
ਲੰਬੇ ਗੀਤ
(ਸੰਧਾਰੇ ਦੇ ਚਾਅ ਨੂੰ ਦਰਸਾਉਂਦਾ ਲੋਕ ਗੀਤ)
( ਪ੍ਰਿਤਪਾਲ ਸਿੰਘ ਬੰਬ) ਦੀ ਖਾਸ ਰਿਪੋਰਟ
ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਲੱਖਾ ਹਾਰ
ਸਾਵਣ ਆਇਆ
ਮਹਿੰਦੀ ਤਾਂ ਪਾ ਦੇ ਮਾਏਂ ਸੁੱਕਣੀ,
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀਂ ਉਦਾਸ,
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ,
ਮਾਏਂ ਮੇਰੀਏ ਨੀਂ
ਧੀਆਂ ਨੂੰ ਲਈਂ ਨੀਂ ਮੰਗਾ,
ਸਾਵਣ ਆਇਆ
(ਤੀਆਂ ਲਈ ਲੈਣ ਆਏ ਵੀਰ ਤੋਂ
ਭੈਣ ਸੁੱਖ-ਸਾਂਦ ਪੁੱਛਦੀ ਹੈ)
ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ,
ਇਕ ਤਾਂ ਆਇਆ ਮੇਰਾ
ਅੰਮੀ ਦਾ ਜਾਇਆ,
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਿਨਾਣ ਮੁੱਖ ਮੋੜਿਆ,
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ,
ਦੇ ਜਾ ਵੀਰਾ ਮੇਰੀ ਮਾਂ ਦੇ ਸਨੇਹੜੇ ।
ਮਾਂ ਤਾਂ ਤੇਰੀ ਭੈਣੇ ਪਲੰਘੇ ਬੈਠਾਈ ਪਲੰਘੋਂ ਪੀੜ੍ਹੇ ਬਿਠਾਈ,
ਸਾਥ ਅਟੇਰਨ ਸੂਹੀ ਰੰਗਲੀ ਰਾਮ ।
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀ ਭਾਬੋ ਦੇ ਦੇਹ ਸੁਨੇਹੜੇ ਰਾਮ ।
ਭਾਬੋ ਤਾਂ ਤੇਰੀ ਬੀਬਾ ਗੀਗੜਾ ਜਾਇਆ,
ਨੀ ਤੇਰਾ ਭਤੀਜੜਾ ਜਾਇਆ,
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ ।
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀਆਂ ਸਹੀਆਂ ਦੇ ਦੇਹ ਸੁਨੇਹੜੇ ਰਾਮ ।
ਸਹੀਆਂ ਤਾਂ ਤੇਰੀਆਂ ਭੈਣੇ ਛੋਪ ਨੀ ਪਾਏ,
ਵੇਹੜੀਂ ਚਰਖੇ ਨੀ ਡਾਹੇ,
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ, ਰਾਮ ।
ਚਲ ਵੇ ਵੀਰਾ ਚਲੀਏ ਮਾਂ ਦੇ ਕੋਲੇ,
ਚੁਕ ਭਤੀਜੜਾ ਲੋਰੀ ਦੇਵਾਂਗੀ ਰਾਮ ।
(ਸਾਉਣ ਦੇ ਸੁਹਾਵਣੇ ਦ੍ਰਿਸ਼ ਵੇਖਕੇ ਸਈਆਂ ਨੂੰ
ਤੀਆਂ ਦਾ ਸੱਦਾ ਅਤੇ ਮਾਹੀ ਦੀ ਯਾਦ)
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
(ਪੀਂਘਾਂ ਝੂਟਦੀਆਂ ਭੈਣਾਂ ਪ੍ਰਦੇਸ
ਗਏ ਵੀਰਾਂ ਨੂੰ ਯਾਦ ਕਰਦੀਆਂ)
ਉੱਚੀ ਉੱਚੀ ਰੋੜੀ
ਵੀਰਾ ਦਮ ਦਮ ਵੇ
ਕੰਗਣ ਰੁੜ੍ਹਿਆ ਜਾਏ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ
ਤੈਨੂੰ ਪਲੰਘ ਬਛੌਣਾ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਨੀ ਭੈਣ ਮੇਰੀਏ
ਹੈਨੀ ਕੋਲ ਰੁਪਏ
ਮੇਰੀ ਭੈਣ ਫੇਰ ਮਿਲਾਂਗੇ ਨੀ
ਖੋਹਲ ਸੰਦੂਕ ਵੀਰਾ ਕੱਢਾਂ ਰੁਪਿਆ
ਨੌਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ ਕੇ ਜਾਇਓ ਵੇ
(ਗਿੱਧੇ ਪੈਂਦਾ ਮੀਂਹ)
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ
ਜੱਨਤ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ʼਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ
ਸਾਉਣ ਦੀਆਂ ਬੋਲੀਆਂ
ਸ਼ੌਕ ਨਾਲ ਗਿੱਧੇ ਵਿਚ ਆਵਾਂ ।
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਦਿਆ ਬਦਲਾ ਵੇ
ਮੈਂ ਤੇਰਾ ਜਸ ਗਾਵਾਂ ।
ਸਾਉਣ ਮਹੀਨੇ ਘਾਹ ਹੋ ਚਲਿਆ
ਰੱਜਣ ਮੱਝੀਆਂ ਗਾਈਂ,
ਗਿੱਧਿਆ ਪਿੰਡ ਵੜ ਵੇ
ਲਾਂਭ ਲਾਂਭ ਨਾ ਜਾਈਂ ।
ਚਿੱਟੀ ਕਣਕ ਦੇ ਮੰਡੇ ਪਕਾਵਾਂ
ਨਾਲੇ ਤੜਕਾਂ ਵੜੀਆਂ
ਗਿੱਧਾ ਸਾਉਣ ਦਾ ਹਾਕਾਂ ਮਾਰੇ,
ਮੈਂ ਵਗਾਰ ਵਿਚ ਫੜੀਆਂ
ਗਿੱਧੇ ਦੇ ਪਿੜ ਵਿਚ ਕੀਕਣ ਜਾਵਾਂ
ਘਰ ਧੰਦੇ ਵਿਚ ਮੜ੍ਹੀਆਂ
ਪੱਟਤੀ ਕਬੀਲਦਾਰੀ ਨੇ
ਤਾਹਨੇ ਦੇਂਦੀਆਂ ਖੜ੍ਹੀਆਂ
ਮੇਰੇ ਹਾਣ ਦੀਆਂ
ਗਿੱਧਾ ਪਾ ਘਰ ਮੁੜੀਆਂ ।
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸੌਹਰੇ ………..
ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਵੇ,
ਸਾਉਣ ਵੀਰ …….
ਸਾਉਣ ਮਹੀਨਾ ਦਿਨ ਤੀਆਂ ਦੇ, ਸਭੇ ਸਹੇਲੀਆਂ ਆਈਆਂ,
ਨੀ ਸੰਤੋਂ ਸ਼ਾਮੋ ਹੋਈਆਂ ਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ,
ਨੀ ਕਾਲੀਆਂ ਦੀ ਫਿੰਨੋ ਦਾ ਤਾਂ, ਚਾਅ ਚੁੱਕਿਆ ਨਾ ਜਾਵੇ,
ਝੂਟਾ ਦੇ ਦਿਓ ਨੀ, ਦੇ ਦਿਓ ਨੀ, ਮੇਰਾ ਲੱਕ ਹੁਲਾਰੇ ਖਾਵੇ,
ਝੂਟਾ ਦੇ ……..
ਛਮ ਛਮ ਛਮ ਛਮ ਪੈਣ ਪੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ ʼਤੇ ਚੋਗ ਚੁਗਾਵਾਂ
ਤੀਆਂ ਦਾ ਚਾਅ
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ,
ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ,
ਨੀ ਕਾਹਲੀ …….
ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ ……..
ਮਹਿੰਦੀ
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਵਿੱਚ ਬਾਗਾਂ ਦੇ ਰਹਿੰਦੀ,
ਘੋਟ-ਘੋਟ ਮੈਂ ਹੱਥਾਂ ‘ਤੇ ਲਾਵਾਂ,
ਫੋਲਕ ਬਣ ਬਣ ਲਹਿੰਦੀ,
ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ।
ਬੋਲ ਸ਼ਰੀਕਾਂ ਦੇ…।”
ਵੀਰਾਂ ਸੰਬੰਧੀ ਬੋਲੀਆਂ
1. ਵੀਰਾ ਆਈਂ ਵੇ ਭੈਣ ਦੇ ਵਿਹੜੇ,
ਪੁੰਨਿਆਂ ਦਾ ਚੰਨ ਬਣ ਕੇ।
2.ਬੋਤਾ ਬੰਨ੍ਹ ਦੇ ਸਰਵਣਾ ਵੀਰਾ,
ਮੁੰਨੀਆਂ ਰੰਗੀਨ ਗੱਡੀਆਂ।
ਅੱਗਿਓਂ ਵੀਰ ਕਹਿੰਦਾ:
ਮੱਥਾ ਟੇਕਦਾ ਅੰਮਾਂ ਦੀਏ ਜਾਈਏ,
ਬੋਤਾ ਭੈਣੇ ਫੇਰ ਬੰਨ੍ਹ ਲਊਂ।
3. ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਔਹ ਵੀਰ ਮੇਰਾ ਕੁੜੀਓ
4. ਭੈਣਾਂ ਰੋਂਦੀਆਂ ਪਿਛੋਕੜ ਖੜ ਕੇ
ਜਿਨ੍ਹਾਂ ਦੇ ਘਰ ਵੀਰ ਨਹੀਂ
5. ਇੱਕ ਵੀਰ ਦੇਈਂ ਵੇ ਰੱਬਾ!
