, ਪੈਸੇ ਤੇ ਉਨ੍ਹਾਂ ਨੂੰ ਬਰਾਬਰ ਹਕ ਤੇ ਸਨਮਾਨ ਦੇਣ ਦਾ ਲਾਲਚ ਜਿਸ ਕਰਕੇ ਬਹੁਤ ਸਾਰੇ ਨੀਵੀਆਂ ਜਾਤੀਆਂ ਦੇ ਲੋਕ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰ ਲੈਂਦੇ ਤੇ ਆਪਣੇ ਹਿੰਦੂਆਂ ਨੂੰ ਕਾਫਰ ਕਹਿੰਦੇ।  ਤਰਨਤਾਰਨ ਵਿਚ ਤੇ ਆਸ-ਪਾਸ ਸਖੀ ਸਰਵਰਾਂ ਦਾ ਵੀ ਬੜਾ ਜੋਰ ਸੀ ਜੋ ਕਬਰਾਂ ਦੀ ਪੂਜਾ ਕਰਦੇ ਸੀ। । ਪੰਜਾਬ ਵਿਚ ਲੋਕਾਂ ਨੂੰ ਇਸਲਾਮੀ ਦਾਇਰੇ ਵਿਚ ਲਿਆਉਣ ਦਾ ਕਾਰਨ ਜਿਥੇ ਪੀਰ ਫਕੀਰ ਸਨ ਉਥੇ ਸਖੀ ਸਰਵਰਾਂ ਦਾ ਬਹੁਤ ਵੱਡਾ ਹਥ ਸੀ। ਥਾਂ ਥਾਂ ਤੇ ਪੀਰਖਾਨੇ ਬਣੇ ਹੋਏ ਸੀ। ਜਿਸ ਕਰਕੇ ਲੋਕ ਇਸਲਾਮ ਧਰਮ ਵਲ ਪਾਸਾ ਕਰ ਰਹੇ ਸਨ।

ਇਸ ਨੂੰ ਠਲ ਪਾਉਣ ਵਾਸਤੇ  15 ਅਪ੍ਰੈਲ 1590 ਵਿਚ ਦੁਆਬੇ ਦੀ ਜਿੰਮੀਦਾਰਾਂ ਕੋਲ ਜਮੀਨ ਖਰੀਦਕੇ ਤਰਨਤਾਰਨ ਨਗਰ ਵਸਾਇਆ ਜੋ ਕਿ ਸਖੀ ਸਰਵਰਾਂ ਤੇ ਭਾਰੀ ਸਟ ਸੀ। ਜਿਥੇ ਜਿਥੇ ਪਾਣੀ ਦੀ ਧੁੜ ਸੀ 2-3-4-5-6 ਹਰੜ ਖੂਹ ਲਗਵਾਏ। ਤਰਨਤਾਰਨ ਵਿਚ ਕੋਹੜੀਆਂ ਦਾ ਹਸਪਤਾਲ ਖੋਲਿਆ। ਜਿਥੇ ਗੁਰੂ ਸਾਹਿਬ ਤੇ ਮਾਤਾ ਗੰਗਾਂ ਖੁਦ ਰੋਗੀਆਂ ਦੀ ਦੇਖ -ਭਾਲ ਕਰਦੇ। ਇਕ ਆਸ਼ਰਮ ਕੋਹੜਖਾਨਾ ਬਣਾਇਆ ਜਿਥੇ ਉਨ੍ਹਾਂ ਦੇ ਰਹਿਣ, ਟਹਿਲ ਸੇਵਾ, ਦਵਾ ਦਾਰੂ ਦਾ ਵੀ ਪ੍ਰਬੰਧ ਸੀ। ਗੁਰੂ ਸਾਹਿਬ ਦੇ ਬਣਾਏ ਸਰੋਵਰ ਵਿਚ ਕੋਹੜੀ ਇਸਨਾਨ ਕਰਦੇ, ਕੀਰਤਨ ਸੁਣਦੇ ਜਿਸ ਨਾਲ ਉਨ੍ਹਾਂ ਦੇ ਤਨ ਦੇ ਨਾਲ ਮੰਨ ਵੀ ਨਰੋਏ ਹੁੰਦੇ। ਉਨ੍ਹਾਂ ਦੇ ਤਨ-ਮਨ ਦੇ ਰੋਗ ਕਟੇ ਜਾਂਦੇ। ਇਸੇ ਲਈ ਸ਼ਾਇਦ ਤਰਨ-ਤਾਰਨ ਨੂੰ ਦੂਖ-ਨਿਵਾਰਨ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਹਿੰਦੋਸਤਾਨ ਦੀ ਪਹਿਲੀ ਥਾਂ ਸੀ ਜਿਥੇ ਕੋਹੜੀਆਂ ਦੀ ਸੇਵਾ-ਸੰਭਾਲ ਤੇ ਦਵਾ ਦਾਰੂ ਦਾ ਪ੍ਰਬੰਧ ਕੀਤਾ ਗਿਆ। ਨਹੀਂ ਤਾਂ ਕੋਹੜੀ ਸੜਕਾਂ ਤੇ, ਦੁਨੀਆਂ ਤੋਂ ਦੂਰ ਭਿੱਖ ਮੰਗਦੇ ਮੰਗਦੇ ਮਰ ਜਾਂਦੇ। ਤਰਨਤਾਰਨ ਤੋਂ ਬਾਅਦ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜਾਕੇ ਸਿੱਖੀ ਦਾ ਪ੍ਰਚਾਰ ਕੀਤਾ । ਇਸੀ ਪ੍ਰਚਾਰ ਸਦਕਾ ਭਾਈ ਮੰਝ ਜੋ ਸਖੀ ਸਰਵਰਾਂ ਦਾ ਜੇਥੇਦਾਰ ਸੀ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗਿਆ 1 ਸਖੀ ਸਰਵਰਾ ਦਾ ਅਸਰ ਪੂਰੇ ਪੰਜਾਬ ਤੇ ਸੀ 1 ਭਾਵੇ ਉਨ੍ਹਾਂ ਦਾ ਪੀਰ ਜਿਸ ਨੂੰ ਨਿਗਾਹੇ ਦਾ ਪੀਰ ਕਿਹਾ ਜਾਂਦਾ ਸੀ ਪੰਜਾਬ ਵਿਚ ਕਦੇ ਆਇਆ ਨਹੀਂ ਪਰ ਥਾਂ ਥਾਂ ਉਸਦੀਆਂ ਕਬਰਾ ਬਣੀਆ ਹੋਈਆ ਸਨ।

ਕਰਤਾਰਪੁਰ ਦੀ ਨੀਂਹ:-
ਤਰਨਤਾਰਨ ਦੀ ਉਸਾਰੀ ਤੋਂ ਵਿਹਲੇ ਹੋਕੇ ਸਿਖੀ  ਪ੍ਰਚਾਰ ਕਰਦੇ ਕਰਦੇ ਦੁਆਬੇ ਵਲ ਗਏ 1 ਇਥੇ ਸਿੱਖੀ ਦੇ ਪੁਰਾਣੇ ਕੇਂਦਰ ਡਲ ਨਗਰ ਜਾ ਠਹਿਰੇ। ਇਥੇ ਜਲੰਧਰ ਦਾ ਸੂਬਾ ਅਜੀਮ ਖਾਂ ਗੁਰੂ ਦੇ ਦਰਸ਼ਨਾ ਲਈ ਆਏ। ਉਨ੍ਹਾਂ ਦੇ ਬਚਨ, ਕੀਰਤਨ ਤੇ ਅਤੁਟ ਲੰਗਰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਬੇਨਤੀ ਕੀਤੀ ਕਿ ਦੁਆਬੇ ਵਿਚ ਵੀ ਕੋਈ ਨਗਰ ਵਸਾਓ, ਧਰਮ ਅਸਥਾਨ ਬਣਾਓ। ਉਸਦੀ ਬੇਨਤੀ ਸੁਣ ਕੇ 1593 ਈ ਵਿਚ ਕਰਤਾਰ ਪੁਰ ਨਗਰ ਦੀ ਨੀਂਹ ਰਖੀ। ਨਗਰ ਛੇਤੀ ਹੀ ਵਸ ਗਿਆ। ਅਕਬਰ ਵੱਲੋਂ 9 ਕੁ ਹਜਾਰ ਘੁਮਾ ਜਮੀਨ ਦਾ ਪਟਾ ਗੁਰਦੁਆਰੇ ਦੇ ਨਾਂ  ਤੇ ਲਾ ਦਿੱਤਾ ਗਿਆ। ਇਥੇ ਹੀ ਗੁਰੂ ਸਾਹਿਬ ਨੇ ਆਪਣੇ ਰਹਿਣ ਦਾ ਅਸਥਾਨ ਵੀ ਬਣਵਾਇਆ ਜਿਸ ਨੂੰ ਬਾਅਦ ਵਿਚ ਸ਼ੀਸ਼ ਮਹਲ ਤੇ ਗੁਰੂ ਕੇ ਮਹਿਲ ਦੇ ਨਾਂ ਨਾਲ ਬੁਲਾਇਆ ਜਾਣ ਲਗਾ। ਇਥੇ ਗੁਰੂ ਨਾਨਕ ਸਾਹਿਬ ਨੇ ਖੇਤੀਬਾੜੀ ਦਾ ਕੰਮ ਕਰਕੇ ਊਚ- ਨੀਚ,ਗਰੀਬਾਂ  ਤੇ ਦੁਖੀਆ ਦੀ ਸੇਵਾ ਕੀਤੀ। ਪੰਜਵੇਂ ਛੇਵੇਂ ਤੇ ਨੌਵੇਂ ਪਾਤਿਸ਼ਾਹ ਨੇ ਨਿਵਾਸ ਕੀਤਾ। ਇਥੇ ਸਿੱਖੀ ਸਤਸੰਗਤ ਦਾ ਕੇਂਦਰ ਬਣ ਗਿਆ। ਇਥੇ ਹੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਵਾਈ ਹੋਈ ਬੀੜ ਧੀਰਮਲ ਦੀ ਔਲਾਦ, ਕਰਤਾਰ ਪੁਰੀ ਦੇ ਸੋਢੀਆ ਪਾਸ ਹੈ ਜਿਸ ਦੇ ਦਰਸ਼ਨ ਅਜ ਵੀ ਮਹੀਨੇ ਦੇ ਮਹੀਨੇ ਸੰਗਤਾਂ ਨੂੰ ਕਰਵਾਏ ਜਾਂਦੇ ਹਨ।

ਲਾਹੋਰ ਦਾ ਅਕਾਲ :-
ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਲੋਕ-ਕਲਿਆਣ ਤੇ ਦੁਖੀਆਂ ਦੇ ਦੁਖ ਦੂਰ ਕਰਨ ਵਿਚ ਲਗਾ ਦਿੱਤੇ।  ਗਿਆਰਾਂ  ਸਾਲ ਸਿਖ ਧਰਮ ਦੇ ਪ੍ਰਚਾਰ ਲਈ ਪਿੰਡਾਂ ਵਿਚ ਗੁਜਾਰੇ ਜਦੋਂ ਪਿੰਡਾਂ ਦਾ ਲੰਬਾ ਚਕਰ ਲਗਾਕੇ ਅੰਮ੍ਰਿਤਸਰ ਆਏ ਤਾਂ ਬਹੁਤਾ ਚਿਰ ਠਹਿਰ ਨਹੀਂ ਸਕੇ। ਲਾਹੋਰ ਵਿਚ ਅਕਾਲ ਪੈ ਗਿਆ। ਜਦੋਂ ਸ਼ਹਿਰ ਵਿਚ ਪਏ ਭਿਆਨਕਤਾ ਸੁਣੀ ਤਾਂ ਲਾਹੌਰ ਪਹੁੰਚ ਗਏ। ਮੁਰਦਿਆਂ ਦੇ ਢੇਰ ਗਲੀ ਬਾਜਾਰਾਂ ਵਿਚ ਲਗੇ ਹੋਏ ਸੀ। ਬਦਬੂ ਇਤਨੀ ਸੀ ਕਿ ਇਸ ਵਾਲੇ ਪਾਸੇ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਮੁਰਦਿਆਂ ਦੇ ਸਸਕਾਰ ਆਪ ਕੀਤੇ। ਘਰ ਘਰ ਜਾਕੇ ਲੋਕਾਂ ਨੂੰ ਹੌਸਲਾ ਦੇਣਾ, ਦਵਾਈਆਂ ਦੇਣਾ, ਲੋੜਵੰਦਾ ਨੂੰ ਸਹਾਇਤਾ , ਭੁਖਿਆਂ ਨੂੰ ਲੰਗਰ , ਨਿਆਸਰਿਆਂ ਤੇ ਨਿਥਾਵਿਆਂ ਨੂੰ ਟਿਕਾਣਾ ਦੇਣ ਲਈ ਚੂਨਾ ਮੰਡੀ ਵਿਚ ਇਮਾਰਤ ਬਨਵਾਣੀ  ਸ਼ੁਰੂ ਕੀਤੀ ਜਿਸ ਕਰਕੇ ਲੋਕਾਂ ਨੂੰ ਸਿਰ ਛੁਪਾਣ ਦੀ ਜਗਾ ਵੀ ਮਿਲੀ ਤੇ ਬੇਰੁਜ਼ਗਾਰਾਂ ਨੂੰ ਕੰਮ ਵੀ 1 ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਡਬੀ ਬਜਾਰ ਲਾਹੋਰ ਵਿਚ ਇਕ ਬਾਉਲੀ ਤਿਆਰ ਕਰਵਾਈ। ਸ਼ਾਹ ਜਹਾਨ ਦੇ ਹੁਕਮ ਨਾਲ ਇਸ ਬਉਲੀ ਨੂੰ ਪੂਰ ਦਿੱਤਾ ਗਿਆ ਅਤੇ ਲੰਗਰ ਦੀ ਥਾਂ ਮਸੀਤ ਵਿਚ ਬਦਲ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਬਉਲੀ ਨੂੰ ਤੇ ਗੁਰਦੁਆਰੇ ਨੂੰ ਮੁੜ ਤੋਂ ਬਣਵਾਇਆ।

ਜਦੋਂ ਅਕਬਰ ਅਕਾਲ ਦਾ ਜਾਇਜਾ ਲੈਣ ਲਈ ਲਾਹੌਰ ਆਇਆ ਤਾਂ ਉਹਨਾਂ ਦੀ ਸੇਵਾ ਤੇ ਬਹੁਤ ਖੁਸ਼ ਹੋਇਆ। ਜਗੀਰਾ ਦੇਣੀਆਂ ਚਾਹੀਆ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਇਹ ਕਹਿਕੇ ਕੀ ਇਹ ਸੰਗਤਾਂ ਦਾ ਉਪਰਾਲਾ ਹੈ, ਸੰਗਤਾਂ ਹੀ ਕਰਨਗੀਆਂ 1 ਇਹ ਫਕੀਰਾਂ ਦਾ ਘਰ ਹੈ ਇਥੇ ਜਗੀਰਾਂ ਆ ਗਈਆਂ ਤੇ ਬਖੇੜੇ ਖੜੇ ਕਰਨਗੀਆਂ । ਬਾਦਸ਼ਾਹ ਨੂੰ ਉਸਦੀ ਪਰਜਾ ਪ੍ਰਤੀ ਫਰਜ ਸਮਝਾਏ ।ਗੁਰੂ ਸਾਹਿਬ ਦੀ ਦਿਲਖਿਚਵੀਂ ਸ਼ਖਸ਼ੀਅਤ, ਮਿਠੇ ਬੋਲ, ਪਿਆਰ-ਭਰੇ ਸੁਭਾ ,ਨਿਮਰਤਾ, ਰਹਿਣੀ-ਬਹਿਣੀ- ਤੇ ਕਰਨੀ ਤੋਂ ਅਕਬਰ ਇਤਨਾ ਪ੍ਰਭਾਵਤ ਹੋਇਆ ਕਿ 24 ਨਵੰਬਰ 1598 ਨੂੰ ਜਦੋਂ ਓਹ ਲਾਹੋਰ ਤੋਂ ਵਾਪਸ ਗਿਆ ਤਾਂ ਗੋਇੰਦਵਾਲ ਗੁਰੂ ਦਰਬਾਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ 1  ਉਨ੍ਹਾਂ ਦਾ ਪਰਉਪਕਾਰੀ ਸੁਭਾ ਦੇਖ ਕੇ ਲਾਹੌਰ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਨ ਲਗ ਪਏ। ਮੁਸਲਮਾਨ ਵੀ ਉਨਾਂ ਦੇ ਸਰਧਾਲੂ ਬਣ ਗਏ।

