ਪੰਜਾਬੀ ਸਦਾ ਜੁੜਿਆ ਰਹੇ ਸੱਭਿਆਚਾਰ ਅਤੇ ਪੁਰਾਤਨ ਰਵਾਇਤਾਂ ਨਾਲ
ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ,
ਪਿੱਪਲੀਂ ਪੀਘਾਂ ਪਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ।
ਲੁਧਿਆਣਾ,02 ਅਗਸਤ ( ਪ੍ਰਿਤਪਾਲ ਸਿੰਘ ) ਪੰਜਾਬ ਦੀ ਧਰਤੀ ਮੇਲੇ–ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ ਵੱਖ ਰੁੱਤਾਂ ਦੇ ਵੱਖ ਵੱਖ ਮੇਲੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬੀ ਸਮਾਜ ਵਿਚ ਹਰ ਤਿਉਹਾਰ ਦਾ ਆਪਣਾ ਖਾਸ ਸਥਾਨ ਹੈ, ਇਸ ਦੀ ਵਜਾਹ ਇਕ ਇਹ ਵੀ ਹੈ ਕਿ ‘ਮੇਲੇ ਅਤੇ ਤਿਉਹਾਰਾਂ’ ਦੀ ਸਮਾਜ ਦੇ ਹਰ ਉਮਰ ਅਤੇ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਂਝ ਹੁੰਦੀ ਹੈ ਕਿਉਂਕਿ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਚਾਅ ਮਲਾਰ, ਖੁਸ਼ੀਆਂ-ਖੇੜੇ, ਸੱਧਰਾਂ, ਇਛਾਵਾਂ, ਮਨੌਤਾਂ ਅਤੇ ਪ੍ਰਤਿਭਾਵਾਂ ਨੂੰ ਜਾਹਿਰ ਕਰਨ ਦਾ ਇਕ ਜਰੀਆ ਹੁੰਦੇ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜ਼ਬਾਤੀ ਰਹੁ-ਰੀਤਾਂ ਨਾਲ ਮਾਨਸਿਕ ਪੱਧਰ ‘ਤੇ ਜੁੜੇ ਹੁੰਦੇ ਹਨ। ਇਨ੍ਹਾਂ ‘ਚੋਂ ਕੁਝ ਤਿਉਹਾਰ ਕੁੜੀਆਂ ਮੁਟਿਆਰਾ ਦੇ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਸਾਉਣ ਮਹੀਨੇ ਆਉਣ ਵਾਲਾ ਤੀਆਂ ਦਾ ਤਿਉਹਾਰ ਹੈ, ਜਿਸਦਾ ਆਪਣਾ ਹੀ ਵੱਖਰਾ ਰੂਪ ਰੰਗ ਅਤੇ ਢੰਗ ਹੁੰਦਾ ਹੈ। ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿਚ ਸਰੂਰ ਜਿਹਾ ਭਰ ਜਾਂਦਾ ਹੈ । ਖ਼ਿਆਲਾਂ ਵਿਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਕਿਆਂ-ਕਿਆਂ, ਘਿਆਕੋ-ਘਿਆਕੋ ਆ ਗੂੰਜਦੀ ਹੈ । ਸਾਉਣ ਦੀ ਫੁਹਾਰ ਕਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ । ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿਚ ਖੇੜਾ ਭਰ ਜਾਣਾ ਤਾਂ ਸੁਭਾਵਕ ਹੈ, ਗੱਭਰੂ ਖ਼ੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੀਆਂ ਮੰਗੇਤਰਾਂ, ਵਹੁਟੀਆਂ ਅਤੇ ਭੈਣਾਂ ਸਭ ਖ਼ੁਸ਼ ਹਨ । ਬੁੱਢੇ-ਬੁੱਢੀਆਂ ਖ਼ੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ-ਬੱਚੀਆਂ ਖ਼ੁਸ਼ ਹਨ । ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ । ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ।ਪਿੱਪਲਾਂ, ਟਾਹਲੀਆਂ. ਬੋਹੜਾਂ (ਬਰੋਟਿਆਂ) ‘ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ । ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਕੁੜੀਆਂ ਘੇਰੇ ਅੰਦਰ ਨੱਚਦੀਆਂ ਹਨ । ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ । ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੁੱਬ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ:
”ਸਾਉਣ ਵੀਰ ‘ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।”
ਤੀਆਂ ਤੋਂ ਬਾਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਕੇ ਤੋਰਦੇ ਹਨ ।
ਸਾਵੇਂ
ਪੰਜਾਬ ਦੇ ਕਈ ਇਲਾਕਿਆਂ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਕਿਹਾ ਜਾਂਦਾ ਹੈ । ਪਰ ਤੀਆਂ ਤੇ ਸਾਵੇਂ ਵਿਚ ਇਹ ਫ਼ਰਕ ਹੈ ਕਿ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਹਨ; ਸਾਵੇਂ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਹਨ । ਬਾਕੀ ਖਾਣ-ਪਾਣ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ਕੁੜੀਆਂ ਦਾ ਤਿਆਰ ਹੋਣ ਦਾ ਢੰਗ ਅਤੇ ਸ਼ਾਮ ਵੇਲੇ ਗਿੱਧਾ ਪਾਉਣਾ ਆਦਿ ਰਸਮਾਂ ਇਕੋ ਜਿਹੀਆਂ ਹਨ ।
