ਮਨੀਸ਼ ਕੌਂਸਲ ਜਨਰਲ , ਭਾਰਤ
ਐਡਮੰਟਨ ( ਟਾਈਮਜ਼ ਬਿਓਰੋ )
ਭਾਰਤ ਦਾ ਆਜ਼ਾਦੀ ਦਾ 75 ਵਾਂ ਅੰਮ੍ਰਿਤ ਮਹੋਤਸਵ ਵਿਸ਼ਵ ਭਰ ਵਿੱਚ ਸ਼ਰਧਾ ਉਲ੍ਹਾਸ ਅਤੇ ਉਤਸ਼ਾਹ ਨਾਲ ਪੂਰੇ ਜੋਸ਼ ਨਾਲ ਮਨਾਇਆ ਰਿਹਾ ਹੈ । ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਵੀ ਇਸ ਆਜ਼ਾਦੀ ਦਿਹਾੜੇ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਵੱਖ ਵੱਖ ਇੰਡੀਅਨ ਸੁਸਾਇਟੀਜ਼ ਤੇ ਐਨ ਜੀ ਓ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਹਨ । ਬੀਤੇ ਦਿਨੀਂ ਐਡਮੰਟਨ ਵਿਖੇ ਇਸ ਆਜ਼ਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਸੰਬੰਧੀ ਭਾਰਤ ਦੇ ਕੌਂਸਲ ਜਨਰਲ ਮਨੀਸ਼ ਨੇ ਕੈਨੇਡਾ ਦੀਆਂ ਵੱਖ ਵੱਖ ਜਥੇਬੰਦੀਆਂ ਤੇ ਆਰਗੇਨਾਈਜੇਸ਼ਨਜ਼ ਨਾਲ ਮੁਲਾਕਾਤ ਕੀਤੀ ਅਤੇ ਅਗਸਤ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਚਰਚਾ ਕੀਤੀ । ਇਸ ਮੌਕੇ ਵੈਨਕੂਵਰ ਤੇ ਅਲਬਰਟਾ ਦੇ ਇੰਚਾਰਜ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ , ਮਨੀਸ਼ ਨੇ ਟਾਈਮਜ਼ ਆਫ਼ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਮੂਲ ਦੇ ਲੋਕਾਂ ਨੂੰ ਉਹਨਾਂ ਦੇ ਜੱਦੀ ਸੰਸਕਾਰਾਂ ਤੇ ਜਨਮ ਭੂਮੀ ਨਾਲ ਜੋੜਦਾ ਹੈ । ਮਨੀਸ਼ ਨੇ ਕਿਹਾ ਕਿ ਕੈਨੇਡਾ ਭਾਰਤੀਆਂ ਲਈ ਕਰਮ ਭੂਮੀ ਹੈ ਅਤੇ ਭਾਰਤ ਜਨਮ ਭੂਮੀ ਹੈ । ਆਪਣੀ ਜਨਮ ਭੂਮੀ , ਆਪਣੇ ਸੰਸਕਾਰ , ਰੀਤੀ ਰਿਵਾਜ਼ ਅਤੇ ਆਪਣੇ ਦੇਸ਼ ਪ੍ਰਤੀ ਦੇਸ਼ ਭਗਤੀ ਤੇ ਪਿਆਰ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਅਨੇਕਤਾ ਚ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਹਾਈ ਹੁੰਦਾ ਹੈ ਅਤੱ ਅਜਿਹੇ ਸਮਾਗਮ ਭਾਰਤੀ ਕਮਿਊਨਿਟੀ ਨੂੰ ਇੱਕ ਪਲੇਟਫਾਰਮ ਤੇ ਮਿਲਣ ਦਾ ਮੌਕਾ ਪ੍ਰਦਾਨ ਕਰਦੇ ਹਨ ।