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
6. ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
7. ਵੀਰਾ ਵੇ ਬੁਲਾ ਸੋਹਣਿਆ
ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ
8. ਬਾਪੂ ਤੇਰੇ ਮੰਦਰਾਂ ʼਚੋਂ
ਸਾਨੂੰ ਮੁਸ਼ਕ ਚੰਦਨ ਦਾ ਆਵੇ
9. ਚੰਦ ਚੜ੍ਹਿਆ ਬਾਪ ਦੇ ਖੇੜੇ
ਵੀਰ ਘਰ ਪੁੱਤ ਜੰਮਿਆ
10.ਅੱਡੀ ਮਾਰੇ ਮਦਰੱਸਾ ਖੋਲੇ,
ਵੀਰ ਮੇਰਾ ਪਤਲਾ ਜਿਹਾ ।
11.ਵੀਰ ਮੇਰਾ ਨੀ ਗੁਲਾਬੀ ਫੁੱਲ ਵਰਗਾ
ਧੁੱਪ ਵਿਚ ਭੋਂ ਮਿਣਦਾ ।
12.ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ
ਦੋਵੇਂ ਵੀਰ ਘੋੜੀਆਂ ਉਤੇ ।
13.ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ
ਔਹ ਵੀਰ ਮੇਰੇ ਕੁੜੀਓ ।
14.ਪੱਗਾਂ ਕਾਲੀਆਂ, ਲੱਗਣ ਪਿਆਰੇ,
ਵੀਰ ਚਲੇ ਮੱਸਿਆ ਨੂੰ ।
15.ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫਾ,
ਔਹ ਵੀਰ ਮੇਰਾ ਕੁੜੀਓ ।
16.ਮੇਰਾ ਵੀਰ ਨੀ ਜਮਾਤੀ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ ।
17.ਤੈਨੂੰ ਵੇਖ ਕੇ ਭੁਖੀ ਰੱਜ ਜਾਵਾਂ,
ਸੁੰਦਰ ਸਰੂਪ ਵੀਰਨਾ ।
18.ਜਿੱਥੇ ਵੱਜਦੀ ਬੱਦਕ ਵਾਂਗ ਗੱਜਦੀ,
ਕਾਲੀ ਡਾਂਗ ਮੇਰੇ ਵੀਰ ਦੀ ।
19. ਵੀਰ ਨਾ ਆਉਣ ਤੇ ਸੱਸ ਦਾ ਮਿਹਣਾ ਤੇ ਭੈਣ ਦਾ ਜਵਾਬ:
”ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ‘ਤੇ ਲੈਣ ਨਹੀਂ ਆਏ।”
ਅੱਗਿਓਂ ਭੈਣ ਕਹਿੰਦੀ ਹੈ-
”ਤੈਥੋਂ ਡਰਦੇ ਲੈਣ ਨਹੀਂ ਆਏ,
ਸੱਸੀ ਵੜੇਵੇਂ ਅੱਖੀਏ।”
ਸੱਸ ਅਤੇ ਹੋਰ ਰਿਸ਼ਤਿਆਂ ਸੰਬੰਧੀ ਬੋਲੀਆਂ
ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ
ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ
ਡੌਲੇ ਕੋਲੋਂ ਬਾਂਹ ਟੁੱਟਗੀ
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ
ਸੁੱਥਣੇ ਸੂਫ ਦੀਏ
ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਪੌੜੀ ਵਿਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨੀ ਦੇਣਾ ( ਪ੍ਰਿਤਪਾਲ ਸਿੰਘ ਬੰਬ )
Leave a Reply