ਮਹਿੰਦੀ
ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ‘ਮਹਿੰਦੀ ਵਾਲੀ ਰਾਤ’ ਹੁੰਦੀ ਹੈ। ਸਭ ਬੁੱਢੀਆਂ, ਅੱਧਖੜ, ਜੁਆਨ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥ ਅਤੇ ਪੈਰਾਂ ‘ਤੇ ਮਹਿੰਦੀ ਲਗਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਨੇ। ਨੈਣਾਂ ਕੁੜੀਆਂ ਦੇ ਸਿਰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ ਹਨ। ਉਹ ਵਾਲਾਂ ਦੇ ਮੋਰ-ਘੁੱਗੀਆਂ ਬਣਾਉਂਦੀਆਂ ਅਤੇ ਡਾਕ ਬੰਗਲੇ ਸਿਰਜਦੀਆਂ, ਹੁਸਨ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਕੁੜੀਆਂ ਵਹੁਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ ‘ਤੇ ਮਹਿੰਦੀ ਦੇ ਖੂਬਸੂਰਤ ਫੁੱਲ ਬੂਟੇ ਚਿੱਤਰ ਲੈਂਦੀਆਂ ਨੇ। ਦੂਜੀ ਸਵੇਰ, ਆਪਣੀਆਂ ਤਲੀਆਂ ‘ਤੇ ਖਿੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ। ਮਹਿੰਦੀ ਦੇ ਉਘੜਨ ਬਾਰੇ ਕਹਿੰਦੇ ਨੇ ਕਿ ਜਿਸ ਕੁੜੀ ਦੇ ਹੱਥਾਂ ਉੱਤੇ ਮਹਿੰਦੀ ਵੱਧ ਉਘੜੇ, ਉਹ ਕੁੜੀ ਓਨੀ ਹੀ ਆਪਣੀ ਸੱਸ ਨੂੰ ਵੱਧ ਪਿਆਰੀ ਹੁੰਦੀ ਹੈ।
ਗਿੱਧਾ
ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ।ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ। ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ। ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿਬੜਦਾ ਹੈ । ਤੀਆਂ ਦੇ ਦਿਨਾਂ ‘ਚ ਕੁੜੀਆਂ ਨੂੰ ਨਾ ਸੱਸ ਦਾ ਡਰ ਹੁੰਦਾ, ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਹੈ। ਬੰਧਨਾਂ ਤੋਂ ਮੁਕਤ, ਆਜ਼ਾਦ ਪੰਖੇਰੂਆਂ ਵਾਂਗ, ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਚਾਹੁੰਦੀਆਂ ਹਨ ਅਤੇ ਜਵਾਨੀ ਦੀ ਰੱਜ ਕੇ ਪ੍ਰਦਰਸ਼ਨੀ ਲਾਉਣਾ ਚਾਹੁੰਦੀਆਂ ਹਨ। ਬੋਲੀਆਂ ਦੇ ਮਾਧਿਅਮ ਰਾਹੀਂ ਕੁੜੀਆਂ ਧੁਰ ਅੰਦਰੋਂ, ਉਹ ਸਾਰਾ ਦਰਦ ਫਰੋਲ ਦਿੰਦੀਆਂ ਹਨ, ਜਿਹੜਾ ਦਰਦ ਉਨ੍ਹਾਂ ਨੂੰ ਸੱਸ, ਨਣਦ, ਦਰਾਣੀ-ਜਠਾਣੀ ਜਾਂ ਕੰਤ ਵੱਲੋਂ ਮਿਲਿਆ ਹੁੰਦਾ ਹੈ।ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣ ਜਾਂਦੀਆਂ ਨੇ । ਇਨ੍ਹਾਂ ਦਿਨਾਂ ‘ਚ ਘਰ-ਘਰ ਮੱਠੀਆਂ ਤਲੀਆਂ ਜਾਂਦੀਆਂ ਨੇ, ਗੁਲਗਲੇ ਪੱਕਦੇ, ਮਾਲ੍ਹਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਹਨ। ਕਹਿੰਦੇ ਨੇ: ‘ਕਾਹਦਾ ਆਇਆ ਅਪਰਾਧੀਆ, ਜੇ ਸਾਵਣ ਖੀਰ ਨਾ ਖਾਧੀ ਆ।’
ਪੰਜਾਬੀ ਗੀਤ–
ਸਿੰਘਾਂ ਵੇ ਮੇਰੇ ਨਾਨਕੀ
ਮੈਂ ਤੀਆਂ ਵੇਖਣ ਜਾਣਾ–
(ਸਾਉਣ ਮਹੀਨਾ–ਸੁਰਿੰਦਰ ਕੌਰ ਅਤੇ ਨਰਿੰਦਰ ਬੀਬਾ)
-ਕੁੜੀਆਂ ਲਈ ਤੀਆਂ ਦਾ ਤਿਓਹਾਰ, ਜਿੱਥੇ ਉਨ੍ਹਾਂ ਦੇ ਮਨ ਅੰਦਰ ਦੱਬੀ ਹਰ ਖ਼ੁਸ਼ੀ, ਦੁੱਖ ਨੂੰ ਬਾਹਰ ਕੱਢਦਾ ਹੈ, ਉੱਥੇ ਹੀ ਸਾਉਣ ਦਾ ਇਹ ਮਹੀਨਾ ਦੂਰ-ਦੁਰਾਡੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ, ਸੱਧਰਾਂ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ। ਇਸੇ ਕਰਕੇ ਤਾਂ ਸਾਉਣ ਦੇ ਮਹੀਨੇ ਨੂੰ ਕੁੜੀਆਂ ਆਪਣੇ ਭਰਾ ਵਾਂਗ ਚੰਗਾ ਅਤੇ ਭਾਦੋਂ ਦੇ ਮਹੀਨੇ ਨੂੰ ਗਾਲਾਂ ਦਿੰਦੀਆਂ ਕਹਿੰਦੀਆਂ ਹਨ:
ਸਾਉਣ ਵੀਰ ਇਕੱਠੀਆਂ ਕਰੇ,
ਭਾਦਰੋ ਚੰਦਰੀ ਵਿਛੋੜਾ ਪਾਵੇ,
ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਦੇ ਕੇ ਤੋਰਿਆ ਜਾਂਦਾ ਹੈ, ਜਿਸਨੂੰ ਸੰਧਾਰਾ ਕਿਹਾ ਜਾਂਦਾ ਹੈ ਅਤੇ ਇਹ ਸੰਧਾਰਾ ਮਾਪੇ ਆਪਣੀਆਂ ਵਿਹਾਂਦੜ ਧੀਆਂ ਲਈ ਉਨ੍ਹਾਂ ਦੇ ਸਹੁਰੇ ਵੀ ਲੈ ਕੇ ਜਾਂਦੇ ਹਨ –
ਸਾਵਣ ਆਇਆ ਨੀ ਸੱਸੜੀਏ, ਸਾਵਣ ਆਇਆ