ਕੌਂਸਲ ਜਨਰਲ ਮਨੀਸ਼ ਨੇ ਕਿਹਾ ਕਿ ਭਾਰਤੀ ਕੌਂਸਲੇਟ ਜਨਰਲ ਭਾਰਤੀ ਮੂਲ ਦੇ ਪ੍ਰਵਾਸੀਆਂ ਲਈ ਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਉਹਨਾਂ ਦੀਆਂ ਇਥੇ ਦੀਆਂ ਜ਼ਰੂਰਤਾਂ ਜਿਵੇਂ ਉਹਨਾਂ ਦੇ ਪਾਸਪੋਰਟ ਅਤੇ ਵੀਜ਼ਾ ਲੈਣ ਸੰਬੰਧੀ ਅਤੇ ਹੋਰ ਜ਼ਰੂਰੀ ਮੁੱਦਿਆਂ ਲਈ ਹਮੇਸ਼ਾ ਮੱਦਦ ਕਰਦਾ ਹੈ । ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੀਆਂ ਕੂਟਨੀਤਕ ਤੇ ਵਿਦੇਸ਼ੀ ਗਤੀਵਿਧੀਆਂ ਵਿੱਚ ਆਪਣੀ ਭੂਮਿਕਾ ਅਦਾ ਕਰਦਾ ਹੈ । ਕੈਨੇਡਾ ਅਤੇ ਭਾਰਤ ਦੇ ਦੁਵੱਲੇ ਵਪਾਰ , ਭਾਈਚਾਰਕ ਸਾਂਝ ਅਤੇ ਵਿਦੇਸ਼ ਨੀਤੀ ਤੇ ਅਮਲ ਕਰਦਿਆਂ ਭਾਰਤੀ ਕਮਿਊਨਿਟੀ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਨੀ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਦਾ ਯਤਨ ਕਰਨਾ ਅਤੇ ਵਪਾਰ ਤੇ ਕਾਰੋਬਾਰ ਨੂੰ ਵਧਾਉਣ ਦਾ ਕਾਰਜ ਕਰਦਾ ਹੈ । ਜ਼ਿਕਰਯੋਗ ਹੈ ਕਿ ਕੌਸਲੇਟ ਜਨਰਲ ਆਫ਼ ਇੰਡੀਆ ਦਾ ਕਾਰਜ ਖੇਤਰ ਕਾਫ਼ੀ ਵੱਡਾ ਹੁੰਦਾ ਹੈ ।ਇਸ ਮੀਟਿੰਗ ਦੌਰਾਨ ਕੌਂਸਲ ਆਫ਼ ਇੰਡੀਆ ਸੁਸਾਈਟੀਜ਼ ਦੇ ਪ੍ਰੈਜ਼ੀਡੈਂਟ ਪੁਨੀਤ ਮਨਚੰਦਾ , ਸ੍ਰੀ ਗੁਪਤਾ ਜੀ , ਜਨਮੋਜੌਏ ਚੌਧਰੀ ਵਾਈਸ ਪ੍ਰੈਜ਼ੀਡੈਂਟ ਪ੍ਰੋਗਰਾਮਿੰਗ , ਇੰਡੋ ਕੈਨੇਡੀਅਨ ਚੈਂਬਰ ਆਫ਼ ਕਾਮਰਸ ਅਲ਼ਬਰਟਾ ਚੈਪਟਰ ਦੇ ਚੇਅਰਪਰਸਨ ਤੇ ਉੱਘੇ ਕਾਰੋਬਾਰੀ ਰਵੀ ਪ੍ਰਕਾਸ਼ ਸਿੰਘ , ਉੱਘੇ ਵਪਾਰੀ ਅਮਿਤ ਜੌਲੀ , ਕੇਸਰ ਸੋਹੀ, ਮਿਲਵੁੱਡਜ਼ ਸੀਨੀਅਰ ਸਿਟੀਜਨਜ਼ ਸੁਸਾਇਟੀ ਦੇ ਪ੍ਰਧਾਨ ਉਜਾਗਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ ।
Leave a Reply