ਮੋਦੀ ਮੰਤਰੀ ਮੰਡਲ ਦਾ ਵਿਸਥਾਰ ਅੱਜ; ਸ਼ਾਮਲ ਕੀਤੇ ਜਾ ਸਕਦੇ ਹਨ 20-25 ਨਵੇਂ ਚਿਹਰੇ, 28 ਅਹੁਦੇ ਹਨ ਖਾਲੀ

ਨਵੀਂ ਦਿੱਲੀ : ਮੋਦੀ ਸਰਕਾਰ (Modi Government) ਨੇ ਕੈਬਨਿਟ ਵਿਸਥਾਰ ਦੀ ਤਿਆਰੀ ਕਰ ਲਈ ਹੈ। ਇਸ ਵਿਚ ਸਿਆਸੀ ਸਮੀਕਰਨ ਦੇ ਲਿਹਾਜ਼ ਨਾਲ ਜਾਤੀ ਤੇ ਖੇਤਰੀ ਸੰਤੁਲਨ ਤਾਂ ਹੋਵੇਗਾ ਹੀ, ਨਾਲ ਹੀ ਨੌਜਵਾਨ, ਤਜਰਬੇਕਾਰ, ਪੜ੍ਹੇ-ਲਿਖੇ ਅਤੇ ਬਿਊਰੋਕ੍ਰੇਟ ਤੇ ਟੈਕਨੋਕ੍ਰੇਟ ਵੀ ਪਸੰਦ ਵਿਚ ਸ਼ਾਮਲ ਹੋਣਗੇ। ਯਾਨੀ ਜਾਤੀ ਸਮੀਕਰਨ ਦੇ ਖਾਂਚੇ ਵਿਚ ਵੀ ਸਾਬਕਾ ਆਈਏਐੱਸ, ਆਈਐੱਫਐੱਸ, ਇੰਜੀਨੀਅਰ ਆਦਿ ਕੈਬਨਿਟ ਦਾ ਹਿੱਸਾ ਬਣਨਗੇ। ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਓਬੀਸੀ ਨੁਮਾਇੰਦਗੀ ਵਧੇਗੀ। ਦੱਸਿਆ ਜਾ ਰਿਹਾ ਹੈ ਕਿ ਸੰਭਾਵਨਾ ਹੈ ਬੁੱਧਵਾਰ ਸ਼ਾਮ ਨੂੰ ਕੈਬਨਿਟ ਵਿਸਥਾਰ ਕੀਤਾ ਜਾਵੇਗਾ। ਇਸ ਵਿਸਥਾਰ ਤੋਂ ਬਾਅਦ ਕੇਂਦਰ ਸਰਕਾਰ ਵਿਚ ਦੋ ਦਰਜਨ ਤੋਂ ਜ਼ਿਆਦਾ ਮੰਤਰੀ ਓਬੀਸੀ ਹੋਣਗੇ।