ਮੇਰਾ ਵੀਰ ਸੰਧਾਰਾ ਲਿਆਇਆ ਨੀਂ, ਨੀਂ ਸੱਸੜੀਏ।
ਪਰ ਕਈ ਕੁਝ ਤੰਗੀਆਂ ਤਰੁਸ਼ੀਆਂ ਕਰਕੇ ਜਾਂ ਕਿਸੇ ਹੋਰ ਕਾਰਨ ਮਾਪੇ ਜਾਂ ਕੁੜੀ ਭਰਾ ਸੰਧਾਰਾ ਲੈ ਕੇ ਨਹੀਂ ਜਾਂਦਾ ਤਾਂ ਭੈਣਾਂ ਗੀਤਾਂ ਰਾਹੀਂ ਆਪਣੇ ਦੁੱਖ ਸੁਣਾਉਂਦੀਆਂ ਹਨ–
ਪੰਜਾਬੀ ਗੀਤ–
ਸਾਉਣ ਮਹੀਨਾ ਕਿਣਮਿਣ ਕਣੀਆਂ
ਗਲੀਆਂ ਦੇ ਵਿਚ ਗਾਰਾ ਨੀ
ਲੈ ਕੇ ਆਇਆ ਨੀਂ…ਮੇਰਾ ਵੀਰ ਸੰਧਾਰਾ ਨੀਂ..
ਲੈ ਕੇ ਆਇਆ ਨੀਂ … (ਕੁਲਦੀਪ ਮਾਣਕ)
ਸਾਉਣ ਮਹੀਨੇ ਦੀ ਆਮਦ ‘ਤੇ ਬੇਸ਼ੱਕ ਸਾਰੇ ਭਾਰਤ ਵਿਚ ਖੁਸ਼ੀ ਮਨਾਈ ਜਾਂਦੀ ਹੈ ਪਰ ਪੰਜਾਬ ਵਿਚ ਇਸ ਮਹੀਨੇ ਦੇ ਆਪਣੇ ਹੀ ਰੰਗ ਹੁੰਦੇ ਹਨ ਕਿਉਂਕਿ ਜੇਠ, ਹਾੜ੍ਹ ਦੀਆਂ ਧੁੱਪਾਂ ਦੇ ਸੇਕ ‘ਚ ਝੁਲਸੀ ਸਮੁੱਚੀ ਕਾਇਨਾਤ,ਬਨਸਪਤੀ, ਮਨੁੱਖ, ਜੀਵ-ਜੰਤੂ, ਪਸ਼ੂ-ਪੰਛੀ ਜਿੱਥੇ ਸਾਉਣ ਦੇ ਮਹੀਨੇ ਪੈਣ ਵਾਲੇ ਮੀਂਹ ਨਾਲ ਅਥਾਹ ਰਾਹਤ ਮਹਿਸੂਸ ਕਰਦੇ ਹਨ, ਉੱਥੇ ਗਰਮੀ ਕਾਰਨ ਪਾਣੀ ਦੀ ਕਮੀ ਨਾਲ ਸੁੱਕਣ ਕਿਨਾਰੇ ਪਹੁੰਚ ਚੁੱਕੇ ਨਦੀਆਂ-ਨਾਲੇ, ਟੋਭੇ,ਛੱਪੜ ਆਦਿ ਫਿਰ ਤੋਂ ਪਾਣੀ ਨਾਲ ਤਰ ਹੋ ਜਾਂਦੇ ਹਨ। ਇਸ ਨਾਲ ਜਿੱਥੇ ਖੇਤੀ ਪੈਦਾਵਾਰ ਲਈ ਵਰਤੋਂ ਵਿੱਚ ਆਉਣ ਵਾਲੇ ਟਿਊਬਵੈਲਾਂ ਉੱਪਰ ਬਰੇਕ ਲੱਗ ਜਾਂਦੀ ਹੈ, ਉੱਥੇ ਹੀ ਧਰਤੀ ਹੇਠੋਂ ਸਿੰਚਾਈ ਲਈ ਨਿਕਲਣ ਵਾਲੇ ਪਾਣੀ ਉੱਪਰ ਵੀ ਵਿਸ਼ਰਾਮ ਲੱਗ ਜਾਂਦਾ ਹੈ ਅਤੇ ਇਹ ਬਰਸਾਤੀ ਪਾਣੀ, ਬਿਜਲੀ ਪੈਦਾ ਕਰਨ ਲਈ ਵੀ ਬਹੁਤ ਵੱਡਾ ਮਦਦਗਾਰ ਸਾਬਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਵਡਹੰਸ ਰਾਗ ਦੇ ਤੀਸਰੇ ਸ਼ਬਦ ਵਿੱਚ ਸਾਉਣ ਮਹੀਨੇ ਦੀ ਮਹੱਤਤਾ ਬਾਰੇ ਇਸ ਤਰ੍ਹਾਂ ਵਰਨਣ ਕੀਤਾ ਹੈ:
ਮੋਰੀ ਰੁਣ-ਝੁਣ ਲਾਇਆ,
ਭੈਣੇ ਸਾਵਣ ਆਇਆ…