ਪੰਜਾਬ ਵਿਚ ਅਕਾਲ :-
ਜਦੋਂ ਉਥੋਂ ਦੀ ਹਾਲਤ ਕੁਝ ਸੁਧਰੇ  ਤਾਂ ਉਥੇ ਦੀ ਸੇਵਾ ਕੁਝ ਉਘੇ ਸਿੱਖਾਂ ਨੂੰ ਦੇਕੇ ਆਪ ਲਾਹੌਰ ਤੋਂ ਚਲ ਪਾਏ। ਰਾਵੀ ਦੇ ਕੰਢੇ ਤਕ ਪਿੰਡਾਂ ਵਿਚ ਗਏ। ਜਗਹ ਜਗਹ ਤੇ ਸਿੱਖੀ ਪਰਚਾਰ ਕੀਤਾ। 1598 ਵਿਚ ਵਾਪਸ ਅੰਮ੍ਰਿਤਸਰ ਆਏ। ਪੰਜਾਬ ਵਿਚ ਭਾਰੀ ਅਕਾਲ ਪੈ ਗਿਆ। ਬਰਸਾਤਾਂ  ਨਾ ਹੋਣ ਕਰਕੇ ਪੈਲੀਆਂ  ਸੁਕ ਗਈਆਂ। ਭੁਖੇ ਮਰਦੇ ਕੰਗਾਲਾ ਉਤੇ ਮੌਸਮੀ ਤਾਪ ਤੇ ਸੀਤਲਾਂ ਨੇ ਆ ਵਾਰ ਕੀਤਾ। ਲੋਕ ਨੇ  ਇਸਨੂੰ ਕੁਦਰਤ ਦੀ ਮਾਰ ਸਮਝ ਕੇ ਇਸਤੋਂ ਬਚਣ ਲਈ ਜਾਦੂ ਟੂਣਿਆਂ ਤੇ ਪੀਰਾਂ  ਫਕੀਰਾਂ  ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਲੋਕਾਂ ਨੂੰ ਪੀਰਾਂ  ਫਕੀਰਾਂ , ਧਾਗੇ, ਤਵੀਤਾਂ , ਵਹਿਮਾ, ਭਰਮਾ ਤੇ ਕਰਮ-ਕਾਂਡਾਂ  ਤੋਂ ਵਰਜਿਆ ਤੇ ਸਮਝਾਇਆ ਕਿ ਤੁਹਾਡੇ ਉਦਮ ਤੇ ਅਕਾਲ-ਪੁਰਖ ਦੀ ਮੇਹਰ ਨਾਲ ਹੀ ਇਸ ਕਰੋਪੀ ਤੇ ਬਚਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਪਾਣੀ ਦੀ ਥੁੜ ਨੂੰ ਪੂਰਾ ਕਰਨ ਲਈ 2-4-6- ਹਰਟਾ ਖੂਹ ਲਗਵਾਏ। ਪਾਣੀ ਦੀ ਘਾਟ ਪੂਰੀ ਹੋਣ ਕਰਕੇ ਲੋਕਾ ਨੂੰ ਰਾਹਤ ਮਿਲੀ। ਤਨਾਂ ਮਨਾਂ ਵਿਚ ਠੰਢ ਪਈ। ਉਧਰ ਅਕਬਰ ਨੇ ਵੀ ਮਾਲੀਆ ਘਟਾਉਣ ਦਾ ਐਲਾਨ ਕਰ ਦਿੱਤਾ। ਮਾਲਵੇ  ਦੇ ਪਿੰਡਾ ਦਾ ਚਕਰ ਲਗਾਇਆ। ਅੰਮ੍ਰਿਤਸਰ ਵਾਲੇ ਪਹਾੜਾ ਦਾ ਪਾਸਾ ਅਜੇ ਰਹਿੰਦਾ ਸੀ। ਉਥੋਂ ਰਾਵੀ ਦੇ ਕੰਢੇ ਤਕ ਦੌਰਾ ਕੀਤਾ। ਬਾਰਨ ਵਿਚ ਬਾਬਾ ਸ੍ਰੀ ਚੰਦ ਨੂੰ ਮਿਲੇ। ਗੁਰਦਾਸਪੁਰ ਦਾ ਚਕਰ ਲਗਾਇਆ। ਤਕਰੀਬਨ 2 ਸਾਲ ਰਹਿਕੇ 1601 ਵਿਚ ਵਾਪਸ ਅੰਮ੍ਰਿਤਸਰ ਆ ਗਏ।

ਛੇਹਰਟਾ ਸਾਹਿਬ :-
ਵਡਾਲੀ ਦੇ ਨੇੜੇ ਪਾਣੀ ਦੀ ਥੁੜ ਹੋਣ ਕਰਕੇ ਛੇ-ਹਰਟਾ ਖੂਹ ਲਗਵਾਇਆ ਜਿਸ ਕਰਕੇ ਇਸ ਜਗਾ ਦਾ  ਨਾਂ  ਹੀ  ਚੇ-ਹਰਟਾ ਸਾਹਿਬ ਪੈ ਗਿਆ 1 ਮਾਤਾ ਗੰਗਾ ਦੇ ਨਾਮ ਤੇ  ਗੰਗਾ ਵਾਲਾ ਖੂਹ ਖੁਦਵਾਇਆ, ਤੇ ਹੋਰ ਕਈ ਖੂਹ ਲਗਵਾਏ I ਜਦ ਗੁਰੂ ਸਾਹਿਬ ਨੇ ਇਥੇ ਸਿੱਖੀ ਕੇਂਦਰ ਸਥਾਪਤ ਕੀਤਾ ਤਾਂ ਸਰਵਰੀਆਂ ਦਾ ਮਤ ਖੋਖਲਾ ਜਿਹਾ ਹੋ  ਗਿਆ ਜਿਸ ਕਰਕੇ ਉਨ੍ਹਾ ਦੀ ਈਰਖਾ ਵਧ ਗਈ। ਹਕੂਮਤ ਨੂੰ ਸ਼ਿਕਾਇਤਾ ਵੀ ਲਗੀਆਂ । ਇਥੇ ਤਕ ਕਿ ਸੰਗਤਾਂ ਦੀਆ ਬਣਾਈਆ ਇਟਾਂ  ਵੀ ਹਾਕਮ ਨੁਰੂਦੀਨ ਦੇ ਪੁੱਤਰ ਨੇ ਚੁਕਵਾ ਕੇ ਸਖੀ ਸਰਵਰ ਦੇ ਪੀਰ ਦੀ ਦਰਗਾਹ ਤੇ ਲਗਵਾ ਦਿਤੀਆਂ । ਇਹ ਵਖਰੀ ਗਲ ਹੈ ਕਿ ਬਾਅਦ ਵਿਚ ਸਿਖਾਂ ਨੇ ਉਹ  ਇਟਾਂ  ਤੋੜਕੇ  ਵਾਪਸ ਸਰੋਵਰ ਦੀ ਪਰਕਰਮਾ ਵਿਚ ਲਗਾ ਲਈਆਂ 1  ਇਕ ਸਾਲ ਦੇ ਕਰੀਬ  ਦੁਆਬੇ ਵਿਚ ਪ੍ਰਚਾਰ ਕਰਕੇ 1594 ਵਿਚ   ਵਡਾਲੀ ਪਿੰਡ ਵਿਚ ਆ ਟਿਕੇ 1 ਇਥੇ ਤਕਰੀਬਨ ਤਿੰਨ  ਸਾਲ ਰਹੇ ਤੇ ਇਥੋਂ ਹੀ ਪ੍ਰਚਾਰਕ ਦੌਰੇ ਤੇ ਜਾਂਦੇ ਰਹੇ ।  ਇਸਦੇ ਨਾਲ ਹੀ ਇਕ ਲੰਗਰ ਗੁਰਦੁਆਰਾ ਵੀ  ਕਾਇਮ ਕੀਤਾ ,ਜਿਥੇ ਹਰ ਸਾਲ ਬਸੰਤ ਪੰਚਮੀ ਦਾ ਮੇਲਾ ਲਗਦਾ ਹੈ।
ਹਰਗੋਬਿੰਦ ਪੁਰਾ:-
ਜਿਲਾ ਗੁਰਦਾਸਪੁਰ ਤਹਿਸੀਲ ਬਟਾਲਾ ਵਿਚ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿਚ ਸੰਨ 1597 ਦੇ ਕਰੀਬ ਬਿਆਸ ਦੇ ਉਤਰੀ ਕੰਢੇ ਪਾਸ ਇਕ ਨਗਰ ਵਸਾਇਆ। ਜਿਸਦਾ ਨਾਂ ਗੋਬਿੰਦਪੁਰਾ ਰੱਖਿਆ। ਜਦੋਂ ਗੁਰੂ ਹਰ ਗੋਬਿੰਦ ਸਾਹਿਬ ਵਕਤ ਇਥੇ ਰੌਣਕਾ ਵਧਣ ਲਗੀਆਂ ਤਾਂ ਇਸਦਾ ਨਾ ਹਰਗੋਬਿੰਦਪੁਰਾ ਪੈ ਗਿਆ।

ਗੁਰੂ ਕਾ ਬਾਗ:-
ਮਾਝੇ ਵਿਚ ਗੁਰਸਿੱਖੀ ਪ੍ਰਚਾਰ ਕਰਨ ਵਕਤ ਸੰਗਤ ਗੁਰੂ ਸਾਹਿਬ ਨੂੰ ਸੀਹੰਸਰੇ ਲੈ ਗਈ1  ਇਥੇ ਗੁਰੂ ਸਾਹਿਬ ਕਈ ਦਿਨ ਟਿਕੇ । ਪਹਿਲੇ ਇਸ ਨੂੰ ਗੁਰੂ ਕੀ ਰੋੜ ਆਖਦੇ ਸਨ, ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਥ ਬਾਗ ਲਗਾਵਾਇਆ ਤਾਂ ਇਸਦਾ ਨਾਂ  ਗੁਰੂ ਕਾ ਬਾਗ ਪੈ ਗਿਆ। ਅਗਲੀ ਲਹਿਰ ਸਮੇਂ ਇਥੇ ਬਹੁਤ ਭਾਰੀ ਮੋਰਚਾ ਲਗਾ ਤੇ ਸਤਿਆਗ੍ਰਹ ਵੀ ਹੋਇਆ।

ਰਾਮਸਰ:-
(1659-1660) ਰਾਮਸਰ ਤੇ ਨਾਂ  ਦਾ ਇਕ ਛੋਟਾ ਜਿਹਾ ਸਰੋਵਰ ਬਣਵਾਇਆ। ਜਿਸਦੇ ਕਿਨਾਰੇ ਬੈਠ ਕੇ ਉਨ੍ਹਾਂ ਸੁਖਮਨੀ ਸਾਹਿਬ ਰਚੀ ਤੇ ਭਾਈ ਗੁਰਦਾਸ ਜੀ ਤੋਂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ।

ਮਸੰਦ :-
ਮਸੰਦ ਪ੍ਰਥਾ ਚੋਥੇ ਗੁਰੂ ਸਾਹਿਬ ਸਮੇਂ ਪ੍ਰਚਲਿਤ ਹੋਈ ਸੀ।  ਇਸ ਵਕਤ ਪ੍ਰਿਥੀ ਚੰਦ ਦੇ ਗਲਤ ਪ੍ਰਚਾਰ ਕਾਰਨ ਕੁਝ ਮਸੰਦ ਆਪਣੇ ਆਚਰਨ ਤੋ ਡਿਗ ਪਏ  ਸਨ 1 ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਦੀ ਜਥੇਬੰਦੀ ਵਲ ਵਿਸ਼ੇਸ਼ ਧਿਆਨ ਦਿੱਤਾ। ਮਸੰਦ ਉਨਾ ਦੀ ਲਿਆਕਤ , ਸਿਆਣਪ ਤੇ ਕੀਤੇ ਕੰਮਾ ਨੂੰ ਮੁਖ ਰਖ ਕੇ ਕੀਤੇ ਜਾਂਦੇ 1 ਸੰਗਤਾ ਨੂੰ ਹੁਕਮਨਾਮੇ ਭੇਜੇ ਕੀ ਸਿਰਫ ਨੀਅਤ ਕੀਤੇ ਮਸੰਦਾ ਨੂੰ ਭੇਟਾ ਦਿਤੀ ਜਾਏ 1

ਇਸ ਵਕਤ ਤਕ ਸਿਖੀ ਦੂਰ ਦੂਰ ਤਕ ਫੈਲ ਗਈ ਸੀ 1 ਮਸੰਦਾ ਰਾਹੀ ਦੂਰ ਦੁਰਾਡੇ ਬੈਠੇ ਸਿਖਾਂ ਦਾ ਸੰਬੰਧ ਗੁਰੂ ਕੇਂਦਰ ਨਾਲ ਜੁੜਿਆ ਰਹਿੰਦਾ 1 ਉਹ ਹਰ ਵੇਲੇ ਦੂਰ, ਨੇੜੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਦੇ, ਭੇਟਾ ਇੱਕਠੀ  ਕਰਦੇ ,ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਨੂੰ ਤੇ ਸੰਗਤਾ ਦੇ ਸ਼ੰਕੇ ਤੇ ਸਨੇਹੇ  ਗੁਰੂ ਸਾਹਿਬ ਨੂੰ ਪਹੁੰਚਾਦੇ, ਜਿਸ ਨਾਲ ਸਿੱਖੀ ਪ੍ਰਚਾਰ ਦਾ ਕੰਮ ਇਤਨਾ ਵਧ ਗਿਆ ਕਿ ਦੇਸ਼ ਦਾ ਕੋਈ ਕੋਨਾ ਅਜਿਹਾ ਨਾ ਰਿਹਾ ਜਿਥੇ ਕੋਈ ਸਿੱਖ ਨਾ ਵਸਦਾ ਹੋਵੇ।ਉਸ ਵਕਤ ਮਸੰਦ ਵੀ ਉੱਚੇ ਇਖਲਾਖ ਦੇ ਹੋਇਆ ਕਰਦੇ ਸੀ। ਕੁਝ ਚੋਣਵੇ ਮਸੰਦ ਜਿਵੇ ਭਾਈ ਭਗਤ ਪੂਰਬ ਵੱਲ, ਸੁਥਰੇ ਸਾਹ ਦਿੱਲੀ ਵੱਲ, ਭਾਈ ਫੇਰੂ ਨੂੰ ਰਾਜਸਥਾਨ ਦੀ ਸੇਵਾ ਬਖਸੀ, ਜਿਨਾਂ ਦੀ ਮੇਹਨਤ ਤੇ ਸੇਵਾ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਦਾ ਇਤਨਾ ਵਾਧਾ ਹੋਇਆ ਕਿ ਹਕੂਮਤ ਨੂੰ ਸਿਖਾਂ ਦੀ ਵਧਦੀ ਤਾਕਤ ਤੋਂ ਡਰ ਲਗਣ ਲਗ ਪਿਆ।

