ਐਡਮੰਟਨ (ਟਾਈਮਜ਼ ਬਿਓਰੋ) ਆਜ਼ਾਦੀ ਦਿਹਾੜੇ 15 ਅਗਸਤ ਨੂੰ ਮੁੱਖ ਰੱਖਦਿਆਂ ਐਡਮੰਟਨ ਵਿਖੇ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਵਲੋਂ ਸਤੱਤਰਵਾਂ ਆਜ਼ਾਦੀ ਦਿਹਾੜਾ ਧੂਮ ਧਾਮ ਤੇ ਸ਼ਰਧਾਪੂਰਵਕ ਮਨਾਇਆ ਗਿਆ । ਇਸ ਸਮਾਗਮ ਵਿੱਚ ਕੈਨੇਡਾ ਵਿੱਚ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ ਸ੍ਰੀ ਮਨੀਸ਼ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਸ ਉਪਰੰਤ ਕੌਂਸਲ ਜਨਰਲ ਨੇ ਤਿਰੰਗਾ ਫਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ ।ਤਿਰੰਗਾ ਲਹਿਰਾਉਣ ਤੋਂ ਬਾਅਦ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਦੇ ਖਚਾਖਚ ਭਰੇ ਹਾਲ ਵਿੱਚ ਆਕਰਸ਼ਕ ਸਟੇਜ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਦੇਸ਼ ਭਗਤੀ ਤੇ ਆਜ਼ਾਦੀ ਨਾਲ ਸੰਬੰਧਿਤ ਵੱਖ ਵੱਖ ਭਾਸ਼ਾਵਾਂ ਵਿੱਚ ਬਾਲ ਕਲਾਕਾਰਾਂ ਵੱਲੋਂ ਗੀਤ ਸੰਗੀਤ , ਸੱਭਿਆਚਾਰਕ ਤੇ ਦੇਸ਼ਭਗਤੀ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ । ਆਜ਼ਾਦੀ ਘੁਲਾਟੀਆਂ ਅਤੇ ਭਾਰਤੀ ਫੌਜ ਦੇ ਸਾਬਕਾ ਫੌਜੀਆਂ ਨੇ ਆਪਣੇ ਭਾਵੁਕ ਸ਼ਬਦਾਂ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਦੇਸ਼ ਦੀ ਆਜ਼ਾਦੀ ਦੀ ਮਹੱਤਤਾ ਅਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਲੱਖਾਂ ਸ਼ਹੀਦਾਂ ਦੀ ਸ਼ਹਾਦਤਾਂ ਸੰਬੰਧੀ ਚਾਨਣਾ ਪਾਇਆ । ਇਸ ਮੌਕੇ ਭਾਰਤੀ ਕੌਂਸਲੇਟ ਵੈਨਕੂਵਰ ਤੇ ਅਲਬਰਟਾ ਦੇ ਕੌਂਸਲ ਜਨਰਲ ਸ੍ਰੀ ਮਨੀਸ਼ ਨੇ ਆਪਣੇ ਭਾਸ਼ਣ ਵਿੱਚ ਸਾਰੇ ਐਡਮੰਟਨ ਤੇ ਕੈਨੇਡਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਅੱਜ ਸਤੱਤਰਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ । ਭਾਰਤ ਵਿਸ਼ਵ ਦੀ ਤੀਜੀ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਹਰ ਭਾਰਤੀ ਨੂੰ ਇਸ ਮਹਾਨ ਦਿਨ ਤੇ ਮਾਣ ਹੋਣਾ ਚਾਹੀਦਾ ਹੈ । ਕੌਂਸਲ ਜਨਰਲ ਨੇ ਕਿਹਾ ਕਿ ਵਿਦੇਸ਼ ਵਿੱਚ ਆਪਣੇ ਦੇਸ਼ ਤੇ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਵੀ ਦੇਸ਼ ਭਗਤੀ ਹੈ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਦੇਸ਼ ਅੱਗੇ ਵੱਧਵਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਭਾਰਤ ਦੀ ਇੱਕ ਵੱਖਰੀ ਪਹਿਚਾਣ ਬਣੀ । ਹਰ ਭਾਰਤੀ ਨੂੰ ਭਾਰਤ ਤੇ ਮਾਣ ਹੋਣਾ ਚਾਹੀਦਾ ਹੈ । ਇਸ ਮੌਕੇ ਕੌਂਸਲ ਜਨਰਲ ਨੇ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਵਲੋਂ ਕਰਵਾਏ ਗਏ ਸ਼ਾਨਦਾਰ ਤੇ ਮਨਮੋਹਕ ਸਮਾਗਮ ਲਈ ਵਧਾਈ ਦਿੱਤੀ । ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਦੇ ਪ੍ਰਧਾਨ ਪੁਨੀਤ ਮਨਚੰਦਾ ਤੇ ਬੋਰਡ ਮੈਂਬਰਾਂ ਵੱਲੋਂ ਕੌਂਸਲ ਜਨਰਲ ਦਾ ਸਨਮਾਨ ਕੀਤਾ ਵੀ ਗਿਆ । ਇਸ ਮੌਕੇ ਇਸ ਸਮਾਗਮ ਵਿੱਚ ਪਤਵੰਤੇ ਸ਼ਹਿਰੀਆਂ ਦੇ ਨਾਲ ਐਨ ਡੀ ਪੀ ਪਾਰਟੀ ਦੀ ਹਾਊਸ ਲੀਡਰ ਮਿਲਵੁਡਜ਼ ਰਾਈਡਿੰਗ ਤੋਂ ਵਿਧਾਇਕਾ ਕ੍ਰਿਸਟੀਨਾ ਗਰੇ , ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ , ਵਿਧਾਇਕ ਆਈ ਪੀ ਨੇਥਨ , ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਦੇ ਪ੍ਰਧਾਨ ਪੁਨੀਤ ਮਨਚੰਦਾ ਤੇ ਬੋਰਡ ਮੈੰਬਰ , ਸਾਬਕਾ ਵਿਧਾਇਕ ਨਰੇਸ਼ ਭਾਰਦਵਾਜ , ਰਵੀ ਪ੍ਰਕਾਸ਼ ਸਿੰਘ ਚੇਅਰਪਰਸਨ ਅਤੇ ਰਾਹੁਲ ਜ਼ਾਵੇਰੀ ਵਾਇਸ ਚੇਅਰਪਰਸਨ ਇੰਡੋ ਕਨੇਡੀਅਨ ਕਾਮਰਸ ਅਲਬਰਟਾ ਚੈਪਟਰ , ਭਾਰਤੀ ਕਲਚਰਲ ਸੁਸਾਇਟੀ ਆਫ਼ ਅਲਬਰਟਾ ਦੇ ਅਹੁਦੇਦਾਰ , ਵੱਖ ਵੱਖ ਨਾਨ ਪਰਾਫ਼ਿਟ ਸੁਸਾਇਟੀ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ , ਬੱਚੇ ਤੇ ਵਿਦਿਆਰਥੀ ਤੇ ਮੀਡੀਆ ਕਰਮੀ ਸ਼ਾਮਿਲ ਸਨ ।
Leave a Reply