ਇਸ ਤੋਂ ਇਲਾਵਾ ਪੰਜਾਬ ਵਿਚ ਇਸ ਮਹੀਨੇ ਲੱਗਣ ਵਾਲੇ ਮੇਲਿਆਂ ‘ਚ ਹੋਣ ਵਾਲੇ ਕਬੱਡੀ ਦੇ ਮੁਕਾਬਲਿਆਂ ਅਤੇ ਪਹਿਲਵਾਨਾਂ ਦੇ ਘੋਲਾਂ ਦੀ ਆਪਣੀ ਹੀ ਖਿੱਚ ਹੁੰਦੀ ਹੈ। ਢੋਲ ਦੇ ਡਗੇ ‘ਤੇ ਗੱਭਰੂਆਂ ਦਾ ਭੰਗੜਾ ਧਰਤੀ ਹਿਲਾ ਦਿੰਦਾ ਹੈ। ਇਨ੍ਹਾਂ ਹੀ ਰੰਗਾਂ ਸਦਕਾਂ ਪੰਜਾਬ ਨੂੰ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਮੰਨਿਆਂ ਜਾਂਦਾ ਹੈ। ਇਸ ਮਹੀਨੇ ਇੱਕ ਪਰਿਵਾਰ ਦੀ ਤਰ੍ਹਾਂ ਕੁੜੀਆਂ ਵੱਲੋਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਸਰ੍ਹੋਂ ਦੇ ਤੇਲ ਵਿੱਚ ਪੂੜੇ ਅਤੇ ਗੁਲਗਲੇ ਪਕਾਏ ਜਾਂਦੇ ਸਨ, ਜਿਸ ਨੂੰ ਸਭ ਰਲਮਿਲ ਕੇ ਇਕੱਠੇ ਬੈਠ ਕੇ ਖਾਂਦੇ ਸਨ, ਪਰ ਹੁਣ ਇਹ ਘਰੇ ਬਣਨ ਵਾਲੇ ਪਕਵਾਨ ਜ਼ਿਆਦਾਤਰ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਹਨ। ਪਹਿਲਾਂ ਹਰ ਪਿੰਡ ਤੇ ਸ਼ਹਿਰ ਵਿੱਚ ਤੀਆਂ ਦਾ ਤਿਓਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ। ਤੀਆਂ ਵਿੱਚ ਦਰੱਖਤ ਉੱਪਰ ਪੀਂਘ ਪਾਉਣਾ ਇੱਕ ਰਸਮ ਮੰਨੀ ਜਾਂਦੀ ਹੈ। ਜਦੋਂ ਤੀਆਂ ਵਾਲੀ ਜਗ੍ਹਾ ਉੱਪਰ ਕੋਈ ਨਵੀਂ ਵਿਆਹੀ ਕੁੜੀ ਜਾਂਦੀ ਸੀ ਤਾਂ ਨਣਦਾਂ ਅਤੇ ਹੋਰ ਕੁੜੀਆਂ ਉਸਦੇ ਪੇਕਿਆਂ ਤੋਂ ਲਿਆਂਦੀ ਗਈ ਨਵੀਂ ਪਟੜੀ (ਦਰੱਖਤ ਉੱਪਰ ਪਾਈ ਗਈ ਲੱਜ ਦੇ ਹੇਠਾਂ ਰੱਖਣ ਵਾਲੀ ਫੱਟੀ) ਦੀ ਮੰਗ ਕੀਤੀ ਜਾਂਦੀ ਸੀ, ਉਸ ਤੋਂ ਬਾਅਦ ਉਸ ਨੂੰ ਇਸ ਲੱਜ ਨੂੰ ਦਰੱਖਤ ਉੱਪਰ ਪੀਂਘ ਦੇ ਰੂਪ ਵਿੱਚ ਪਾਕੇ ਉਸ ਉੱਪਰ ਸੱਜ ਵਿਆਹੀ ਲੜਕੀ ਨੂੰ ਪੀਂਘ ਝੂਟਣ ਲਈ ਚੜ੍ਹਾ ਦਿੱਤਾ ਜਾਂਦਾ ਸੀ, ਜਿਸ ਤੋਂ ਬਾਅਦ ਨਣਦਾਂ ਵੱਲੋਂ ਪੀਂਘ ਨੂੰ ਹੁਲਾਰਾ ਦੇ ਕੇ ਨਵ-ਵਿਆਹੀ ਲੜਕੀ ਨੂੰ ਦਰੱਖਤ ਦੀ ਟੀਸੀ ਤਕ ਹੀਂਘ (ਝੂਟਾ) ਚੜ੍ਹਾਉਣ ਲਈ ਆਖਿਆ ਜਾਂਦਾ ਸੀ। ਫਿਰ ਨਵ-ਵਿਆਹੀ ਲੜਕੀ ਆਪਣੇ ਪੂਰੇ ਦਮ-ਖ਼ਮ ਨਾਲ ਪੀਂਘ ਨੂੰ ਪੂਰੀ ਟੀਸੀ ’ਤੇ ਲਾ ਕੇ ਉਸ ਦਰੱਖਤ ਦੀ ਟਾਹਣੀ ਤੋੜ ਕੇ ਲੈ ਆਉਂਦੀ, ਜਿਸ ਨੂੰ ਸੱਸ ਦੀ ਨੱਕ ਵੱਢਣਾ ਕਿਹਾ ਜਾਂਦਾ।
“ਅੱਡੀਆਂ ਚੁੱਕ-ਚੁੱਕ ਵੇਂਹਦੀ ਨੂੰ ਅੱਜ ਸਾਉਣ ਮਹੀਨਾ ਆਇਆ”
“ਸੱਸ ਮੇਰੀ ਨੇ ਘਿਓ ਖੰਡ ਪਾਈ ਆਇਆ ਮੇਰੀ ਮਾਂ ਦਾ ਜਾਇਆ”
