ਐਡਮੰਟਨ ( ਟਾਈਮਜ਼ ਬਿਓਰੋ ) ਕੈਨੇਡਾ ਦੀ ਟਰੂਡੋ ਸਰਕਾਰ ਵਿੱਚ ਸੱਭ ਤੋਂ ਘੱਟ ਉਮਰ ਦੀ ਮੈਂਬਰ ਪਾਰਲੀਮੈਂਟ ਕਮਲਪ੍ਰੀਤ ਕੌਰ ਖੈਹਿਰਾ ਨੂੰ ਨਵੀਂ ਕੈਬਨਿਟ ਵਿੱਚ ਬਹੁਤ ਅਹਿਮ ਮੰਤਰਾਲੇ ਦੀ ਜਿੰਮੇਵਾਰੀ ਸੌਂਪੀ ਗਈ ਹੈ । ਕੈਨੇਡਾ ਸਰਕਾਰ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਅਤੇ ਅਪਾਹਜ ਵਿਅਕਤੀਆਂ ਨਾਲ ਸੰਬੰਧਤ ਮੰਤਰਾਲੇ ਦਾ ਦੇਖਭਾਲ ਹੁਣ ਕਮਲ ਖੈਹਿਰਾ ਕਰਨਗੇ । ਕੈਨੇਡਾ ਬਹੁ -ਦੇਸ਼ੀ , ਬਹੁ-ਭਾਸ਼ਾਈ ਅਤੇ ਬਹੁ- ਧਰਮੀ ਦੇਸ਼ ਹੈ ਜਿੱਥੇ ਵੱਖ ਵੱਖ ਧਰਮਾਂ, ਮਜ਼੍ਹਬਾਂ ਤੇ ਦੇਸ਼ਾਂ ਦੇ ਲੋਕ ਵਸਦੇ ਹਨ । ਅਨੇਕਤਾ ਵਿੱਚ ਏਕਤਾ ਸਮਾਉਣ ਦੀ ਭਾਵਨਾ ਪੈਦਾ ਕਰਨ ਵਾਲਾ ਦੇਸ਼ ਕੈਨੇਡਾ ਜਿੱਥੇ ਵਿਭਿੰਨਤਾ ਤੇ ਸ਼ਮੂਲੀਅਤ ਦੀ ਵੱਖਰੀ ਅਹਿਮੀਅਤ ਹੈ ਜੋ ਇਸ ਦੇਸ਼ ਦੀ ਵੱਖਰੀ ਹੋਂਦ ਤੇ ਖ਼ੂਬਸੂਰਤੀ ਨੂੰ ਰੂਪਮਾਨ ਕਰਦੀ ਹੈ । ਕਮਲ ਖੈਹਿਰਾ ਬਰੈਂਪਟਨ ਵੈਸਟ ਤੋਂ 2015 ਵਿੱਚ ਲਿਬਰਲ ਪਾਰਟੀ ਦੀ ਮੈਂਬਰ ਪਾਰਲੀਮੈਂਟ ਚੁਣੀ ਗਈ । ਉਹ ਉਸ ਵੇਲੇ ਹਾਊਸ ਆਫ਼ ਕਾਮਨ ਵਿੱਚ ਸੱਭ ਘੱਟ ਉਮਰ ਦੀ ਯੰਗੈਸਟ ਐਮ ਪੀ ਸੀ । ਕਮਲ ਖਹਿਰਾ 2021 ਤੋਂ ਜੁਲਾਈ 2023 ਤੱਕ ਟਰੂਡੋ ਵਜ਼ਾਰਤ ਵਿੱਚ ਮਨਿਸਟਰ ਆਫ਼ ਸੀਨੀਅਰਜ਼ ਬਣੀ ਰਹੀ ਅਤੇ ਹੁਣ 26 ਜੁਲਾਈ 2023 ਤੋਂ ਮਨਿਸਟਰ ਆਫ਼ ਡਾਈਵਰਸਿਟੀ ਐਂਡ ਇਨਕਲੂਜ਼ਨ ਐਂਡ ਪਰਸਨਜ਼ ਵਿੱਦ ਡਿਸਐਬਿਲਿਟੀਜ਼ ਬਣੇ ਹਨ । ਕਮਲ ਖੈਹਿਰਾ ਨੇ ਯੌਰਕ ਯੂਨਿਵਰਸਿਟੀ ਤੋਂ ਔਨਰਜ਼ ਬੈਚਲਰ ਸਾਇੰਸ ਇਨ ਨਰਸਿੰਗ ਵਿੱਚ ਡਿਗਰੀ ਹਾਸਿਲ ਕੀਤੀ ਅਤੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਰਜਿਸਟਰਡ ਨਰਸ ਵਜੋਂ ਸੇਂਟ ਜੌਸਫ ਹੈਲਥ ਸੈਂਟਰ ਟੋਰਾਂਟੋ ਵਿਖੇ ਕੰਮ ਕਰਦੇ ਰਹੇ ਹਨ । 2015 ਵਿੱਚ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹਨਾਂ ਟਰੂਡੋ ਸਰਕਾਰ ਵਿੱਚ ਬਤੌਰ ਪਾਰਲੀਮਾਨੀ ਸਕੱਤਰ ਹੈਲਥ ਮੰਤਰਾਲਾ , ਰੈਵੀਨਿਊ ਮੰਤਰਾਲਾ ਅਤੇ ਅੰਤਰਰਾਸ਼ਟਰੀ ਡਿਵੈੱਲਪਮੈਂਟ ਮੰਤਰਾਲੇ ਨਾਲ ਵੀ ਕੰਮ ਕੀਤਾ । ਕਮਲ ਖੈਹਿਰਾ ਨੇ ਆਪਣੇ ਸਿਆਸੀ ਕੈਰੀਅਰ ਵਿੱਚ ਵੱਡੀਆਂ ਉੱਪਲੱਬਧੀਆਂ ਹਾਸਿਲ ਕੀਤੀਆਂ ਅਤੇ ਉਹਨਾਂ ਦੀ ਦੇਸ਼ , ਦੇਸ਼ਵਾਸੀਆਂ ਅਤੇ ਕੰਮ ਪ੍ਰਤੀ ਲਗਨ ਅਤੇ ਵਫ਼ਾਦਾਰੀ ਨੂੰ ਦੇਖਦਿਆਂ ਹੁਣ ਟਰੂਡੋ ਸਰਕਾਰ ਨੇ ਕਮਲ ਖੈਹਿਰਾ ਨੂੰ ਵਿਸ਼ੇਸ਼ ਅਹਿਮੀਅਤ ਵਾਲੇ ਮੰਤਰਾਲੇ ਦੀ ਜਿੰਮੇਵਾਰੀ ਸੌਂਪੀ ਹੈ । ਪੰਜਾਬੀ ਕਮਿਊਨਿਟੀ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਘੱਟ ਗਿਣਤੀ ਕਮਿਊਨਿਟੀ ਦਾ ਮਾਣ ਵਧਾਉਂਦਿਆਂ ਕਮਲ ਖੈਹਿਰਾ ਨੂੰ ਫ਼ੈਡਰਲ ਸਰਕਾਰ ਵਿੱਚ ਇਹ ਮੰਤਰਾਲਾ ਦਿੱਤਾ ਗਿਆ ਹੈ ।
Leave a Reply