ਸੂਤਰਾਂ ਦੇ ਮੁਤਾਬਕ ਕੈਬਨਿਟ ਵਿਸਥਾਰ ਦਾ ਖਾਕਾ ਤਿਆਰ ਹੋ ਗਿਆ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਨੂੰ ਵੱਡਾ ਹਿੱਸਾ ਮਿਲ ਸਕਦਾ ਹੈ। ਦਰਅਸਲ, ਯੂਪੀ ਵਰਗੇ ਅਹਿਮ ਸੂਬੇ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ ਚੋਣਾਂ ਹਨ। ਦੂਜੇ ਪਾਸੇ, ਬਿਹਾਰ ਤੋਂ ਸਹਿਯੋਗੀ ਦਲ ਜੇਡੀਯੂ ਨੂੰ ਵੀ ਕੈਬਨਿਟ ਵਿਚ ਨੁਮਾਇੰਦਗੀ ਦੇਣੀ ਹੈ। ਇਸ ਵਿਸਥਾਰ ਵਿਚ ਤਜਰਬੇ ਨੂੰ ਸਭ ਤੋਂ ਉੱਪਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਅਜਿਹੇ ਵਿਚ ਰਾਜਾਂ ’ਚ ਬਤੌਰ ਮੁੱਖ ਮੰਤਰੀ ਜ਼ਿੰਮੇਦਾਰੀ ਸੰਭਾਲ ਚੁੱਕੇ ਅਤੇ ਰਾਜ ਸਰਕਾਰਾਂ ਵਿਚ ਲੰਬੇ ਸਮੇਂ ਤਕ ਮੰਤਰੀ ਰਹਿ ਚੁੱਕੇ ਨੇਤਾ ਤਰਜੀਹ ਵਿਚ ਹਨ। ਕੁਝ ਸਾਬਕਾ ਅਫਸਰ ਵੀ ਇਸ ਵਿਚ ਦਿਸ ਸਕਦੇ ਹਨ। ਦਰਅਸਲ ਪੀਐੱਮ ਮੋਦੀ ਅਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ, ਜਿਹਡ਼ੇ ਵਿਕਾਸ ਕਾਰਜਾਂ ਨੂੰ ਤੇਜ਼ ਕਰ ਸਕਣ। ਕੁਝ ਨੌਜਵਾਨ ਚਿਹਰੇ ਵੀ ਸ਼ਾਮਲ ਹੋਣਗੇ। ਇਹ ਤੈਅ ਹੈ ਕਿ ਮੰਤਰੀ ਮੰਡਲ ਵਿਚ ਮੁੱਖ ਤੌਰ ’ਤੇ ਪੜ੍ਹੇ-ਲਿਖੇ ਲੋਕਾਂ ਨੂੰ ਹੀ ਜਗ੍ਹਾ ਮਿਲੇਗੀ। ਮੋਦੀ ਸਰਕਾਰ ਦੀਆਂ ਯੋਜਨਾਵਾਂ ਤੇ ਸਿਆਸੀ ਦਾਅਪੇਚਾਂ ਦੇ ਕੇਂਦਰ ਵਿਚ ਅਨੁਸੂਚਿਤ ਜਾਤੀ, ਜਨਜਾਤੀ ਅਤੇ ਓਬੀਸੀ ਸ਼ੁਰੂ ਤੋਂ ਰਹੇ ਹਨ। ਪੂਰੇ ਦੇਸ਼ ਅਤੇ ਖ਼ਾਸ ਕਰ ਕੇ ਯੂਪੀ ਦੀ ਸਿਆਸਤ ਵਿਚ ਓਬੀਸੀ ਦਾ ਖ਼ਾਸਾ ਅਸਰ ਹੈ। ਅਜਿਹੇ ਵਿਚ ਓਬੀਸੀ ਮੰਤਰੀਆਂ ਦੀ ਗਿਣਤੀ 25 ਹੋ ਸਕਦੀ ਹੈ। ਫ਼ਿਲਹਾਲ ਕੈਬਨਿਟ ਵਿਚ ਲਗਪਗ ਡੇਢ ਦਰਜਨ ਓਬੀਸੀ ਮੰਤਰੀ ਹਨ।