ਪੁਰਾਣੇ ਸਮਿਆਂ ’ਚ ਰਿਵਾਜ ਅਨੁਸਾਰ ਨਵੀਂ ਵਿਆਹੀ ਕੁੜੀ ਨੇ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਜੇਕਰ ਮਜਬੂਰੀ ਵੱਸ ਕੋਈ ਮਾਪੇ ਆਪਣੀ ਧੀ ਨੂੰ ਸਹੁਰੇ ਲੈਣ ਜਾਣ ਤੋਂ ਦੇਰੀ ਕਰ ਦਿੰਦੇ ਤਾਂ ਧੀ ਆਪਣੀ ਆਵਾਜ਼ ਇਸ ਤਰ੍ਹਾਂ ਜਾਹਿਰ ਕਰਦੀਆਂ ਸਨ:
ਜੇ ਮਾਪਿਓ ਤੁਸਾਂ ਧੀਆਂ ਵੇ ਰੱਖੀਆਂ,
ਸਾਉਣ ਮਹੀਨੇ ਲਿਆਇਆ ਕਰੋ,
ਡੁੱਬ ਜਾਣੀਆਂ ਦਾ ਉਕਰ ਕਰਾਇਆ ਕਰੋ
ਪੰਜਾਬੀ ਗੀਤ–
ਧੀਆਂ ਕਰਦੀਆਂ ਨੇ ਸਰਦਾਰੀ ਵੇ ਲੋਕੋ
ਮਾਪਿਆਂ ਜਿਉਂਦਿਆਂ ਤੋਂ…
ਤੀਆਂ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੋ ਕੇ ਪੁੰਨਿਆਂ ਨੂੰ ਖ਼ਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ‘ਤੇ ਜਾਂਦੀਆਂ ਹਨ, ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ ਅਤੇ ਵੱਡੀਆਂ–ਛੋਟੀਆਂ ਕੁੜੀਆਂ ਕਿੱਕਲੀ ਪਾਉਂਦੀਆਂ ਹਨ।ਉਸ ਸਮੇਂ ਕੁੜੀਆਂ ਦੇ ਨੱਚਣ-ਗਾਉਣ ਦਾ ਨਜ਼ਾਰਾ ਆਪਣੇ–ਆਪ ਵਿਚ ਹੀ ਰੰਗਲੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਬਣ ਜਾਂਦਾ ਹੈ।
ਪੰਜਾਬੀ ਗੀਤ-
ਸਾਉਣ ਦੇ ਮਹੀਨੇ ਵਿਚ, ਕੁੜੀਆਂ ਦੇ ਸੀਨੇ ਵਿਚ
ਕਿੱਕਲੀਆਂ ਪਾਉਂਦੇ ਲੱਖਾਂ ਚਾਅ….
ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਭੇਜਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ। ਪਹਿਲਾਂ ਵਾਲੇ ਸਮਿਆਂ ਵਿਚ ਤੀਆਂ ਦਾ ਆਪਣਾ ਹੀ ਚਾਅ ਹੁੰਦਾ ਸੀ–
ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ।
ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ।
ਪੇਕੇ ਜਾ ਸਹੇਲੀਆਂ ਦੇ, ਨਾਲ ਅਸਾਂ ਹੱਸਣਾ।
ਦੁੱਖ ਸੁੱਖ ਪੁੱਛਣਾ ਤੇ, ਆਪਣਾ ਮੈਂ ਦਸਣਾ।
ਅਸਾਂ ਮਾਹੀਏ ਨੂੰ ਵੀ, ਲਿਆ ਏ ਮਨਾ ਕੁੜੀਓ
ਆਇਆ…..
