ਪੰਜਾਬ, ਹਰਿਆਣਾ, ਦਿੱਲੀ ਸਣੇ ਕਈ ਇਲਾਕਿਆਂ ‘ਚ ਠੰਢ ਦਾ ਕਹਿਰ, 21 ਜਨਵਰੀ ਤੋਂ ਮੁੜ ਦਿਖੇਗਾ ਵੈਸਟਰਨ ਡਿਸਟਰਬੈਂਸ ਦਾ ਅਸਰ

ਨਵੀਂ ਦਿੱਲੀ : ਉੱਤਰੀ ਭਾਰਤ ਇਨ੍ਹੀਂ ਦਿਨੀਂ ਸੀਤ ਲਹਿਰ ਦੀ ਲਪੇਟ ‘ਚ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਯੂਪੀ ਦੇ ਕਈ ਇਲਾਕਿਆਂ ‘ਚ ਠੰਢ ਵਧ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁਝ ਦਿਨਾਂ ਤਕ ਠੰਢ ਘਟਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਤਾਜ਼ਾ ਸਰਗਰਮ ਪੱਛਮੀ ਗੜਬੜੀ ਦੇ 21 ਜਨਵਰੀ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਰਾਜਧਾਨੀ ਦਿੱਲੀ ‘ਚ ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਅਨੁਸਾਰ, ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਅੱਜ 331 (ਬਹੁਤ ਮਾੜੀ ਸ਼੍ਰੇਣੀ ਵਿੱਚ) ਹੈ।

ਸਕਾਈਮੈੱਟ ਵੈਦਰ ਅਨੁਸਾਰ, ਅੱਜ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਤੇ ਉੱਤਰੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਠੰਢ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਲਕੀ ਬਰਫਬਾਰੀ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ, ਤਾਮਿਲਨਾਡੂ ਅਤੇ ਕੇਰਲ ਦੇ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਦਾ ਅਲਰਟ

ਮੌਸਮ ਵਿਭਾਗ ਅਨੁਸਾਰ 21 ਜਨਵਰੀ ਤੋਂ ਉੱਤਰੀ ਭਾਰਤ ‘ਚ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੈ। ਇਸ ਦਾ ਅਸਰ ਹਲਕਾ ਹੋਵੇਗਾ ਪਰ ਇਸ ਕਾਰਨ 21, 22 ਤੇ 23 ਜਨਵਰੀ ਨੂੰ ਦਿੱਲੀ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਉੱਤਰੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 2-4 ਡਿਗਰੀ ਵੱਧ ਰਹੇਗਾ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ‘ਚ ਅਗਲੇ ਦੋ ਦਿਨਾਂ ਤਕ ਸੀਤ ਲਹਿਰ ਜਾਰੀ ਰਹੇਗੀ। ਇਨ੍ਹਾਂ ਥਾਵਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਢ ਜਾਰੀ ਹੈ।

ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਤੇ ਬਾਰਿਸ਼ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ‘ਚ ਸਰਗਰਮ ਪੱਛਮੀ ਗੜਬੜੀ ਕਾਰਨ 21 ਤੇ 22 ਜਨਵਰੀ ਨੂੰ ਜ਼ਿਆਦਾਤਰ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਮੰਡੀ, ਊਨਾ, ਬਿਲਾਸਪੁਰ, ਹਮੀਰਪੁਰ ਵਿੱਚ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦਿਨ ਉੱਚੇ ਇਲਾਕਿਆਂ ‘ਚ ਬਰਫਬਾਰੀ ਵੀ ਹੋ ਸਕਦੀ ਹੈ। ਮੰਗਲਵਾਰ ਨੂੰ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ ‘ਚ ਪੰਜ ਤੋਂ ਸੱਤ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿਨ ਭਰ ਤੇਜ਼ ਧੁੱਪ ਕਾਰਨ ਊਨਾ ਦੇ ਮੁਕਾਬਲੇ ਸੱਤ ਜ਼ਿਲ੍ਹਿਆਂ ‘ਚ ਤਾਪਮਾਨ ਵੱਧ ਦਰਜ ਕੀਤਾ ਗਿਆ ਹੈ। ਧੁੰਦ ਕਾਰਨ ਊਨਾ ‘ਚ ਤਾਪਮਾਨ ਘੱਟ ਰਿਹਾ। ਊਨਾ ‘ਚ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਧਰਮਸ਼ਾਲਾ, ਸੁੰਦਰਨਗਰ, ਭੁੰਤਰ, ਸੋਲਨ ਵਿੱਚ 20 ਅਤੇ ਇਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।

Be the first to comment

Leave a Reply

Your email address will not be published.


*