ਵੈਸੇ ਤਾਂ ਕੇਂਦਰੀ ਕੈਬਨਿਟ ਵਿਚ 81 ਮੰਤਰੀ ਹੋ ਸਕਦੇ ਹਨ ਅਤੇ ਵਰਤਮਾਨ ਵਿਚ 28 ਅਹੁਦੇ ਖਾਲੀ ਹਨ। ਅੱਧੀ ਦਰਜਨ ਮੰਤਰੀ ਅਜਿਹੇ ਹਨ, ਜਿਨ੍ਹਾਂ ਕੋਲ ਦੋ ਤੋਂ ਵੀ ਜ਼ਿਆਦਾ ਮੰਤਰਾਲੇ ਹਨ। ਇਕ ਦੁਰਘਟਨਾ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਆਯੂਸ਼ ਮੰਤਰੀ ਸ਼੍ਰੀਪਦ ਯੇਸੋ ਨਾਇਕ ਦਾ ਮੰਤਰਾਲਾ ਵੀ ਕਿਸੇ ਹੋਰ ਦੇ ਕੋਲ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਤੋਂ ਚਾਰ ਅਤੇ ਬਿਹਾਰ ਤੋਂ ਤਿੰਨ ਮੰਤਰੀ ਬਣਾਏ ਜਾ ਸਕਦੇ ਹਨ। ਯੂਪੀ ਵਿਚ ਸਹਿਯੋਗੀ ‘ਆਪਣਾ ਦਲ’ ਤੋਂ ਅਨੂਪ੍ਰਿਆ ਪਟੇਲ ਦੇ ਨਾਲ-ਨਾਲ ਭਾਜਪਾ ਦੇ ਕੋਟੇ ਤੋਂ ਵਰੁਣ ਗਾਂਧੀ ਸ਼ਾਮਲ ਹੋ ਸਕਦੇ ਹਨ। ਦੋਵੇਂ ਨੌਜਵਾਨ ਹਨ, ਪਡ਼੍ਹੇ-ਲਿਖੇ ਵੀ ਅਤੇ ਜਾਤੀਗਤ ਸਮੀਕਰਨ ਦੇ ਖਾਂਚੇ ਵਿਚ ਵੀ ਫਿਟ ਬੈਠਦੇ ਹਨ ਜਦਕਿ ਬਾਕੀ ਵਿਚ ਸਹਿਯੋਗੀ ਦਲਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਬਿਹਾਰ ਤੋਂ ਜੇਡੀਯੂ ਦੇ ਖਾਤੇ ਤੋਂ ਦੋ ਮੰਤਰੀ ਬਣਾਏ ਜਾ ਸਕਦੇ ਹਨ। ਸੰਭਵ ਹੈ ਕਿ ਦੋਵੇਂ ਕੈਬਨਿਟ ਦਰਜੇ ਦੇ ਹੋਣ। ਭਾਜਪਾ ਦੇ ਕੋਟੇ ਵਿਚੋਂ ਵੀ ਸ਼ਾਇਦ ਸੁਸ਼ੀਲ ਮੋਦੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਕਾਂਗਰਸ ਤੋਂ ਭਾਜਪਾ ਵਚ ਆਏ ਜਯੋਤਿਰਾਦਿਤਿਆ ਸਿੰਧੀਆ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਕਰਨਾਟਕ ਵਿਚ ਵੀ 2023 ਵਿਚ ਚੋਣਾਂ ਹਨ। ਉਥੋਂ ਕਿਸੇ ਸੰਸਦ ਮੈਂਬਰ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਬੰਗਾਲ ਤੋਂ ਪਾਰਟੀ ਪ੍ਰਧਾਨ ਦਿਲੀਪ ਘੋਸ਼ ਨੂੰ ਸਰਕਾਰ ਵਿਚ ਲਿਆ ਜਾ ਸਕਦਾ ਹੈ ਜਾਂ ਉੱਤਰ ਬੰਗਾਲ ਤੋਂ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਮਤੂਆ ਭਾਈਚਾਰੇ ਦੇ ਸ਼ਾਂਤਨੂ ਠਾਕੁਰ ਨੂੰ ਰਾਜ ਮੰਤਰੀ ਬਣਾਇਆ ਜਾ ਸਕਦਾ ਹੈ। ਲੱਦਾਖ ਤੋਂ ਨੌਜਵਾਨ ਸੰਸਦ ਮੈਂਬਰ ਜਾਮਯਾਂਗ ਨਾਮਗਿਆਲ ਨੂੰ ਵੀ ਕੇਂਦਰ ਸਰਕਾਰ ਵਿਚ ਲਿਆਉਣ ਦੀ ਸੰਭਾਵਨਾ ਹੈ।

Be the first to comment

Leave a Reply

Your email address will not be published.


*