ਕਿੰਨੌਰ ‘ਚ ਕੁਦਰਤ ਦਾ ਕਹਿਰ, ਪੱਥਰ ਡਿੱਗਣ ਕਾਰਨ 9 ਸੈਲਾਨੀਆਂ ਦੀ ਗਈ ਜਾਨ

ਕਿੰਨੌਰ,26 ਜੁਲਾਈ ( ਟਾਈਮਜ਼ ਬਿਊਰੋ ) ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਵੇਖ ਕੇ ਸੈਲਾਨੀ ਸਹਿਮੇ ਹੋਏ ਹਨ। ਹਿਮਾਚਲ ਦੇ ਕਿੰਨੌਰ ਜ਼ਿਲੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਇੱਥੇ ‘ਲੈਂਡ ਸਲਾਇਡ’ ਕਾਰਨ ਵੱਡੇ ਛੋਟੇ ਪੱਥਰ ਪਹਾੜ ਤੋਂ ਇੰਨੀ ਤੇਜ਼ੀ ਨਾਲ ਹੇਠਾਂ ਡਿੱਗੇ ਕਿ ਅੱਧੇ ਮਿੰਟ ਵਿੱਚ ਹੀ ਬਸਪਾ ਨਦੀ ਦਾ ਪੁੱਲ ਟੁੱਟ ਗਿਆ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਲੋਕ ਗੰਭੀਰ ਜ਼ਖਮੀ ਹੋਏ ਹਨ। ਕਈ ਵਾਹਨ ਵੀ ਨੁਕਸਾਨੇ ਗਏ ਹਨ। ਜਦੋਂ ਪੱਥਰ ਹੇਠਾਂ ਡਿੱਗਣੇ ਸ਼ੁਰੂ ਹੋਏ ਤਾਂ ਹੇਠਾਂ ਖੜੇ ਲੋਕਾਂ ਨੇ ਰੌਲਾ ਪਾ ਕੇ ਪੁਲ ਨੇੜੇ ਖੜੇ ਸੈਲਾਨੀਆਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਾ ਕੁਝ 30-35 ਸਕਿੰਟਾਂ ਵਿੱਚ ਵਾਪਰ ਗਿਆ, ਕਿਸੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਹਾਦਸੇ ਵਿੱਚ ਮਾਰੇ ਗਏ ਲੋਕ ਦਿੱਲੀ, ਛੱਤੀਸਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਉਹ ਇੱਥੇ ਘੁੰਮਣ ਲਈ ਆਏ ਸਨ। ਜਦੋਂ ਉਹ ਛਿਤਕੁਲ ਤੋਂ ਸਾਂਗਲਾ ਵੱਲ ਜਾ ਰਹੇ ਸੀ ਤਾਂ ਬਟਸੇਰੀ ਦੇ ਗੁਨਸਾ ਨੇੜੇ ਪੁਲ ‘ਤੇ ਚੱਟਾਨਾਂ ਡਿੱਗ ਪਈਆਂ ਅਤੇ ਉਨ੍ਹਾਂ ਦੀ ਕਾਰ ਬਾਸਪਾ ਨਦੀ ਵਿੱਚ ਜਾ ਡਿੱਗੀ । ਹਾਦਸੇ ਤੋਂ ਬਾਅਦ ਚੀਕਾਂ ਸੁਣ ਕੇ ਬਟਸੇਰੀ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਹੀ ਇਸ ਹਾਦਸੇ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ। ਕਿਨੌਰ ਦੇ ਡੀ.ਸੀ. ਆਬਿਦ ਹੁਸੈਨ ਸਾਦਿਕ, ਐਸ.ਪੀ. ਐਸਆਰ ਰਾਣਾ ਵੀ ਮੌਕੇ ‘ਤੇ ਮੌਜੂਦ ਹਨ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Be the first to comment

Leave a Reply

Your email address will not be published.


*