ਦਸਵੰਧ:-
ਦੀ ਰੀਤ ਚਲਾਈ। ਇਹ ਪਿਆਰ ਭੇਟਾ ਸੀ ਕੋਈ ਜਬਰਦਸਤੀ ਨਹੀਂ ਸੀ 1 ਭੇਟਾ ਸਿਰਫ ਲੋੜਵੰਦਾ ਤੇ ਭਲਾਈ ਦੇ ਕੰਮਾਂ ਵਿਚ ਖਰਚ ਹੁੰਦੀ 1 ਸੰਗਤਾਂ ਨੂੰ ਉਪਦੇਸ਼ ਦਿਤਾ ਕਿ ਧਰਮ ਕਾਰਜ ਕਰਨ ਲਈ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਭੇਟ ਕਰੇ। ਜਿਸਦਾ ਹਿਸਾਬ ਮਸੰਦ ਰਖਦੇ ਸੀ। ਸਹਿਜੇ ਸਹਿਜੇ ਮਸੰਦ ਉਸ ਰਕਮ ਵਿਚ ਹਥ ਫੇਰੀ ਵੀ ਕਰਨ ਲਗ ਪਏ। ਜਿਸਤੋਂ ਬਚਾਵ ਲਈ ਹਰ ਇਕ ਮਸੰਦ ਨੂੰ ਹਿਦਾਇਤ ਦਿੱਤੀ ਕਿ ਉਹ ਭੇਟਾ ਦਾ ਲਿਖਤੀ ਹਿਸਾਬ ਰਖਣ। ਸੰਗਤਾਂ ਭੇਟਾ ਆਪਣੇ ਸਾਹਮਣੇ ਵਹੀ ਵਿਚ ਦਰਜ ਕਰਵਾਦੀਆਂ।

ਘੋੜਿਆਂ ਦੀ ਤਜਾਰਤ :-
ਆਪਣੇ ਸਿਖਾਂ ਨੂੰ ਕਾਬਲ ਤੇ ਈਰਾਨ ਤਕ ਘੋੜਿਆ ਦਾ ਵਿਉਪਾਰ ਕਰਨ ਦੀ ਆਗਿਆ ਦਿੱਤੀ ਜਿਸਨੇ ਹਿੰਦੂ ਧਰਮ ਦੇ ਇਸ ਭਰਮ-ਜਾਲ ਨੂੰ ਤੋੜਿਆ ਕਿ ਦਰਿਆ ਸਿੰਧ ਨੂੰ ਪਾਰ ਕਰਨ ਨਾਲ ਧਰਮ ਭ੍ਰਿਸ਼ਟ ਹੋ ਜਾਂਦਾ ਹੈ।  ਦੂਜਾ ਘੋੜਿਆ ਦੀ ਤਜਾਰਤ ਨਾਲ ਨਾ ਕੇਵਲ ਸਿੱਖਾਂ ਦੀ ਮਾਲੀ ਹਾਲਤ ਬਦਲੀ ਸਗੋਂ ਉਹ ਚੰਗੇ ਘੋੜ ਸਵਾਰ, ਮਹਾਨ ਯੋਧੇ ਤੇ ਸੰਯੁਕਤ ਭਾਈਚਾਰੇ ਦੇ ਕਾਇਲ ਬਣੇ। ਉਨ੍ਹਾ  ਦੇ ਆਚਰਨ ਵਿਚ ਪ੍ਰਪਕਤਾ ਤੇ ਇਰਾਦਿਆਂ ਵਿਚ ਮਜਬੂਤੀ ਆਈ 1 ਤੀਜਾ  ਇਸ ਤਜਾਰਤ ਨੇ ਆਉਣ ਵਾਲੀ ਫੌਜ਼ ਦੀ ਨੀਹ ਰਖੀ 1 ਸਿਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਹੋ ਗਈ ,ਤੇ  ਪੂਰੇ ਹਿੰਦੁਸਤਾਨ ਵਿਚ ਘੋੜ ਸਵਾਰੀ ਲਈ ਓਹ ਪ੍ਰਸਿਧ ਹੋ ਗਏ 1

ਲੋਕ ਭਲਾਈ ਲਈ ਕਾਰਜ :-
ਜਗਹ ਜਗਹ  ਤੇ ਜਾਕੇ ਲੋੜਵੰਦਾ ਤੇ ਦੁਖੀਆਂ ਦੇ ਦਰਦ ਵੰਡਾਏ1 ਥਾਂ ਥਾਂ ਤੇ ਸੰਗਤਾਂ ਕਾਇਮ ਕੀਤੀਆਂ 1 ਸਤੀ ਰਸਮ  ਦਾ ਖੰਡਨ ਕੀਤਾ 1 ਇਕ ਵਿਧਵਾ ਦਾ ਵਿਵਾਹ ਪਿੰਡ ਦੇ ਹੋਮੇ ਚੋਧਰੀ ਨਾਲ ਕਰਵਾਕੇ  ਵਿਧਵਾ ਵਿਵਾਹ ਦੀ ਨਵੀਨ ਮਿਸਾਲ ਕਾਇਮ ਕੀਤੀ 1 ਲੋਕਾਂ ਨੂੰ ਨਸ਼ਿਆਂ ਤੋਂ ਵਰਜਿਆ 1

ਗੁਰੂ ਗਰੰਥ ਸਾਹਿਬ:-
ਇਸ ਵਕਤ ਤਕ ਸਿੱਖਾਂ ਦੀ ਆਪਣੀ ਇਕ ਚੰਗੀ, ਤਕੜੀ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਚੁੱਕੀ ਸੀ ਜੋ ਹਿੰਦੂ ਮੁਸਲਮਾਨਾ ਤੋਂ ਬਿਲਕੁਲ ਅੱਡ ਸੀ। ਇਨ੍ਹਾਂ ਦੇ ਸਾਲਾਨੇ ਜੋੜ ਮੇਲੇ, ਰੋਜ਼ਾਨਾ ਕਥਾ, ਕੀਰਤਨ, ਸਾਂਝੇ ਲੰਗਰ, ਹੋਰ ਧਰਮ ਕਰਮ ਸੇਵਾ ਆਦਿ। ਸਿਖ ਠਾਕਰ ਦੁਆਰਿਆਂ, ਤੀਰਥਾਂ, ਮਸਜਿਦਾ ਮਜਾਰਾਂ  ਤੇ ਜਾ ਨਹੀਂ ਸੀ ਸਕਦੇ। ਵੇਦ, ਕਤੇਬ, ਰਮਾਇਣ, ਗੀਤਾ ਪੜ ਨਹੀਂ ਸੀ ਸਕਦੇ। ਲੋੜ ਸੀ ਇਕ ਸਾਂਝੇ ਧਰਮ ਮੰਦਰ ਤੇ ਪਵਿੱਤਰ ਗ੍ਰੰਥ ਦੀ।

ਸਿੱਖੀ ਵਿਚ ਬਾਣੀ ਪੜਨ,ਗਾਉਣ ਤੇ ਸੁਨਣ ਦੀ ਮਹਾਨਤਾ ਤੇ ਪ੍ਰਧਾਨਤਾ ਨੂੰ ਵੇਖਕੇ ਪ੍ਰਿਥੀਏ ਨੇ ਆਪਣੀ ਰਚਨਾ ਨੂੰ ਗੁਰਬਾਣੀ ਨਾਲ ਰਲਾਕੇ ਸਿਖਾਂ ਵਿਚ ਪ੍ਰਚਲਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਂ ਦੇਣ ਦੀ ਬਜਾਏ ਆਖਿਰ ਵਿਚ ਨਾਨਕ ਲਾਇਆ। ਪ੍ਰਿਥੀ ਚੰਦ ਤੇ ਉਸਦਾ  ਦਾ ਪੁਤਰ ਮੇਹਰਬਾਨ ਆਪਣੀ ਬਾਣੀ  ਉਚਾਰਕੇ  ਬਾਣੀ ਹੇਠ ‘ ਨਾਨਕ ‘  ਨਾਮ ਜੋੜ ਕੇ ਬਾਣੀ  ਨੂੰ ਖੰਡਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਇਸ ਤਰ੍ਹਾਂ ਹੋਰ ਵੀ ਕਈ ਭੇਖੀ, ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ , ਸਿਧਾਤਾਂ , ਨਿਸਚਿਆਂ ਦੇ ਆਦਰਸ਼ਾ ਵਿਚ ਹੇਰ ਫੇਰ ਕਰ ਸਕਦੇ ਸੀ।

ਸੋ ਗੁਰੂ ਸਾਹਿਬ ਨੇ ਇਥੇ ਹੀ ਇਸਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ  ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ। ਪਹਿਲੇ ਚਹੂੰਆਂ ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਕੱਠਾ ਕੀਤਾ। ਫਿਰ ਆਪਣੀ ਬਾਣੀ, ਫਿਰ ਭਗਤਾ ਸਿਖਾਂ ਤੇ ਭਟਾਂ ਦੀ ਬਾਣੀ ਉਹ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾ ਨੂੰ ਮੁਖ ਰਖਕੇ, ਅਕਾਲ ਪੁਰਖ ਤੇ ਵਿਸ਼ਵਾਸ ਰਖਣਾ ਮੰਨਿਆ। ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾਂ  ਤੇ ਭਟਾਂ  ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ।

ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿਚ ਥਾਂ, ਜਿਥੇ ਜੰਡ,ਬੋਹੜ, ਅੰਜੀਰ ਤੇ ਪਿਪਲ ਦੇ ਦਰਖਤਾਂ ਦੀ ਛਾਂ ਤੇ ਹਰਆਵਲੀ ਸੀ, ਜਿਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸਦੇ ਕੰਢੇ ਤੇ ਸੰਮਤ 1603 ਵਿਚ ਭਾਈ ਗੁਰਦਾਸ ਜੀ ਤੋਂ ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਂਈ ਬੰਨੋ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ, ਤਾਂਕਿ ਦੁਰਾੜੇ ਬੈਠੀਆਂ ਸੰਗਤਾਂ ਵੀ ਇਸਦਾ ਰਸ ਮਾਣ ਸਕਣ, ਜਿਲਦ ਦੀ ਸੇਵਾ ਭਾਈ ਬੰਨੋਂ ਨੂੰ ਸੌਂਪੀ।

ਆਦਿ ਗਰੰਥ ਚਾਰ ਹਿੱਸਿਆ ਵਿਚ ਵੰਡਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ  ਵਿਚ ਬਾਣੀ, ਰਾਗਾਂ  ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇਹ ਚਉਬੋਲੇ, ਸਵਈਏ ਅਤੇ ਆਖਿਰ ਵਿਚ ਸਲੋਕ ਵਾਰਾਂ  ਤੇ ਵਧੀਕ ਲਿਖਕੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਹੇਠ ਲਿਖੇ ਤੀਹ ਰਾਗਾਂ ਵਿਚ ਲਿਖੀਆਂ – ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਿਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ-ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਜੈਜਾਵੰਤੀ ਅਤੇ ਪ੍ਰਭਾਤੀ। ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਕੀਤੀ ਜੋ ਉਨ੍ਹਾਂ ਨੇ ਆਪਣੀ ਹੱਥੀ ਲਿਖੀ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦ ਫਿਰ ਆਪਣੀ ਬਾਣੀ-ਸਿਰਲੇਖ ਵਿਚ ਨਾਂ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ- ਉਸਤੋਂ ਬਾਅਦ ਗੁਰੂ ਸਾਹਿਬਾਨਾ ਦੀ ਸਾਰੀ ਬਾਣੀ ਮਹਲਾ-(ਜਾਮਾ) 1-2-3-4-5 ਇਸ ਤਰਤੀਬ ਨਾਲ ਛੰਦ, ਅਸਰਟਪਦੀਆਂ ਤੇ ਲੰਮੀਆ ਬਾਣੀਆਂ ਲਿਖੀਆਂ । ਫਿਰ ਭਗਤਾ, ਸਿਖਾਂ ਤੇ ਭਟਾਂ  ਦੀਆਂ ਬਾਣੀਆਂ ਦਰਜ ਕੀਤੀਆ।

15 ਭਗਤਾਂ , ਫਰੀਦ, ਕਬੀਰ, ਨਾਮਦੇਵ, ਰਵਿਦਾਸ, ਰਾਮਾਨੰਦ, ਜੈਦਵ, ਤ੍ਰਿਲੋਚਨ, ਧੰਨਾ, ਸੈਣ, ਪੀਪਾ, ਭੀਖਣ, ਸਧਨਾ, ਪਰਮਾਨੰਦ, ਸੂਰਦਾਸ, ਬੇਣੀ ਆਦਿ ਭਟਾ ਦੀ ਬਾਣੀ,ਕਲਸਹਾਰ, ਜਾਲਪ, ਕੀਰਤ, ਭਿਖੀ ਮਲ, ਭਲ, ਨਲ, ਗਯੰਦ, ਬਲ, ਹਰਬੰਸ, ਮਥੁਰਾ ਬਨ, ਬਾਬਾ ਸੁੰਦਰ ਜੀ , ਸਤਾ ਬਲਵੰਡ, ਭਾਈ ਮਰਦਾਨਾ 4 ਸਿੱਖਾਂ ਦੀ ਬਾਣੀ ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਸਾਹਿਬ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ। ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸਨੂੰ ਪੜ ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।

ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।

ਇਸ ਸੰਪਾਦਨ ਦਾ ਨਿਰਣਾ ਉਸ ਵੇਲੇ ਲਿਆ ਗਿਆ ਸੀ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਹਰੀ ਵਿਚ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ।

ਸੂਰਦਾਸ ਦਾਦੂ ਜਸ ਕੀਨਾ॥ ਕਾਨ ਦਾਮ ਤੇਰੇ ਨਾਮ ਸੰਗ ਲੀਨਾ॥

ਨੇਤਿ ਨੇਤਿ ਕਰ ਵੇਦ ਸੁਨਾਵੇ॥ ਸੰਤ ਧੂਰ ਨਾਨਕ ਜਨ ਪਾਵੇ॥

ਇਹ ਇਕ ਐਸਾ ਗ੍ਰੰਥ ਹੈ ਜਿਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹਲ ਹੈ। ਊਚ-ਨੀਚ ਤੇ ਕਰਮ ਕਾਂਡਾ ਦੀ ਪਰਿਭਾਸਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼, ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ -ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾ ਨੂੰ ਇੱਕੋ ਥਾਂ ਦਿੱਤੀ ਹੈ।

