ਪਿਛਲੇ ਇਕ ਸਾਲ ’ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਕੋਈ ਟੈਕਸ ਨਹੀਂ ਲਗਾਇਆ : ਪੁਰੀ

ਨਵੀਂ ਦਿੱਲੀ,29 ਜੁਲਾਈ ( ਟਾਈਮਜ਼ ਬਿਊਰੋ ) ਦੇਸ਼ ਭਰ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਹਾਲਾਂਕਿ ਪਿਛਲੇ 2 ਹਫਤੇ ਦੇ ਤੇਲ ਦੇ ਰੇਟ ਸਥਿਰ ਹਨ। ਇਸ ਦਰਮਿਆਨ ਸਰਕਾਰ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ। ਵੱਖ-ਵੱਖ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਸਰਕਾਰ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਪੈਟਰੋਲ ਅਤੇ ਡੀਜ਼ਲ ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਪੈਟਰੋਲ ਅਤੇ ਡੀਜ਼ਲ ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ’ਚ ਹੋਇਆ ਵਾਧਾ ਉੱਚ ਕੌਮਾਂਤਰੀ ਉਤਪਾਦ ਕੀਮਤਾਂ ਅਤੇ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਵਸੂਲੇ ਗਏ ਵੈਟ ’ਚ ਵਾਧੇ ਕਾਰਨ ਆਧਾਰ ਮੁੱਲ ’ਚ ਵਾਧੇ ਕਾਰਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੱਚੇ ਤੇਲ, ਪੈਟਰੋਲ ਅਤੇ ਡੀਜ਼ਲ ਦੀ ਕੌਮਾਂਤਰੀ ਕੀਮਤ ’ਚ ਅਸਥਿਰਤਾ ਨਾਲ ਸਬੰਧਤ ਮੁੱਦੇ ਨੂੰ ਵੱਖ-ਵੱਖ ਇੰਟਰਨੈਸ਼ਨਲ ਮੰਚਾਂ ’ਤੇ ਉਠਾ ਰਹੀ ਹੈ। ਪੁਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕ੍ਰਮਵਾਰ 26 ਜੂਨ 2010 ਅਤੇ 19 ਅਕਤੂਬਰ 2014 ਤੋਂ ਬਾਜ਼ਾਰ ਨਿਰਧਾਰਤ ਬਣਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਕੌਮਾਂਤਰੀ ਉਤਪਾਦ ਕੀਮਤਾਂ ਅਤੇ ਹੋਰ ਬਾਜ਼ਾਰ ਹਾਲਾਤਾਂ ਦੇ ਆਧਾਰ ’ਤੇ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਨਿਰਧਾਰਨ ਦੇ ਸਬੰਧ ’ਚ ਫੈਸਲਾ ਲੈਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਨੂੰ ਕੌਮਾਂਤਰੀ ਕੀਮਤਾਂ ਅਤੇ ਰੁਪਇਆ-ਡਾਲਰ ਰੈਗੂਲੇਟਰ ਦਰ ’ਚ ਬਦਲਾਅ ਦੇ ਮੁਤਾਬਕ ਵਧਾਇਆ ਅਤੇ ਘਟਾਇਆ ਹੈ।

Be the first to comment

Leave a Reply

Your email address will not be published.


*