ਡੇਰਾ ਸੱਚਾ ਸੌਦਾ ਰਾਸ਼ਟਰੀ ਕਮੇਟੀ ਦੇ 3 ਮੈਬਰਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ

ਫਰੀਦਕੋਟ,24 ਜੁਲਾਈ ( ਟਾਈਮਜ਼ ਬਿਊਰੋ ) ਡੇਰਾ ਸੱਚਾ ਸੌਦਾ ਰਾਸ਼ਟਰੀ ਕਮੇਟੀ ਦੇ 3 ਮੈਬਰਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਲਾਕਾ ਮੈਜਿਸਟਰੇਟ ਮਿਸ ਤਰਜਨੀ ਨੇ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਡੇਰਾ ਸੱਚਾ ਸੌਦਾ ਵਿਚ ਮੀਟਿੰਗ ਦੌਰਾਨ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਕੇ ਗੁਰੂ ਸਾਹਿਬ ਦੇ ਪੱਤਰੇ ਗਲੀਆਂ ਵਿਚ ਖਿਲਾਰਨ ਅਤੇ ਪਿੰਡ ਬਰਗਾੜੀ ਵਿਚ ਇਤਰਾਜ਼ਯੋਗ ਪੋਸਟਰ ਲਾਉਣ ਸਬੰਧੀ ਸਾਜ਼ਿਸ਼ ਘੜੀ ਸੀ। ਵਿਸ਼ੇਸ਼ ਜਾਂਚ ਟੀਮ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਛਾਪੇ ਮਾਰ ਰਹੀ ਹੈ। ਡੇਰਾ ਕਮੇਟੀ ਦੇ ਇਹ ਕੌਮੀ ਮੈਂਬਰ ਪਹਿਲਾਂ ਹੀ ਦੋ ਮੁਕੱਦਮਿਆਂ ਵਿਚ ਭਗੌੜੇ ਐਲਾਨੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿਉਂਕਿ ਤਿੰਨੇ ਡੇਰਾ ਕਮੇਟੀ ਮੈਂਬਰ ਗੁਰਮੀਤ ਰਾਮ ਰਹੀਮ ਦੇ ਸੰਪਰਕ ਵਿਚ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਵਿਚ ਡੇਰਾ ਮੁਖੀ ਵੀ ਸ਼ਾਮਲ ਹੋ ਸਕਦਾ ਹੈ।

Be the first to comment

Leave a Reply

Your email address will not be published.


*