ਮੇਟਕਾਫ਼-‘ ਸੰਸਾਰ ਦੇ ਵੱਡੇ ਵੱਡੇ ਧਰਮਾ ਦੇ ਆਗੂ ਹੋਏ ਹਨ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਇਕ ਪੰਗਤੀ ਵੀ ਲਿਖੀ ਛੱਡਕੇ ਨਹੀਂ ਗਿਆ। ਸਿਰਫ ਉਨ੍ਹਾਂ ਦੇ ਪ੍ਰਚਾਰ ਜਾ ਪ੍ਰਚਲਤ ਰਵਾਇਤਾ ਤੇ ਪਤਾ ਲਗਦਾ ਹੈ। ਪਰ ਸਿਖ ਗੁਰੂ ਸਾਹਿਬਾਨਾ ਦੀ ਬਾਣੀ ਹੈ ਜੋ ਉਨ੍ਹਾਂ ਦੀ ਆਪਣੀ ਹਥ ਲਿਖੀ ਹੈ’। .ਟੀਨਬੀ  ਨੇ ਕਿਹਾ ਹੈ ,” ਜਦ ਕਦੇ ਧਰਮ ਦੀ ਮਹਾ ਗ੍ਰੰਥ ਦੀ ਸਭਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੀ ਗਹੁ ਨਾਲ ਸੁਣੀ ਜਾਏਗੀ’। ਰਾਧਾਕ੍ਰਿਸ਼ਨਾ ,” ਜਦ ਵੀ ਇਹ ਬਾਣੀ ਗੂੰਜੀ ,ਸਾਗਰਾ ਦੀਆਂ ਵਿਥਾ ਤੇ ਪਹਾੜਾ ਦੀਆਂ ਰੋਕਾ ਇਸਦੇ ਅੱਗੇ ਸਭ ਮੁਕ ਜਾਣਗੀਆਂ 1 ਟਰੰਪ ‘‘ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਸਭਿਅਤਾ ਦਾ ਖਜਾਨਾ ਕਹਿੰਦੇ ਹਨ। ਇਸ ਵਿਚ ਪ੍ਰੀਤਮ ਦੀ ਬਿਰਹੋ ਬਬੀਹ ਦੀ ਕੂਕ, ਨਵ-ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁਤਾ ਦੀ ਰੰਗੀਲੀ ਛਹਿਬਰ, ਕੁਦਰਤ ਦੇ ਅਨੁਪਮ ਦ੍ਰਿਸ਼, ਭਗਤਾ ਦੀ ਤੜਪ, ਭਿੰਨੜੀ ਰੈਣ, ਗੁਰਦਰਸਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਨ੍ਹਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ। ਮੇਟਕਾਫ਼ ਇਕ ਥਾਂ ਲਿਖਦਾ ਹੈ’ ‘‘ਹੁਨਾਲੇ ਦੀ ਗਰਮੀ, ਸਿਆਲੇ ਦੇ ਕਕਰ, ਅਕਾਸ਼ ਦੀ ਜਲਾਲੀ, ਸੁੰਦਰਤਾ, ਪਿੰਡਾ ਦੇ ਵਸਨੀਕਾ ਦੇ ਦੁਖ, ਸਿੱਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਦਾ ਹੈ’। ਪ੍ਰੋ ਪਿਆਰਾ ਸਿੰਘ ,” ਅਗਰ ਇਸ ਬਾਣੀ ਨੂੰ ਗੁਰੂ ਮੰਨ ਕੇ ਕੋਈ ਨਾ ਵੀ ਪੜੋ ਤਾਂ ਵੀ ਇਸਦੇ ਸਹਿਤਕ ਸੁਆਦ ਅਗੇ ਉਸਨੂੰ ਸਿਰ ਝੁਕਾਣਾ ਪੈਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਸ਼ਾ ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ ਹਿੰਦੂ ਮੁਸਲਮਾਨ, ਛੂਤ, ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇਕੋ ਸਥਾਨ ਦਿੱਤਾ ਹੈ’।  ਇਹ ਦੁਨਿਆ  ਦਾ ਪਹਿਲਾ ਗਰੰਥ ਹੈ ਜਿਸ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਨੂੰ “ਗੁਰੂ ਮਾਨਿਉ ਗਰੰਥ ” ਦਾ ਹੁਕਮ ਦੇਕੇ ਸਦਾ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ 1

ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦਿ ਹਥ ਲਿਖਤ ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।   14 ਅਗਸਤ 1604 ਦਾ ਦਿਨ ਸਥਾਪਨਾ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ  ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ  ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।

ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਆਸਣ ਦਿੱਤਾ। ਪਿੱਛੇ ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ। ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜਾ ਜੇਹੜੀ ਰਵਾਇਤ ਅਜ ਤਕ ਕਾਇਮ ਹੈ। ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ। ਸਵੇਰੇ ਦੀਵਾਨ ਲਗੇ ਜਿਸ ਵਿਚ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸ ਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨ੍ਹਾ  ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸ ਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ  ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ 1

” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “

ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ 1ਪਹਿਲਾ ਪ੍ਰਕਾਸ਼ 15 ਅਗਸਤ 1604,  ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਵਾਕ ਸੀ

ਸੰਤਾ ਕੇ ਕਾਰਜ ਆਪ ਖਲੋਇਆ॥

ਹਰ ਕੰਮ ਕਰਵਣਿ ਆਇਆ ਰਾਮ 11

ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਗੁਰੂ ਅਰਜਨ ਦੇਵ ਜੀ ਨੇ  ਇਸਦਾ ਸੰਕਲਨ ਕਰਕੇ  ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾ ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।

104 ਸਾਲ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਕੁਝ ਚਿਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, 59 ਸ਼ਬਦ ਤੇ 57 ਸਲੋਕ ਦਰਜ ਕਰਵਾਏ। 1 ਅਕਤੂਬਰ 1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ। ਸਿਖਾਂ ਨੂੰ ਸ਼ਬਦ ਦੇ ਲੜੇ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ।

ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਝਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ 1  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।

(1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥

ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥

(2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ

ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।

ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।

ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।

(3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।

ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥

ਇਕ ਹੋਰ ਸਫਾ ਫੋਲਿਆ।

(4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥

ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾ ਹੇ

ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ। ਕਿਹਾ ਕਿ ਗੁਰੂ ਸਾਹਿਬ ਨੂੰ ਮੇਰਾ ਸਤਿਕਾਰ ਦੇਣਾ ਤੇ ਲਾਹੌਰ ਤੋਂ ਮੁੜਦੇ ਉਹ ਅੰਮ੍ਰਿਤਸਰ ਆਪ ਜੀ ਦੇ ਦਰਸਨ ਕਰਨ ਆਵੇਗਾ ਤੇ ਆਇਆ ਵੀ। ਆਗਰੇ ਪੁਜ ਕੇ ਅਕਬਰ ਬੀਮਾਰ ਹੋ ਗਿਆ। 17 ਅਕਤੂਬਰ 1605 ਵਿਚ ਸੰਸਾਰ ਤੋਂ ਚੜਾਈ ਕਰ ਗਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਕਬਰ ਵਿਚ ਪਾਉਣ ਵੇਲੇ ਉਸਦਾ ਸਿਰ ਉੱਤਰ ਵਾਲੇ ਪਾਸੇ ਰਖਿਆ ਜਾਵੇ। ਜਦਕਿ ਮੁਸਲਮਾਨ ਪਛਮ ਵਲ ਸਜਦਾ ਕਰਦੇ ਹਨ।

ਅਕਬਰ ਸੁਲਹ ਕੁਲ ਨੀਤੀ ਰਖਣ ਦਾ ਹਮਾਇਤੀ ਸੀ। ਜਿਸਦੀ ਹਕੂਮਤ ਵਿਚ ਸਿੱਖੀ ਦਾ ਬੇਹਦ ਵਿਕਾਸ ਹੋਇਆ। ਗੁਰੂ ਅਰਜਨ ਦੇਵ ਜੀ ਨੇ 25 ਸਾਲ ਗੁਰੂ ਕਾਲ ਵਿਚ ਆਪਣੇ ਸਚੇ ਤੇ ਸੁਚੇ ਕਿਰਦਾਰ, ਅਮਲ, ਪਿਆਰ ਤੇ ਸ਼ਾਂਤੀ ਦੇ ਸੁਨੇਹੇ ਨਾਲ ਹੋਰ ਧਰਮਾਂ ਨੂੰ ਆਪਣੇ ਵੱਲ ਖਿਚਿਆ ਜਿਸ ਵਿਚ ਮੁਸਲਮਾਨ ਵੀ ਸਨ। ਅਕਬਰ ਨੇ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਤੋਂ ਪਹਿਲਾ ਪੰਗਤ ਵਿਚ ਬੈਠਕੇ ਲੰਗਰ ਛਕਿਆ। ਅੰਮ੍ਰਿਤਸਰ ਸ਼ਹਿਰ ਵਸਾਉਣ ਲਈ ਜਾਗੀਰ  ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਇਹ ਕਹਿਕੇ ਮਨਾ ਕਰ ਦਿੱਤਾ ਇਹ ਸਭ ਸੰਗਤਾਂ ਦਾ ਉਪਰਾਲਾ ਹੈ, ਉਹੀ ਕਰਨਗੀਆਂ। ਅਕਬਰ ਨੂੰ ਪਰਜਾ ਪ੍ਰਤੀ ਫਰਜਾ ਦਾ ਅਹਿਸਾਸ ਦਿਲਾਇਆ। ਜਿਸ ਨਾਲ ਯਾਤਰਾ ਟੈਕਸ, ਜੱਜਿਆ ਹਟਾ ਦਿਤੇ ਗਏ । ਹਿੰਦੂ ਤਿਉਹਾਰਾਂ ਵਿਚ ਸਾਮਲ ਹੋਣਾ, ਰਾਜਪੂਤਾ ਨੂੰ ਉਚੀਆਂ ਪਦਵੀਆਂ ਦੇਣੀਆਂ ਤੇ ਉਨ੍ਹਾਂ ਨਾਲ ਰਿਸ਼ਤੇ ਕਾਇਮ ਕਰਨੇ ਸ਼ੁਰੂ ਕਰ ਦਿੱਤੇ।

ਅਕਤੂਬਰ 1605 ਵਿਚ ਅਕਬਰ ਦੀ ਮੌਤ ਹੋ ਗਈ ਜਿਸਦਾ ਹਿੰਦੁਸਤਾਨ ਦੇ ਨਾਲ ਨਾਲ ਸਿੱਖਾਂ ਤੇ ਵੀ ਬਹੁਤ ਅਸਰ ਹੋਇਆ। ਅਕਬਰ ਗਦੀ  ਖੁਸਰੋ ਨੂੰ ਦੇਣਾ  ਚਾਹੁੰਦਾ ਸੀ 1 ਖੁਸਰੋ ਸੁਲਹਕੁਲ ਨੀਤੀ ਵਿਚ ਵਿਸ਼ਵਾਸ ਰਖਣ ਵਾਲਾ ,ਸ਼ਕਲ ਤੇ ਆਚਰਣ ਦੋਨੋ ਪਖੋਂ ਬਹੁਤ ਸੋਹਣਾ ਸੀ 1  ਖੁਸਰੋ ਅਕਸਰ ਕਿਹਾ ਕਰਦਾ ਸੀ ਕਿ ਅਰਜਨ ਦੇਵ ਜੀ ਮੇਰੇ ਮੁਰਸ਼ਦ ਹਨ। ਜਦੋਂ ਵੀ ਮੈਂ ਉਨ੍ਹਾ  ਨੂੰ ਮਿਲਿਆ ਰੂਹਾਨੀਅਤ ਦੇ ਦਰਵਾਜੇ ਮੇਰੇ ਲਈ ਖੁਲ ਗਏ। ਉਨ੍ਹਾਂ ਦੇ ਲੰਗਰ ਵਿਚ ਬੈਠਕੇ ਜੋ ਖਾਣਾ ਖਾਧਾ ਉਸਦੀ ਲਜਤ ਤੇ ਪਕੀਜਗੀ ਮੈ ਕਦੇ ਨਹੀਂ ਭੁਲ ਸਕਦਾ।

ਜਦ 1604 ਵਿਚ ਅਕਬਰ ਦੇ ਦੂਸਰੇ ਪੁਤਰ ਦਾ ਦੇਹਾਂਤ ਹੋ ਗਿਆ ਤਾਂ ਉਸਨੇ ਖੁਸਰੋ ਨੂੰ ਗੱਦੀ ਦੇਣ ਦਾ ਖਿਆਲ ਛੱਡ ਦਿੱਤਾ। ਕੁਝ ਕਟਰਵਾਦੀ ਮੁਸਲਮਾਨ ਸੀ ਜਿਨ੍ਹਾਂ ਵਿਚ ਅਬਦੁਲ ਕਾਦਰ ਬਦੂਆਨੀ, ਨਕਸ਼ਬੰਦੀ, ਸੂਫੀ ਅਹਿਮਦ ਸਿਰਹਦੀ ਤੇ ਹੋਰ ਬਹੁਤ ਸਾਰੇ ਮੁਸਲਮਾਨ ਜੋ ਅਕਬਰ ਨੂੰ ਇਸਲਾਮ ਦਾ ਦੁਸਮਨ ਸਮਝਦੇ ਸੀ, ਉਸਦੀ ਮੌਤ ਦਾ ਇੰਤਜਾਰ ਕਰ ਰਹੇ ਸੀ। ਚੰਦੂ, ਸੁਲਹੀਖਾਨ ਵੀ ਗੁਰੂ ਸਾਹਿਬ ਦੀ ਵਧਦੀ ਤਾਕਤ ਤੋਂ ਖੁਸ਼ ਨਹੀਂ ਸੀ।

ਜਹਾਗੀਰ (ਸਲੀਮ)ਨੇ ਬਗਾਵਤ ਵੀ ਕੀਤੀ  ਫਿਰ ਵੀ ਮਰਨ ਤੋਂ ਪਹਿਲਾ ਸਲੀਮ ਦਾ ਨਾ ਜਹਾਗੀਰ ਧਰਕੇ ਉਸ ਨਾਲ ਸੁਲਹ ਕਰਕੇ, ਗੱਦੀ-ਨਸੀਨ ਦੀ ਪਗੜੀ ਦੇ ਕੇ ਦੁਨੀਆਂ ਤੋਂ ਕੂਚ ਕਰ ਗਿਆ। ਉਸਤੋਂ ਬਾਅਦ ਪਿਉ-ਪੁਤਰ ਦੇ ਸਬੰਧ ਕਦੇ ਠੀਕ ਨਾ ਹੋ ਸਕੇ। ਜਹਾਂਗੀਰ ਇਕ ਐਯਾਸ ਇਨਸਾਨ ਸੀ। 5-5 ਸੇਰ ਸ਼ਰਾਬ ਰੋਜ ਪੀਂਦਾ ਸੀ। ਬਹੁਤੇ ਦਰਬਾਰੀ ਉਸਦੇ ਹਕ ਵਿਚ ਨਹੀਂ ਸੀ। ਉਸਦਾ ਸਹਾਰਾ ਸਿਰਫ ਕਟੜ ਤੇ ਜਨੂੰਨੀ ਮੁਸਲਮਾਨ ਸਨ ਜਾਂ ਪਾਦਰੀ ਜੋ ਇਹ ਸੋਚਦੇ ਸੀ ਕਿ ਜਹਾਗੀਰ ਦੀ ਹਕੂਮਤ ਵਿਚ ਉਹ ਆਪਣੇ ਮਜਹਬ ਦਾ ਭਰਪੂਰ ਪਰਚਾਰ ਕਰ ਸਕਣਗੇ ਕਿਉਂਕਿ ਜਹਾਗੀਰ ਨੇ ਉਨ੍ਹਾਂ ਨੂੰ ਬੜੇ ਸਬਜ਼ ਬਾਗ ਦਿਖਾਏ ਸੀ।

ਖੁਸਰੋ ਨੇ ਬਗਾਵਤ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਖੁਸਰੋ ਲਾਹੌਰ ਤੋਂ ਕਾਬਲ ਵਲ ਨੂੰ ਨਠ ਤੁਰਿਆ ਪਰ ਦਰਿਆ ਚਨਾਬ ਨੂੰ ਪਾਰ ਕਰਦੇ ਪਕੜਿਆ ਗਿਆ। ਖੁਸਰੋ ਦੇ ਪਿਛੇ ਬੁਖਾਰੀ ਦੀ ਫੌਜ ਤੇ ਉਸਦੇ ਪਿਛੋਂ ਜਹਾਗੀਰ ਦੀ ਫੌਜ ਸੀ। ਲਾਹੌਰ ਆਕੇ ਜਹਾਗੀਰ ਨੇ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸ਼ਖਤ ਤੋਂ ਸਖਤ ਸਜਾਵਾ ਦਿੱਤੀਆ। ਹੁਸੈਨ ਬੇਗ ਨੂੰ ਬੈਲ ਦੀ ਖਲ ਤੇ ਅਬਦੁਲ ਰਹਿਮਾਨ ਨੂੰ ਖੋਤੇ ਦੇ ਕਚੇ ਚਮੜੇ ਵਿਚ ਜਿੰਦਾ ਮੜ ਕੇ ਪੂਰੇ ਲਾਹੌਰ ਸ਼ਹਿਰ ਵਿਚ ਘੁਮਾਇਆ ਗਿਆ। ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਤੇ (ਸਾਹਜਹਾਨ) ਖੁਰਮ ਦੀ ਹਿਰਾਸਤ ਵਿਚ ਰੱਖਿਆ ਗਿਆ ਜਿਸਨੇ ਮਗਰੋਂ ਇਸਦਾ ਕਤਲ ਕਰ ਦਿੱਤਾ। ਵਫਾਦਾਰਾਂ ਵਿਚ ਇਨਾਮ ਵੰਡੇ ਤੇ ਉੱਚ ਪਦਵੀਆਂ ਦਿੱਤੀਆ ਗਈਆਂ। ਸ਼ੇਖ ਫਰੀਦ ਬੁਖਾਰੀ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਜਿਸਨੇ ਇਸਨੂੰ ਤਖਤ ਹਾਸਲ ਕਰਨ ਲਈ ਅਗੇ ਵਧ ਕੇ ਮਦਦ ਕੀਤੀ ਸੀ ਤੇ ਖੁਸਰੋ ਦੀ ਬਗਾਵਤ ਨੂੰ ਦਬਾਇਆ। ਇਹ ਜਹਾਗੀਰ ਦਾ ਬਹੁਤ ਨਜ਼ਦੀਕੀ ਵਫਾਦਾਰ ਸ਼ਖਸੀਅਤ ਬਣ ਗਿਆ।

ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਉਹਨਾਂ ਨੇ ਆਪਣੀਆਂ ਆਪਣੀਆਂ ਈਨਾ ਦੀ ਮੰਗ ਕੀਤੀ। ਇਸ ਵਕਤ ਸਿੱਖ ਧਰਮ ਬੜੀ ਤੇਜੀ ਨਾਲ ਵਿਕਸਤ ਹੋ ਰਿਹਾ ਸੀ। ਸਿੱਖਾਂ ਦੀ ਚੰਗੀ, ਤਕੜੀ, ਨਰੋਈ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਗਈ ਸੀ। ਜੋ ਹਿੰਦੂ ਮੁਸਲਮਾਨ ਤੋਂ ਬਿਲਕੁਲ ਅੱਡ ਸੀ। ਜਿਨ੍ਹਾਂ ਦੇ ਅਸੂਲ ਬੜੇ ਸਿਧੇ, ਸਪਸ਼ਟ ਤੇ ਸਰਲ ਸਨ। ਇਨ੍ਹਾਂ ਦੇ ਸਲਾਨਾ ਜੋੜ ਮੇਲੇ, ਰੋਜਾਨਾ ਕਥਾ, ਕੀਰਤਨ, ਸਾਂਝੇ ਲੰਗਰ ਤੇ ਹੋਰ ਧਰਮ ਕਰਮ ਦੀ ਸੇਵਾ, ਗੁਰੂ ਸਾਹਿਬ ਦੀ ਮਿਠਾਸ, ਸੇਵਾ, ਸਿਮਰਨ ਤੇ ਕੁਰਬਾਨੀ ਆਪਣੇ ਰੰਗ ਲਾ ਰਹੀ ਸੀ।

ਜਾਤ-ਪਾਤ, ਊਚ-ਨੀਚ, ਤੇ ਕਰਮ-ਕਾਂਡਾ ਦੇ ਵਿਰੁਧ ਸਿੱਖੀ ਪ੍ਰਚਾਰ ਨੇ ਰਾਜੇ,ਮਹਾਰਾਜੇ, ਬ੍ਰਾਹਮਣ ਤੇ ਉਚ-ਜਾਤੀਆਂ ਦੇ ਲੋਕਾਂ ਤੇ ਭਾਰੀ ਸਟ ਮਾਰੀ। ਤਰਨ-ਤਾਰਨ ਵਿਚ ਸਖੀ-ਸਰਵਰਾ ਦਾ ਮਤ ਸਿੱਖੀ ਕੇਂਦਰ ਖੁਲਣ ਨਾਲ ਪਹਿਲਾ ਹੀ ਖੋਖਲਾ ਹੋ ਚੁੱਕਾ ਸੀ। ਭਾਰਤੀ ਸਮਾਜ ਵਿਚ ਜਾਤ-ਪਾਤ ਊਚ-ਨੀਚ ਦੀ ਜਕੜ ਹੋਣ ਕਰਕੇ, ਨੀਵੀਂਆਂ ਜਾਤੀਆਂ ਦੇ ਲੋਕ ਜੋ ਤੇਜੀ ਨਾਲ ਇਸਲਾਮੀ ਦਾਇਰੇ ਵਿਚ ਆ ਰਹੇ ਸਨ, ਠਲ ਪੈ ਗਈ। ਲਾਹੌਰ ਤੇ ਪੰਜਾਬ ਵਿਚ ਅਕਾਲ ਦੇ ਦੌਰਾਨ ਗੁਰੂ ਸਾਹਿਬ ਤੇ ਸਿੱਖਾਂ ਦੀ ਸੇਵਾ, ਲੰਗਰ ਤੇ ਮੁਫਤ ਦਵਾਈਆਂ ਨੇ ਸਿੱਖੀ ਨੂੰ ਊਚਾਈਆਂ ਤੇ ਖੜਾ ਕਰ ਦਿੱਤਾ।

ਸ਼ਹਾਦਤ :-
ਜਹਾਗੀਰ 24 ਅਕਤੂਬਰ 1605 ਵਿਚ ਗੱਦੀ ਤੇ ਬੈਠਾ। 15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਿਸਦਾ ਉਸਨੇ ਆਪਣੀ ਤੁਜਿਕੇ- ਜਹਾਗੀਰੀ  ਵਿਚ ਖੁਦ ਇਕਬਾਲ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰ ਗੋਬਿੰਦ ਸਾਹਿਬ ਨੂੰ 15 ਮਾਰਚ 1606 ਵਿਚ ਗੁਰਗੱਦੀ ਦੇ ਕੇ ਦੁਆਬ ਵਿਚ ਚਲੇ ਜਾਣ ਦਾ ਹੁਕਮ ਦਿੱਤਾ। ਪੰਜ ਪ੍ਰਸਿੱਧ ਸਿੱਖ, ਭਾਈ ਲੰਘਾਹ, ਭਾਈ ਬਿੱਧੀ ਚੰਦ, ਭਾਈ ਪਰਾਣਾ, ਭਾਈ ਪੈੜਾ ਤੇ ਭਾਈ ਜੇਤਾ ਨਾਲ ਭੇਜੇ। ਜਾਂਦੀ ਵਾਰੀ ਮੀਰੀ ਨੂੰ ਪੀਰੀ ਨਾਲ ਤੇ ਭਗਤੀ ਨੂੰ ਸ਼ਕਤੀ ਨਾਲ ਜੋੜਨ ਦੀ ਹਿਦਾਇਤ ਦਿੱਤੀ।

ਅਸਲੀ ਕਾਰਨ ਕੀ ਸੀ, ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਜਹਾਗੀਰ ਦੀ ਮੌਤ ਹੋਈ ਤਾਂ ਕਈ ਚੀਜਾਂ ਸਾਹਮਣੇ ਆਈਆਂ। ਕੁਝ ਉਸਦੀਆਂ ਆਪਣੀਆਂ ਲਿਖਤਾ ਵਿਚੋਂ ਤੇ ਕੁਝ ਸਮੇਂ ਦੇ ਵਿਦਵਾਨਾਂ ਰਾਹੀਂ। ਅਸਲ ਵਿਚ ਉਹ ਆਪਣੇ ਆਪ ਨੂੰ ਮਜਹਬੀ ਮੁਸਲਮਾਨਾਂ ਅਗੇ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਕਰਨਾ ਚਾਹੁੰਦਾ ਸੀ। ਕਨਿੰਘਮ ਨੇ ਸਾਫ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ਾ ਨੇ ਜਨਤਾ ਨੂੰ ਹਲੂਣਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਵੇਲੇ ਇਨ੍ਹਾਂ ਉਪਦੇਸ਼ਾਂ ਨੇ ਸਿੱਖ ਸੇਵਕਾ ਵਿਚ ਪਕੀ ਥਾਂ ਬਣਾ ਲਈ ਸੀ। ਜਹਾਗੀਰ ਨੂੰ ਇਹਨਾਂ ਦੀ ਵਧਦੀ ਤਾਕਤ ਦਾ ਡਰ ਸੀ। ਬਸ ਬਹਾਨਾ ਢੂੰਢ  ਰਿਹਾ ਸੀ। ਕੁਝ ਨਕਸ਼ ਬੰਦੀਆਂ ਦੀ ਵੀ ਚੁਕ ਸੀ ਜਿਸਦਾ ਆਗੂ ਸ਼ੇਖ ਸਰਹਦੀ ਸੀ, ਜੋ ਆਪਣੇ ਆਪ ਨੂੰ ਇਸਲਾਮ ਦਾ ਕਯੂਮ, ਅਵਤਾਰ ਤੇ ਰਖਿਅਕ ਮੰਨਦਾ ਸੀ। ਉਸਦੀਆਂ ਲਿਖੀਆ ਕਈ ਚਿੱਠੀਆਂ, ਮੁਗਲ ਹਕੂਮਤ ਦੇ ਫੌਜੀ ਜਰਨੈਲਾ ਤੇ ਮੁਰਤਜਾ ਖਾਨ ਨੂੰ ਇਸ ਗਲ ਦੀ ਗਵਾਹੀ ਹਨ। ਤਿੰਨ ਚਿੱਠੀਆਂ ਫੌਜੀ ਜਰਨੈਲਾ ਨੂੰ- ‘‘ਗੁਰੂ ਅਰਜਨ ਇਕ ਕਾਫਰ ਹੈ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਿਉ । ਫਰੀਦ ਬੁਖਾਰੀ ਨੂੰ ਸ਼ਹੀਦੀ ਤੇ ਬਾਅਦ ਵਧਾਈ ਦੀ ਚਿਠੀ- ‘‘ਸ਼ੁਕਰ ਹੈ ਇਕ ਕਾਫਰ ਘਟ ਹੋਇਆ ਹੈ, ਹੁਣ ਵਕਤ ਆ ਗਿਆ ਹੈ ਇਸਲਾਮ ਦਾ ਪੈਰ ਹਿੰਦੁਸਤਾਨ ਤੇ ਜਮਾਣ ਦਾ ਕਿਉਂਕਿ ਸਹਿਨਸ਼ਾਹ ਨੂੰ ਕਾਫਰਾ ਨਾਲ ਕੋਈ ਹਮਦਰਦੀ ਨਹੀਂ ਹੈ।

ਕਈ ਜਨੂੰਨੀ ਤੇ ਮੁਤਸਬੀ ਮੁਸਲਮਾਨਾਂ ਦੀਆਂ ਚਿੱਠੀਆਂ ਰਾਹੀਂ ਗੁਰੂ ਸਾਹਿਬ ਦੇ ਖਿਲਾਫ ਕੀਤੇ ਪ੍ਰਚਾਰ ਦਾ ਪਤਾ ਚਲਦਾ ਹੈ, ਜਿਵੇਂ ਸ਼ੇਖ ਸਰਹਦੀ ਦਾ ਕਹਿਣਾ ਸੀ ਕਿ ‘‘ਹਿੰਦੂਆਂ ਨੂੰ ਜਲੀਲ ਤੇ ਉਤਸ਼ਾਹ ਹੀਣ ਬਨਾਉਣ ਲਈ ਗਊ ਵਧ ਕਰਨਾ, ਇਸਲਾਮੀ ਫਰਜ, ਸੇਵਾ ਤੇ ਪੁੰਨ ਦਾ ਕੰਮ ਹੈ। ਇਸਲਾਮ ਦੀ ਸੋਭਾ ਤੇ ਇਜੱਤ ਇਸ ਵਿਚ ਹੈ ਕੀ ਉਹ ਸਮਝੇ ਕਿ ਕਾਫਰ ਨੂੰ ਆਪਣੀ ਸਭਾ ਸੁਸਾਇਟੀ ਵਿਚ ਸ਼ਾਮਲ ਕਰਨਾ, ਇਹਨਾਂ ਨਾਲ ਗਲ ਬਾਤ ਕਰਨਾ ਵੀ ਕੁਫਰ ਹੈ। ਇਹਨਾਂ ਨੂੰ ਕੁੱਤਿਆ ਤਰਾ ਦੁਰ ਦੁਰ ਕਰਨੀ ਚਾਹੀਦੀ ਹੈ। ਮੇਰੀ ਖਾਹਿਸ ਹੈ ਕਿ ਹਿੰਦੂ ਜੋ ਖੁਦਾ ਤੇ ਪੈਗੰਬਰ ਦੇ ਦੁਸਮਨ ਹਨ ਇਹਨਾਂ ਦਾ ਜੋਰਦਾਰ ਨਿਰਾਦਰ ਕਰਨਾ ਚਾਹੀਦਾ ਹੈ। ਰਬ ਨੂੰ ਖੁਸ਼ ਕਰਨ ਦਾ ਇਸਤੋਂ ਵਧੀਆਂ ਤੇ ਸੌਖਾ ਤਰੀਕਾ ਹੋਰ ਕੋਈ ਨਹੀਂ। ਕਾਂਗੜੇ ਤੇ ਹਮਲਾ ਕਰਨ ਵੇਲੇ ਬੁਖਾਰੀ ਨੂੰ ਲਿਖਦਾ ਹੈ ‘‘ਕਾਂਗੜੇ ਦੇ ਮੰਦਰ ਦੀਆਂ ਮੂਰਤੀਆਂ ਜੋ ਬਿਨਾਂ ਮਤਲਬ ਤੋ ਖੁਦਾ ਬਣੀਆਂ ਬੈਠੀਆਂ ਹਨ ਇਹਨਾਂ ਦੀ ਵਧ ਤੋਂ ਵਧ ਨਿਰਾਦਰੀ ਕਰਨੀ ਚਾਹੀਦੀ ਹੈ। ਇਹਨਾਂ ਨੂੰ ਮੰਨਣ ਵਾਲੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੀਦਾ ਹੈ। ਸਰੀਰਕ ਕਮਜੋਰੀ ਤੇ ਸਰਦੀ ਰੁਕਾਵਟ ਬਣੀ ਹੋਈ ਹੈ ਨਹੀਂ ਤਾਂ ਮੈਂ ਖੁਦ ਇਨਾਂ ਮੂਰਤੀਆਂ ਤੇ ਥੁੱਕਦਾ। ਇਹ ਸੀ ਜਨੂਨੀ ਤੇ ਮੁਤਸਬੀ ਮੁਸਲਮਾਨਾਂ  ਦੇ ਵਿਚਾਰ ਜੋ ਅਕਬਰ ਦੀ ਖੁਲੀ ਪਾੱਲਿਸੀ ਕਰਕੇ ਦਬੇ ਹੋਏ ਸੀ ਪਰ ਉਸਦੀ ਮੌਤ ਤੋਂ ਬਾਅਦ ਸਾਮਣੇ ਆ ਗਏ।

ਜਦੋਂ ਅਕਬਰ ਨੇ ਫੌਜਾਂ  ਦੇ ਕੇ ਬੀਰਬਲ ਨੂੰ ਅਫਗਾਨਿਸਤਾਨ ਦੀ ਬਗਾਵਤ ਦਬਾਣ ਲਈ ਭੇਜਿਆ ਤਾਂ ਉਹ ਗੁਰੂ ਅਰਜਨ ਦੇਵ ਜੀ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੇਰੇ ਆਉਣ ਤਕ ਜੇ ਤੁਸੀਂ ਆਪਣੀ ਦੁਕਾਨ-ਏ-ਬਾਤਿਲ ਬੰਦ ਨਾ ਕੀਤੀ ਤਾਂ ਮੈਂ ਤੁਹਾਨੂੰ ਕਤਲ ਕਰਵਾ ਦਿਆਗਾਂ। ਗੁਰੂ ਸਾਹਿਬ ਨੇ ਜਵਾਬ ਦਿਤਾ ਜਦ ਆਏਂਗਾ ਵੇਖੀ ਜਾਏਗੀ 1 ਉਹ ਵਖਰੀ ਗਲ ਹੈ ਕਿ ਉਸ ਨੂੰ ਅਫਗਾਨਿਸਤਾਨ ਦੀ ਸਰਹਦ ਤੇ ਹੀ  ਕਤਲ ਕਰ ਦਿੱਤਾ ਗਿਆ ਸੀ ਤੇ ਉਹ ਮੁੜ ਵਾਪਸ ਪਰਤਿਆ ਹੀ ਨਹੀਂ।

ਗੁਰੂ ਅਰਜਨ ਦੇਵ ਜੀ ਦੇ ਵਕਤ ਸਿੱਖੀ ਪ੍ਰਚਾਰ ਬਹੁਤ ਤੇਜੀ ਨਾਲ ਵੱਧ ਰਿਹਾ ਸੀ। ਇਸ ਸਮੇਂ ਭਾਈ ਗੁਰਦਾਸ, ਭਾਈ ਮੰਝ, ਭਾਈ ਬਹਿਲੋ, ਭਾਈ ਕਲਿਆਣ, ਭਾਈ ਪਿਰਾਣਾ ਆਦਿ ਨੇ ਆਪਣੇ ਆਪਣੇ ਢੰਗ ਨਾਲ ਸਿੱਖੀ ਪ੍ਰਚਾਰ ਨੂੰ ਇਕ ਸਿੱਖਰ ਤੇ ਪਹੁੰਚਾ ਦਿੱਤਾ ਸੀ। ਜਲੰਧਰ ਦਾ ਗਵਰਨਰ ਸਯਦ ਅਜੀਮ ਖਾਨ ਦੁਆਬੇ ਦੇ ਦੌਰੇ ਸਮੇਂ ਸਿੱਖੀ ਅਸੂਲਾਂ ਤੋਂ  ਇਤਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਇਲਾਕੇ ਕਰਤਾਰ ਪੁਰ, ਜਲੰਧਰ, ਵਿਚ ਮਹਾਨ ਸਿੱਖੀ ਕੇਂਦਰ ਸਥਾਪਿਤ ਕਰਵਾਇਆ। ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਵੀ ਇਸ ਦਾਇਰੇ ਵਿਚ ਆ ਚੁੱਕੇ ਸਨ। ਦੂਸਰਾ ਸਤਿਗੁਰੁ ਦਾ ਆਪਣਾ ਜੀਵਨ ਇਤਨਾ ਪ੍ਰਭਾਵਸ਼ਾਲੀ ਸੀ ਕਿ ਲੋਕੀ ਬਦੋ-ਬਦੀ ਆਪਣੀ ਸਾਂਝ  ਸਿੱਖੀ ਨਾਲ ਕਾਇਮ ਕਰਣਾ ਚਾਹੁੰਦੇ ਸਨ। ਹਿੰਦੂ, ਮੁਸਲਮਾਨ ਤੇ ਯੋਗਮਤ ਦੇ ਜੀਵਨ ਸਿਧਾਂਤਾ ਵਿਚ ਇਤਨੀਆਂ ਕਮੀਆਂ ਤੇ ਕਮਜੋਰੀਆਂ ਆ ਚੁਕੀਆਂ  ਸਨ ਕਿ ਲੋਕੀ ਧੜੋ-ਧੜ ਇਨ੍ਹਾਂ ਦੇ ਚੁਗਲਾ ਵਿਚੋਂ ਨਿਕਲਕੇ ਸਿੱਖੀ ਵਿਚ ਸ਼ਾਮਲ ਹੋ ਰਹੇ ਸਨ। ਇਸਦਾ ਨਤੀਜਾ ਇਹ ਹੋਇਆ ਕਿ ਬ੍ਰਹਮਣ ਜੋ ਆਪਣੇ ਵਹਿਮ-ਭਰਮ, ਊਚ-ਨੀਂਚ ਤੇ ਕਮਰਕਾਂਡਾ ਦੇ ਰਾਹੀਂ ਲੋਕਾਂ ਨੂੰ ਲੁਟਕੇ ਖਾ ਰਹੇ ਸੀ ਸਿੱਖੀ ਲਹਿਰ ਦੇ ਸਖਤ ਖਿਲਾਫ ਹੋ ਗਏ। ਕਟੜ ਮੁਸਲਮਾਨ ਇਸ ਕਰਕੇ ਪਰੇਸ਼ਾਨ ਸੀ ਕਿ ਉਨਾਂ ਦਾ ਮਕਸਦ ਸਾਰੇ ਹਿੰਦੂਸਤਾਨ ਨੂੰ ਇਸਲਾਮ-ਏ-ਦਾਇਰੇ ਵਿਚ ਲਿਆਉਣ ਦਾ ਮਨੋਰਥ ਪੂਰਾ ਨਹੀਂ ਸੀ ਹੋ ਰਿਹਾ। ਸਗੋਂ ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸੀ।

ਪ੍ਰਿਥਿਆ ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲੇ ਮਰ ਚੁੱਕਾ ਸੀ ਚੰਦੂ ਖਤਰੀ ਜੋ ਹਕੂਮਤ ਦੇ ਅਹਿਲਕਾਰ ਵਿਚੋਂ ਇਕ ਸੀ, ਉਨ੍ਹਾਂ ਸਾਰਿਆਂ ਤੋਂ ਵੱਡਾ ਹੰਕਾਰੀ ਸੀ। ਬਰੂਦ ਨਾਲ ਭਰਿਆ ਹੋਇਆ ਸੀ। ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਨੇ ਖੁਸਰੋ ਦੀ ਬਗਾਵਤ ਵਿਚ ਮਦਦ ਕੀਤੀ ਸੀ, ਅਸੀਰਵਾਦ ਦਿੱਤਾ ਤੇ ਸਫਲ ਹੋਣ ਲਈ ਅਰਦਾਸ ਕੀਤੀ ਜੋ ਬਿਲਕੁਲ ਗਲਤ ਸੀ ਕਿਉਂਕਿ ਗੁਰੂ ਸਾਹਿਬ ਉਸ ਵੇਲੇ ਗੋਇੰਦਵਾਲ ਸੀ ਹੀ ਨਹੀਂ।

ਇੰਜ ਲਗਦਾ ਸੀ ਕੀ ਜਹਾਗੀਰ ਨੇ ਇਹ ਸਭ ਕੁਝ ਬਹੁਤ ਪਹਿਲੇ ਤੋਂ ਸੋਚ ਰਖਿਆ ਸੀ ਸਿਰਫ ਬਹਾਨੇ ਦੀ ਲੋੜ ਸੀ ਤੂਜਿਕੇ ਜਹਾਂਗੀਰੀ  ਜੋ ਉਸਦੀ ਆਪਣੀ ਜੀਵਨੀ  ਸੀ ਵਿਚ ਲਿਖਿਆ ਸੀ, ‘‘ਬਹੁਤ ਸਾਰੇ ਭੋਲੇ ਭਾਲੇ ਹਿੰਦੂ ਬਲਕਿ ਮੂਰਖ ਤੇ ਕਮੀਨੇ ਮੁਸਲਮਾਨਾਂ ਨੂੰ ਉਸਨੇ ਆਪਣੀ ਰਹੁ ਰੀਤੀ ਅਨੁਸਾਰ ਬਣਾਕੇ ਪੀਰੀ ਦੇ ਵਲਪੁਣੇ ਦੀ ਉਚੀ ਡੋਂਡੀ ਪਿਟਵਾਈ ਹੈ। ਸਾਰੇ ਉਸ ਨੂੰ ਗੁਰੂ ਕਹਿੰਦੇ ਹਨ। ਲਾਭੇ ਸਾਂਭੇ ਤੋਂ ਗੁਆਰਾ ਦੇ ਗੁਆਰ ਪੁਜਾਰੀ ਉਸ ਕੋਲ ਆਂਉਂਦੇ ਤੇ ਸਰਧਾ ਪ੍ਰਗਟ ਕਰਦੇ।  ਇਹ ਤਿੰਨ ਚਾਰ ਪੀੜੀਆ ਤੋਂ ਦੁਕਾਨ ਜਾਰੀ ਹੈ। ਮੇਰਾ ਚਿਰਾਂ ਤੋਂ ਚਿਤ ਸੀ ਕਿ ਇਸ (ਦੁਕਾਨ-ਏ-ਬਾਤਿਲ) ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ ਜਾਂ  ਉਸਤਿ-ਮੁਹੰਮਦੀ ਵਿਚ ਲੈ ਆਵਾਂ । ਅਕਬਰਨਾਮਾ ਵਿਚ ਜਹਾਂਗੀਰ ਬਾਰੇ ਲਿਖਿਆ ਹੈ ਕਿ ਉਸਨੂੰ ਅਕਬਰ ਦਾ ਹਾਥੀ ਤੇ ਸਵਾਰ ਹੋ ਕੇ ਫੌਜ ਸਮੇਤ ਗੋਇੰਦਵਾਲ ਜਾਣਾ ਵੀ ਚੁਭ ਰਿਹਾ ਸੀ। ਤਰਨਤਾਰਨ ਵਿਚ ਵੀ ਉਸਨੇ ਗੁਰੂ ਸਾਹਿਬ ਦੇ ਸਜਦੇ ਕਰਦਿਆਂ ਲੋਕਾਂ ਨੂੰ ਵੇਖਿਆ। ਜਹਾਂਗੀਰ ਦਾ ਸੁਪਨਾ ਸੀ ਗੁਰੂਆਈ ਦਾ ਅੰਤ ਕਰਨਾ। ਬਸ ਬਹਾਨੇ ਦੀ ਲੋੜ ਸੀ।

ਗ੍ਰਿਫਤਾਰੀ ਦਾ ਹੁਕਮ ਹੋਇਆ 1 ਉਸ ਵਕਤ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਪੰਜ ਮੁਖੀਏ ਸਿਖ ਵੀ ਸੀ।ਭਾਈ ਲੰਘਾਹਾ, ਭਾਈ ਬਿੱਧੀ ਚੰਦ, ਭਾਈ ਪੈੜਾ, ਭਾਈ ਜੇਠਾ, ਭਾਈ ਪਿਰਾਣਾ। ਜਿਨ੍ਹਾਂ ਨੂੰ ਲਾਹੌਰ ਤੇ ਵਾਪਸ ਮੁਣਨ ਦਾ ਹੁਕਮ ਦਿਤਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਸਰਣ ਵਿਚ ਜਾਣ ਲਈ ਕਿਹਾ।

15 ਮਈ ਨੂੰ ਗੁਰੂ ਸਾਹਿਬ ਦਾ ਮਾਲ-ਅਸਬਾਬ, ਬਚੇ ਮੁਰਤਬਾ ਖਾਨ ਦੇ ਹਵਾਲੇ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। 20 ਮਈ ਨੂੰ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਹੋਇਆ 1  ਗ੍ਰਿਫਤਾਰੀ ਤੋਂ ਪਹਿਲਾ ਉਨ੍ਹਾਂ ਦਾ ਮਾਮਲਾ ਆਪਣੇ ਅਹਿਲਕਾਰਾਂ ਜਿਸ ਵਿਚ ਚੰਦੂ ਵੀ ਸੀ, ਦੇ ਹਵਾਲੇ ਕਰਕੇ ਖੁਦ ਦਿੱਲੀ ਤੁਰਦਾ ਬਣਿਆ। ਸਾਇਦ ਗੁਰੂ ਸਾਹਿਬ ਦਾ ਸਾਹਮਣਾ ਨਹੀਂ ਕਰ ਸਕਿਆ। ਸੱਚ ਦਾ ਸਾਹਮਣਾ ਨਹੀਂ ਕਰ ਸੱਕਿਆ। 22 ਮਈ ਨੂੰ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਹਨ-ਨਾ ਪੁੱਛ ਨਾ ਪੜਤਾਲ, ਨਾ ਦਲੀਲ, ਨਾ ਅਪੀਲ। ਬਹੁਤ ਸਾਰੇ ਸਵਾਲ ਜਵਾਬ ਹੋਏ। ਗੁਰੂ ਗ੍ਰੰਥ ਸਾਹਿਬ ਵਿਚ ਮੁਹੰਮਦ ਸਾਹਿਬ ਦੀ ਉਸਤਤੀ ਪਾਉਣ ਦੀ ਗਲ ਹੋਈ। ਚੰਦੂ ਦਾ ਰਿਸ਼ਤਾ ਮੋੜਨ ਦੀ ਗਲ ,ਆਖਿਰ ਮੁਹੰਮਦੀ ਉਸਤਿਤੀ ਵਿਚ ਦਾਖਲ ਹੋਣ ਦੀ ਗਲ । ਇਸਲਾਮੀ ਸ਼ਰਾ ਕੇ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ ਇਸ ਲਈ ਚੰਗੇਜ ਖਾ ਜੋ ਕਿਸੇ ਧਰਮ ਨੂੰ ਨਹੀਂ ਸੀ ਮੰਨਦਾ, ਦੇ ਬਣਾਏ ਕਾਨੂੰਨ ਦੇ ਮੁਤਾਬਿਕ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਮੁਗਲ ਰਾਜ ਵਿਚ ਪਹਿਲੀ ਵਾਰੀ ਗੈਰ-ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ। ਜਹਾਂਗੀਰ ਖੁਦ ਤੇ ਲਾਹੌਰ ਰੁਕਿਆ ਨਹੀਂ। ਗੁਰੂ ਸਾਹਿਬ ਨੂੰ ਆਪਣੇ ਅਹਿਲਕਾਰਾਂ ਦੇ ਹਵਾਲੇ ਜਿਸ ਵਿਚ ਚੁੰਦੂ ਵੀ ਸੀ, ਕਰਕੇ ਤੁਰਦਾ ਬਣਿਆ। ਚੰਦੂ ਨੇ ਜੁਰਮਾਨਾ ਭਰਕੇ ਯਾ ਹੋ ਸਕਦਾ ਹੈ ਬਾਕੀ ਅਹਿਲਕਾਰਾਂ ਨੂੰ ਲਾਲਚ ਦੇ ਕੇ ਗੁਰੂ ਸਾਹਿਬ ਨੂੰ ਆਪਣੀ ਨਿਗਰਾਨੀ ਹੇਠ ਲੈ ਆਇਆ , ਰਜਕੇ ਦੁਸ਼ਮਨੀ ਕਢੀ। ਪੰਜ ਦਿਨ ਉਹ ਤਸੀਹੇ ਦਿੱਤੇ ਜੋ ਕਲਮ ਬਿਆਨ ਨਹੀਂ ਕਰ ਸਕਦੀ।
ਜੇਠ, ਹਾੜ ਦੀ ਤਪਦੀ ਗਰਮੀ, ਉਪਰੋਂ ਤਤੀ ਤਵੀ ਤੇ ਬਿਠਾਕੇ ਸੀਸ ਤੇ ਤਪਦਾ ਰੇਤਾ ਪੁਆਇਆ , ਦੇਗਾ ਵਿਚ ਉਬਾਲਿਆ ਗਿਆ। ਮੌਸਮ ਤੱਤਾ, ਅੱਗ ਤੱਤੀ, ਰੇਤ-ਪਾਣੀ, ਚੰਦੂ-ਜਹਾਂਗੀਰ-ਜਮੀਨ-ਆਸਮਾਨ ਸਭ ਤਤੇ ਪਰ, ਠੰਢੇ ਸੀ ਤਾਂ ਸਿਰਫ ਪੰਚਮ ਪਾਤਸ਼ਾਹ-ਇਤਨੇ ਜੁਲਮ ਸਹਿਕੇ ਅਕਾਲ ਪੁਰਖ ਦਾ ਸ਼ੁਕਰ ਮਨਾ ਰਹੇ ਸੀ। ਜਦੋਂ ਮੀਆ ਮੀਰ ਨੇ ਸੁਣਿਆ, ਭਜਾ ਆਇਆ। ਗੈਰ ਇਨਸਾਨੀ-ਬੇਰਹਿਮਾਨਾ ਤੇ ਜਾਲਮਾਨਾ ਤਸੀਹੇ ਵੇਖਕੇ ਮੀਆ ਮੀਰ ਵਰਗੇ ਪੁਜੇ ਫਕੀਰ ਵੀ ਤਿਲਮਿਲਾ ਉਠੇ। ਬਰਦਾਸਤ ਨਹੀਂ ਹੋਇਆ। ਅਖਾਂ ਬੰਦ ਕਰ ਲਈਆਂ, ਹੰਝੂ ਨਿਕਲ ਆਏ। ਗੁਰੂ ਸਾਹਿਬ ਨੇ ਹਸਕੇ ਕਿਹਾ ,ਅਖਾ ਖੋਲਕੇ ਵੇਖ ਤੇਰੇ ਸ਼ਹਿਰ ਦੇ ਲੋਕ ਸਾਡਾ ਕਿਤਨਾ ਸਤਕਾਰ ਕਰ ਰਹੇ ਹਨ”। ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਤੇ ਲਾਹੌਰ ਵਿਚ ਤਬਾਹੀ ਲਿਆ ਦਿਆਂ। ਗੁਰੂ ਸਾਹਿਬ ਨੇ ਮੀਆਂ ਮੀਰ ਨੂੰ ਸ਼ਾਂਤ ਕੀਤਾ। ਤਤੀਆਂ ਲੋਹਾਂ ਤੇ ਬੈਠਕੇ ਉਸਨੂੰ ਰਬ ਦੇ ਭਾਣੇ ਨੂੰ ਮਿਠਾ ਕਰਕੇ ਮੰਨਣ ਦੀ ਹਿਦਾਇਤ ਦਿਤੀ1

ਤੇਰਾ ਕੀਆ ਮੀਠਾ ਲਾਗੇ।

ਹਰਿ ਨਾਮ ਪਦਾਰਥ ਨਾਨਕ ਮਾੰਗੇ

ਖਲਕਤ ਰੋ ਰਹੀ ਸੀ, ਹਸ ਰਿਹਾ ਸੀ ਸਿਰਫ ਚੰਦੂ ਸੈਤਾਨ ਦੀ ਹਸੀ। ਅਗਲੇ ਦਿਨ ਰਾਵੀ ਦਰਿਆ ਦੇ ਕੰਢੇ ਤੇ ਲੈ ਗਏ। ਠੁਡਾ ਲਗਾ, ਪੈਰਾਂ ਚ ਖੂਨ ਦੀ ਧਾਰ ਵਹਿ ਨਿਕਲੀ। ਯਾਸਾ ਦੇ ਅਨੁਸਾਰ ਜੇਕਰ ਕਿਸੇ ਧਰਮੀ ਦਾ ਖੂਨ ਜਮੀਨ ਤੇ ਡੁਲ ਜਾਏ ਤਾਂ ਉਸ ਧਰਤੀ ਤੇ ਅਨੇਕ ਧਰਮੀ ਰੁਹਾਂ ਐਸੀਆਂ ਪੈਦਾ ਹੁੰਦੀਆਂ ਹਨ ਜੋ ਜਬਰ ਤੇ ਜੁਲਮ ਨਾਲ ਟਕਰ ਲੈ ਸਕਣ। ਇਸ ਕਰਕੇ ਬਿਨਾਂ ਦੇਰੀ ਕਰੇ ਫਟਾਫਟ ਬੰਨ ਕੇ ਦਰਿਆ ਵਿਚ ਰੋੜ ਦਿੱਤਾ।  ਰਾਵੀ ਵਿਚ ਹੀ ਸਮਾ ਗਏ। ਜੋਤ ਨਾਲ ਜੋਤ ਰਲ ਗਈ। “ਸੰਪੂਰਨ ਥੀਆ ਰਾਮਿ”। ਇਹ ਸੀ ਇਕ ਲਾਸਾਨੀ ਕੁਰਬਾਨੀ, ਜਿਸ ਨੂੰ ਵੇਖਕੇ ਖੁਦ ਵੀ ਕੁਰਬਾਨੀ ਦਾ ਕੁਰਬਾਨ ਹੋਣ ਦਾ ਚਿਤ ਕਰਦਾ ਹੈ। ਇਹੋ ਜਹੀ ਸ਼ਾਂਤ, ਅਡੋਲ ਤੇ ਨਿਰਭਊ ਸ਼ਹੀਦੀ ਜਿਸ ਲਈ ਕਿਸੀ ਮੁਸਲਮਾਨ ਸ਼ਾਇਰ ਨੇ ਲਿਖਿਆ ਹੈ

ਸ਼ਰੀਦ ਕੀ ਜੋ ਮੌਤ ਹੈ, ਵਹ ਕੌਮ ਦੀ ਹਯਾਤ ਹੈ।

ਹਯਾਤ ਭੀ ਹਯਾਤ ਹੈ ਔਰ ਮੌਤ ਭੀ ਹਯਾਤ ਹੈ।

ਗੁਰੂ ਅਰਜਨ ਦੇਵ ਦੇ ਪਾਵਨ ਖੂਨ ਦੀਆਂ ਬੂੰਦਾਂ ਜੋ ਲਾਹੌਰ ਦੇ ਰੇਤਲੇ ਥਲਾਂ ਵਿਚ ਰਾਵੀ ਦੇ ਕੰਢੇ ਤੇ ਡਿਗੀਆਂ ਸਨ। ਸਿੱਖੀ ਦਾ ਸਿਰੜੀ ਬੂਟਾ ਉਸ ਦੀ ਉਪਜ ਹੈ ਜਿਸਨੇ ਸਦੀਆਂ ਤੋਂ ਨਿਆਸਰਿਆਂ ਦਾ ਆਸਰਾ, ਨਿਥਾਵਿਆਂ ਦੀ ਥਾਂ , ਨਿਪਤਿਆਂ ਦੀ ਪਤ ਰਖਣ ਲਈ ਸਿੱਖਾਂ ਨੂੰ ਬਲਦੀ ਅੱਗ ਵਿਚ ਕੁਦਣ ਦੀ ਜਾਚ ਦਸੀ। ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ ਪਰ ਬਹੁਤ ਦੇਰ ਨਾਲ, ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਦੇ ਬੈਠਣ ਤੋਂ ਬਹੁਤ ਬਾਅਦ। ਚੰਦੂ ਨੂੰ ਉਸਦੇ ਪਰਿਵਾਰ ਸਮੇਤ  ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੂੰ  ਤਾਂ ਗੁਰੂ ਸਾਹਿਬ ਨੇ ਛੱਡ ਦਿੱਤਾ। ਪਰ ਚੰਦੂ ਦੀ ਸਜ਼ਾ ਦੀ ਜਿੰਮੇਵਾਰੀ ਭਾਈ ਬਿੱਧੀ ਚੰਦ ਨੂੰ ਸੌਂਪ ਦਿੱਤੀ। ਗੁਰੂ ਘਰ ਵਿਚ ਗੁਨਾਹ ਤਾਂ ਬਖਸ਼ੇ ਜਾਂਦੇ ਹਨ ਪਰ ਇਸਤਰ੍ਹਾਂ ਦੇ ਗੁਨਾਹ ਨਹੀਂ ਸਿਖਾਂ ਨੇ ਚੰਦੂ ਦਾ ਮੂੰਹ ਕਾਲਾ ਕਰਕੇ ਪੂਰੇ ਲਾਹੌਰ ਸ਼ਹਿਰ ਵਿਚ ਫਿਰਾਇਆ ਤੇ ਜਿਸ ਜਲਾਦ ਤੋਂ ਉਸਨੇ ਗੁਰੂ ਸਾਹਿਬ ਦੇ ਸੀਸ ਤੇ ਰੇਤਾ ਪਵਾਇਆ ਸੀ ਜਦ ਉਸਦੀ ਭਠੀ ਅਗੇ ਲੰਘਿਆ ਤਾ ਉਸਨੇ ਉਹੀ ਕੜਛਾ ਉਸਦੇ ਸਿਰ ਤੇ ਮਾਰ ਕੇ ਆਪਣਾ ਦਰਦ, ਆਪਣਾ ਗੁੱਸਾ ਕਢਿਆ ਜਿਸ ਨਾਲ ਉਸਦੀ ਮੌਤ ਹੋ ਗਈ। ਜਹਾਂਗੀਰ ਨੂੰ ਜਦੋਂ ਆਪਣੇ ਗੁਨਾਹ ਦਾ ਅਹਿਸਾਸ ਹੋਇਆ ਉਸਤੋਂ ਬਾਅਦ ਉਸਨੇ ਪੂਰੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਨਜ਼ਦੀਕ ਆਉਣ ਦੀ ਤੇ ਤਕਰੀਬਨ 7-8 ਸਾਲ ਮਰਦੇ ਦਮ ਤਕ ਦੋਸਤੀ ਨਿਭਾਈ। ਅਫਸੋਸ ਹੁੰਦਾ ਹੈ ਸੋਚਕੇ ਕਿ ਰਬੀ ਨੂਰ, ਸਾਰੀ ਲੋਕਾਈ ਦੇ ਰਹਿਬਰ, ਗਰੀਬਾਂ ਤੇ ਦੁਖੀਆਂ ਦੇ ਮਸੀਹਾ ਨੂੰ ਕੋਈ ਪਛਾਣ ਨਹੀਂ ਸਕਿਆ। ਪਛਾਣਿਆਂ ਤਾ ਸਿਰਫ ਮੀਆ ਮੀਰ ਤੇ ਚੰਦੂ ਦੀ ਨੂੰਹ ਤੇ ਜਾਂ  ਉਹ ਖਲਕਤ ਜਿਨ੍ਹਾਂ ਦੇ ਵਸ ਵਿਚ ਕੁਝ ਨਹੀਂ ਸੀ। ਇਕ ਮਹਾਨ ਸਖਸ਼ੀਅਤ  ਨਾਲ ਸਮੇਂ ਦੀ ਹਕੂਮਤ ਦਾ ਇਹ ਵਰਤਾਵ। ਇਤਿਹਾਸ ਨੂੰ ਵਿਗਾੜਨ ਲਈ ਕਿਸੇ ਨੇ ਇਲਜ਼ਾਮ ਚੰਦੂ ਤੇ ਲਗਾਇਆ। ਕਿਸੇ ਨੇ ਪ੍ਰਿਥੀ ਚੰਦ ਤੇ ਕਿਸੇ ਨੇ ਖੁਸਰੋ ਦੀ ਬਗਾਵਤ ਨਾਲ ਜੋੜ ਦਿੱਤਾ। ਪਰ ਇਹ ਸਚ ਨਹੀਂ ਹੈ। ਸਭ ਤੋਂ ਪਹਿਲੀ ਗਲ ਕਿ ਚੰਦੂ ਦਾ ਰਿਸ਼ਤਾ ਮੋੜਨ ਤੇ ਹਿੰਦੂਸਤਾਨ ਦਾ ਬਾਦਸ਼ਾਹ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਤਿਆਰ ਹੋ ਜਾਏ, ਗੱਲ ਮੰਨਣ ਵਿਚ ਨਹੀਂ ਆਉਂਦੀ। ਪ੍ਰਿਥੀ ਚੰਦ ਦੀ ਮੌਤ ਤਾਂ ਬਹੁਤ ਪਹਿਲੇ ਹੋ ਚੁੱਕੀ ਸੀ। ਜਹਾ ਤਕ ਖੁਸਰੋ ਦੀ ਬਗਾਵਤ ਵਿਚ ਹਿੱਸਾ ਲੈਣ ਦੀ ਗੱਲ ਹੈ, ਗੁਰੂ ਸਾਹਿਬ ਉਸ ਵੇਲੇ ਗੋਇੰਦਵਾਲ ਵਿਚ ਸੀ ਹੀ ਨਹੀਂ। ਹੋ ਸਕਦਾ ਹੈ ਖੁਸਰੋ ਆਪਣੇ ਦਾਦਾ ਅਕਬਰ ਤੇ ਹਮਾਯੂੰ ਵਾਗ ਕਦੀ ਗੁਰੂ ਘਰ ਵਿਚ ਗਿਆ ਵੀ ਹੋਏ ਤੇ ਠਹਿਰਿਆ ਵੀ। ਜਿਸ ਨੂੰ ਬਗਾਵਤ ਨਾਲ ਜੋੜ ਦਿੱਤਾ ਗਿਆ ਹੈ। ਤਿਲਕ ਲਗਾਣਾ ਨਾ ਗੁਰੂ ਘਰ ਦੀ ਮਰਯਾਦਾ ਹੈ ਨਾ ਪੰਰਪਰਾ। ਬਾਕੀ ਜੁਰਮਾਨੇ ਦੀ ਗਲ। ਸੰਗਤਾਂ ਜੇਹੜੀਆਂ ਗੁਰੂ ਦੇ ਗੋਲਕ ਵਿਚ ਹਰ ਮਹੀਨੇ ਆਪਣੀ ਆਮਦਨ ਦਾ 10ਵਾਂ ਹਿੱਸਾ  ਪਾਉਂਦੀਆਂ ਸਨ। ਕੋਈ ਪੈਸੇ ਦੀ ਕਮੀ ਸੀ ਜੋ ਚੰਦੂ ਨੂੰ ਦੇਣਾ ਪਿਆ। ਹਾਂ ਉਸਨੇ ਪੈਸੇ ਦੇ ਕੇ ਬਾਕੀ ਅਹਿਲਕਾਰ ਜੋ ਉਸਦੇ ਨਾਲ ਸੀ ਜਰੂਰ ਖਰੀਦਿਆ ਹੋਵੇਗਾ। ਇਹ ਸਿਰਫ ਹਕੂਮਤ ਦੇ ਗਲਤ ਇਰਾਦੇ ਸੀ ਜੋ ਕਟੜਤਾ ਦੇ ਅਧੀਨ ਹੋ ਕੇ ਪੂਰੇ ਹਿੰਦੂਸਤਾਨ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸੀ। ਜਿਸ ਲਈ ਉਨ੍ਹਾਂ ਨੇ ਸਹੀ, ਗਲਤ, ਝੂਠ, ਸਚ, ਜੋਰ, ਜਬਰ, ਪਿਆਰ, ਲਾਲਚ ਹਰ ਤਰੀਕੇ ਦੀ ਵਰਤੋ ਕੀਤੀ। ਜਿਸ ਕਿਸੇ ਨੇ ਵੀ ਇਸਦੇ ਵਿਰੁਧ ਆਵਾਜ਼ ਉਠਾਈ ਉਹ ਉਹਨਾਂ ਦੀ ਨਜ਼ਰ ਵਿਚ ਕਾਫਰ ਹੋ ਗਿਆ।

ਬਾਣੀ :-  ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ ਹੈ ਤੇ (ਸੰਗੀਤ) ਕੀਰਤਨ ਨੂੰ (ਬਾਣੀ ਤੇ ਸੰਗੀਤ ਦੇ ਸੁਮੇਲ ਨੂੰ) ਪਰਮਾਤਮਾ ਤਕ ਪਹੁੰਚਣ ਦਾ ਸੌਖਾ ਰਸਤਾ। ਉਨ੍ਹਾਂ ਨੇ ਉਸ ਵੇਲੇ ਸੰਗੀਤ ਨੂੰ ਪਰਧਾਨਤਾ ਦਿੱਤੀ ਜਦ ਕਿ ਮੁਗਲ ਹਕੂਮਤ ਵਿਚ ਇਸਦੀ ਸਖਤ ਮਨਾਹੀ ਸੀ। ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਸੰਕਲਨ ਕਰਕੇ ਇਸ ਨੂੰ ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਹਰਿਮੰਦਰ ਸਾਹਿਬ ਵਿਚ ਸਥਾਪਤ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸਮੇਲ ਦੁਆਰਾ ਆਤਮਿਕ ਸ਼ਾਂਤੀ ਦਾ ਤੋਹਫਾ ਦਿੱਤਾ। ਗੁਰੂ ਅਰਜਨ ਦੇਵ ਜੀ ਖੁਦ ਇਕ ਮਹਾਨ ਸਾਹਿਤਕਾਰ, ਸੰਗੀਤਕਾਰ, ਚਿਤ੍ਰਕਾਰ, ਸੰਪਾਦਕ, ਸਾਇਰ ਤੇ ਬਾਣੀ ਦੇ ਮਹਾਨ ਰਚਨਕਾਰ ਸੀ। ਉਨ੍ਹਾਂ ਦੀ ਬਾਣੀ ਦਾ ਹਰ ਬੋਲ ਦਿਲਾਂ ਨੂੰ ਧੂਹ ਪਾਉਂਦਾ ਸੀ। ਆਪਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਅਜ ਵੀ ਚੰਦਨ ਵਰਗੀ ਖੁਸ਼ਬੂ ਖਿਲੇਰਦੀ ਹੈ। ਸੁਖਮਨੀ ਸਾਹਿਬ ਗਿਆਨ ਦਾ ਸਮੁੰਦਰ ਹੈ। ਉਹ ਅਕਸਰ ਨਦੀਆਂ , ਛੰਭਾ ਕਿਨਾਰੇ ਬਹਿਕੇ ਸੰਰਿਦੇ ਨਾਲ ਗਾ ਗਾ ਲੋਕਾ ਨੂੰ ਸ਼ਾਂਤੀ ਦਾ ਸੁਨੇਹਾ ਦਿੰਦੇ ਸੀ। ਨੇਕ ਧਾਰਮਿਕ, ਸੂਫੀ, ਸੰਤ ਤੇ ਫਕੀਰਾਂ  ਦੀਆਂ ਕਥਾ ਕਹਾਣੀਆਂ ਉਨ੍ਹਾਂ ਦਾ ਮਨ ਭਾਉਂਦਾ ਮਜ਼ਮੂਨ ਸੀ। ਆਵਾਜ਼ ਇਤਨੀ ਮਿਠੀ ਕੀ ਦਿਲਾਂ ਨੂੰ ਖਿੱਚ ਪਾਉਂਦੀ। ਬਾਣੀ ਰਚਨ ਦਾ ਹੁਨਰ ਉਨ੍ਹਾਂ ਦਾ ਬਚਪਨ ਤੇ ਹੀ ਸੀ ਤਾਂ ਹੀ ਗੁਰੂ ਅਮਰਦਾਸ ਉਹਨਾਂ ਨੂੰ ਬਾਣੀ ਦਾ ਬੋਹਿਥਾ ਤੇ ਵੱਡਾ ਪੁਰਖ ਕਿਹਾ ਕਰਦੇ ਸੀ। ਜਦ ਪਿਤਾ ਦੀ ਆਗਿਆ ਨਾਲ ਲਾਹੌਰ ਗਏ ਕਈ ਮਹੀਨੇ ਨਿਕਲ ਗਏ ਨਾ ਕਿਸੇ ਚਿੱਠੀ ਦਾ ਉੱਤਰ ਤੇ ਨਾ ਹੀ ਸਦਾ ਆਇਆ। ਪਿਤਾ ਦਾ ਵਿਛੋੜਾ ਜਦ ਅਸਿਹ ਹੋ ਗਿਆ ਤਾਂ ਤਿੰਨ ਚਿਠੀਆਂ ਜੋ ਕਾਵ ਰੂਪ ਵਿਚ ਲਿਖੀਆਂ ਸਨ , ਜਿਸ ਵਿਚ ਉਦਾਸੀ ਤੇ ਵਿਛੋੜੇ ਦੀ ਤਾਂਘ ਸਾਫ ਝਲਕਦੀ ਹੈ, ਜਿਨਾਂ  ਦਾ ਗੁਰੂ ਰਾਮਦਾਸ ਤੇ ਬਹੁਤ ਡੂੰਘਾ ਅਸਰ ਹੋਇਆ।

ਮੇਰਾ ਮਨ ਲੋਚੇ ਗੁਰ ਦਰਸਨ ਤਾਇ 11

ਬਿਲਿਪ ਕਰੇ ਚਾਤ੍ਰਿਕ ਕੀ ਨਿਆਂਇ 11

ਉਨ੍ਹਾਂ ਦੀ ਵਧੇਰੀ ਰਚਨਾ ਸੰਤ ਭਾਸਾ ਵਿਚ ਹੈ। ਜਿਸਤੇ ਪੰਜਾਬ ਨਾਲੋ ਪੂਰਬੀ ਭਾਰਤੀ ਵਿਚਾਰਧਾਰਾ ਦਾ ਜਿਆਦਾ ਅਸਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਬਾਣੀ ਆਪਜੀ ਦੀ ਹੈ। 5894 ਵਿਚੋਂ 2218 ਆਪਜੀ ਦੇ ਸ਼ਬਦ ਹਨ।ਜਿਸ ਵੰਨ-ਸੰਵਨਤਾ, ਸਾਂਝੀਵਾਲਤਾ ਤੇ ਸਰਲਤਾ ਦੀ ਝਲਕ ਹੈ, ਹਰ (ਭਾਸ਼ਾ) ਬੋਲੀ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਜਿਵੇਂ ਹਿੰਦੀ, ਸੰਤ ਭਾਸ਼ਾ, ਬ੍ਰਿਜ ਭਾਸ਼ਾ, ਰੇਖਤਾ, ਗਾਥਾ, ਸਹਸਕ੍ਰਿਤੀ, ਪੰਜਾਬੀ ਤੇ ਲਹਿੰਦੀ। ਸੰਤ ਭਾਸ਼ਾ ਵਿਚ ਸੁਖਮਨੀ ਸਾਹਿਬ ਸਭ ਤੋਂ ਉਤਮ ਰਚਨਾ ਹੈ। ਜਿਸ ਨੂੰ ਸਿੱਖਾਂ ਤੋਂ ਇਲਾਵਾ ਗੈਰਸਿੱਖਾਂ ਵਿਚ ਵੀ ਬੜੀ ਸ਼ਰਧਾ ਨਾਲ ਪੜਿਆ ਜਾਂਦਾ ਹੈ। ਆਪਨੇ ਬਾਣੀ ਲਿਖੀ ਵੀ ਤੇ ਹੋਰ ਮਹਾਨ ਸੂਫੀ, ਸੰਤਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਪੜੀ, ਛਾਣੀ ਤੇ ਗਾਈ ਵੀ। ਉਹ ਸਾਰੀ ਉਮਰ ਆਪਣੀ ਕਲਾ, ਆਪਣੀ ਸ਼ਕਤੀ, ਆਪਣੀ ਸੰਪਤੀ, ਇਥੋਂ ਤਕ ਕਿ ਆਪਣੀ ਜਾਨ ਵੀ ਲੋਕਾਂ ਦੇ ਸੁਖ ਅਰਾਮ ਤੇ ਜੀਵਨ ਵਿਕਾਸ ਲਈ ਵਰਤਦੇ ਰਹੇ। ਮੰਦਰ, ਧਰਮਸ਼ਾਲਾ, ਬਾਗ, ਬਉਲੀਆਂ, ਬਸਤੀਆਂ, ਤਾਲ, ਲੰਗਰ ਤੇ ਆਖਿਰ ਤੇ ਆਪਣਾ ਤਨ ਤਕ ਵੀ ਭੇਟ ਕਰ ਦਿੱਤਾ। ਗ੍ਰਹਿਸਤੀ ਜੀਵਨ ਵਿਚ ਰਹਿਕੇ  ਪਰਮਾਤਮਾ ,ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ1  ਨਫਰਤ ,ਈਰਖਾ, ਸਾੜਾ ਵੈਰ-ਵਿਰੋਧ ਤੋਂ ਰਹਿਤ ਹੋਕੇ ਆਪਣੇ ਆਪ ਨੂੰ  ਪ੍ਰਭੁ ਦੇ ਹਵਾਲੇ ਕਰਕੇ ਉਸਦੀ ਅਰਾਧਨਾ ,ਜਪ ਤਪ ਅਤੇ  ਗਿਆਨ ਹੈ1 ਕੁਰਬਾਨੀ, ਸਾਦਗੀ, ਸ਼ਾਂਤੀ, ਦਇਆ ਨਿਮ੍ਰਤਾ,ਭਗਤੀ ਪਿਆਰ ,ਸੇਵਾ, ਪਵਿਤਰਤਾ ,ਪਰਉਪਕਾਰ, ਸੰਤੋਖ ਤੇ ਸਚਾਈ ਧਰਮ ਦੇ ਮੂਲ ਤਤ ਹਨ 1  ਨੇਕ ਰਾਹ ਤੇ ਚਲੋ ਪਰਮਾਤਮਾ ਨੂ ਯਾਦ ਰਖੋ 1 ਸਮੇ ਦੀ ਕਦਰ ਕਰੋ 1ਅਜ ਮਨੁਖ ਉਨਤੀ ਦੇ ਸਿਖਰ ਤੇ ਪਹੁੰਚ ਕੇ  ਸੁਖ ਦੇ ਅਨੇਕ ਸਾਧਨਾ ਦਾ ਉਪਰਾਲਾ ਕਰਕੇ ਵੀ ਮਾਨਸਿਕ ਤਨਾਵ ਵਿਚ ਰਹਿੰਦਾ ਹੈ ਜਿਸਦਾ ਕਾਰਨ ਗੁਰੂ ਸਾਹਿਬ ਸਮਝਾਂਦੇ  ਹਨ -,ਨਾਮ ਸਿਮਰਨ ਹੀ ਜੀਵਨ  ਦਾ ਅਸਲੀ ਮਨੋਰਥ ਹੈ ਜਿਸਦਾ ਇਸ ਸੰਸਾਰ ਦੀ ਦੋੜ ਭਜ ਵਿਚ ਲੋਕਾਂ ਕੋਲ ਵਕਤ ਹੀ ਨਹੀਂ 1  ਸੰਸਾਰ ਦੇ ਸੁਖ, ਰੂਪ- ਰੰਗ , ਖੁਸ਼ੀਆਂ ਮਨ ਦੀਆ ਮੋਜਾਂ ਵਿਚ ਲਿਪਤ  ਰਹਿਕੇ  , ਕਦੀ ਉਸ ਤੋਂ  ਮੋਹ ਦਾ ਨਾਲਾ ਨਹੀ ਪਾਰ ਕੀਤਾ ਜਾਂਦਾ  ਕਦੀ ਲੋਭ  ਦੀ ਖਾਈ ਵਿਚ ਡਿਗ ਪੈਂਦਾ ਹੈ , ਖਾਈ ਵਿਚੋਂ ਨਿਕਲਦਾ ਹੈ ਤੇ ਹੰਕਾਰ ਅਗੇ  ਆ ਜਾਂਦਾ ਹੈ 1 ਅਕਾਲ ਪੁਰਖ ਦਾ ਨਾਮ ਹੀ ਸਾਰੀ ਖੁਸ਼ੀਆਂ ਦਾ ਖਜਾਨਾ ਹੈ ਤੇ ਆਤਮਿਕ ਅਡੋਲਤਾ ਦਾ ਮੂਲ | ਚਤਰਾਈਆਂ  ਨਾਲ ਪ੍ਰਭੁ ਦੀ ਪ੍ਰਾਪਤੀ ਨਹੀ ਹੋ ਸਕਦੀ ਇਸ ਲਈ ਸ਼ਰਧਾ, ਸਤਕਾਰ, ਹਲੀਮੀ ਸੇਵਾ ਸਿਮਰਨ ਤੇ ਸਦਾਚਾਰਤਾ ਵਰਗਾ  ਗੁਣ  ਆਪਣੇ ਵਿਚ ਪੈਦਾ ਕਰੋ।  ਇਸਤ੍ਰੀ ਜਾਤ ਦਾ ਸਨਮਾਨ ਕਰੋ ਪਰ ਤਨ, ਪਰ ਧਨ ਦੇ ਲਾਲਚ ਤੋਂ ਆਪਣੇ ਆਪ ਨੂੰ  ਰੋਕੋ, ਗ੍ਰਹਿਸਤ ਜੀਵਨ ਦਾ ਸਤਕਾਰ ਕਰੋ , ਇਸ ਵਿਚ ਰਹਿਕੇ ਕਿਰਤ ਕਰਦਿਆਂ ਨਾਮ ਜਪਦਿਆਂ ਵੰਡ ਕੇ ਛਕਦਿਆਂ,ਲੋਕ ਸੇਵਾ ਕਰਦਿਆਂ ਹੀ ਸਚ ਦੀ ਪ੍ਰਾਪਤੀ ਹੋ ਸਕਦੀ ਹੈ ਜਾਤ ਪਾਤ ਵਰਣ ਵੰਡ ਦੇਸ਼ ਕੋਮ ਨਸਲ ਗਰੀਬ ਅਮੀਰ ਦੀ ਵੰਡ ਵਿਤਕਰੇ ਤੋਂ ਉਪਰ ਉਠਕੇ ਸਮੇ ਦੀ ਕਦਰ ਕਰੋ, ਚੰਗੇ ਕਰਮ ਕਰੋ ਆਪਣਾ ਆਚਰਣ ਠੀਕ ਰਖੋ ,ਨਾਮ ਸਿਮਰਨ,ਤੇ ਕਾਮ, ਕ੍ਰੋਧ ,ਲੋਭ , ਮੋਹ, ਹੰਕਾਰ ਤੋਂ ਬਚਣਾ ਹੀ ਗੁਰੂ ਗਰੰਥ ਸਾਹਿਬ ਦਾ ਤਤ ਹੈ।

Be the first to comment

Leave a Reply

Your email address will not be published.


*