ਪਿੰਡਾਂ ਦੀਆਂ ਬਜ਼ੁਰਗ ਔਰਤਾਂ ਦਾ ਦੱਸਣਾ ਹੈ ਕਿ ਪਹਿਲਾਂ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ। ਪਿੰਡਾਂ ਵਿਚ ਪਹਿਲਾਂ ਵਾਂਗ ਤੀਆਂ ਦੇ ਪਿੜ ਹੀ ਨਹੀਂ ਰਹੇ, ਹੁਣ ਤਾਂ ਤੀਆਂ ਮਹਿਜ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦੀ ਰੌਣਕ ਬਣ ਕੇ ਰਹਿ ਗਈਆਂ ਹਨ। ਜੇਕਰ ਕੁਝ ਸਾਲ ਪਿੱਛੇ ਚਲੇ ਜਾਈਏ ਤਾਂ ਪਹਿਲਾਂ ਪੰਜਾਬ ਅੰਦਰ ਇਹ ਰੁਝਾਨ ਸੀ ਕਿ ਵਿਆਹੀਆਂ ਕੁੜੀਆਂ ਸਾਉਣ ਦੇ ਮਹੀਨੇ ਪੇਕੇ ਆਉਂਦੀਆਂ ਸਨ, ਪਰ ਹੁਣ ਇਹ ਰੁਝਾਨ ਬਦਲ ਗਿਆ ਹੈ। ਹੁਣ ਕੁੜੀਆਂ ਸਾਉਣ ਦੀ ਥਾਂ ਜੇਠ, ਹਾੜ੍ਹ ਵਿੱਚ ਪੇਕੇ ਆਉਣ ਨੂੰ ਪਹਿਲ ਦੇਣ ਲੱਗੀਆਂ ਹਨ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਬੱਚਿਆਂ ਨੂੰ ਸਕੂਲਾਂ ਵਿੱਚੋਂ ਛੁੱਟੀਆਂ ਹੋ ਜਾਂਦੀਆਂ ਹਨ। ਬੇਸ਼ੱਕ ਕਈ ਪੰਜਾਬੀ ਸਭਿਆਚਾਰ ਨੂੰ ਸੰਭਾਲੀ ਰੱਖਣ ਵਾਲੀਆਂ ਸੰਸਥਾਵਾਂ -ਅੱਜ ਵੀ ਅਜਿਹੇ ਮੇਲੇ-ਤਿਉਹਾਰ ਮਨਾਉਂਦੀ ਹੈ, ਪਰ ਉਨ੍ਹਾਂ ਵਿਚ ਬਹੁਤ ਕੁਝ ਬਨਾਵਟੀਪਣ ਆ ਗਿਆ ਹੈ। ਵੱਡੇ ਸ਼ਹਿਰਾਂ ਜਾਂ ਦਿੱਲੀ ਵਰਗੇ ਮਹਾਨਗਰਾਂ ਵਿਚ ਕਈ ਅਜਿਹੇ ਪੰਜਾਬੀ ਅਦਾਰੇ ਹਨ-ਜੋ ਅੱਜ ਵੀ ਅਜਿਹੇ ਤਿਉਹਾਰਾਂ ਨੂੰ ਚਾਵਾਂ ਨਾਲ ਮਨਾਉਂਣ ਨੂੰ ਪਹਿਲ ਦਿੰਦੇ ਹਨ, ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਨਾਲ ਇਹ ਹੁੰਦਾ ਹੈ ਨੌਕਰੀ ਕਰਦੇ ਪਰਿਵਾਰ ਆਪਣੇ ਰੁਝੇਵਿਆਂ ‘ਚੋਣ ਸਮਾਂ ਕੱਢ ਕੇ ਇਕ ਜਗ੍ਹਾ ਇਕੱਠੇ ਹੋ ਆਪਣੇ ਸਭਿਆਚਾਰ ਦਾ ਕੁਝ ਰੰਗ ਮਾਣਦੇ ਹਨ, ਜਿਸ ਨਾਲ ਦੂਰ-ਦੁਰਾਡੇ ਵੀ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ।
ਤੀਆਂ ਆਪਸੀ ਮਿਲਣੀ ਤੇ ਆਪਸੀ ਸਾਂਝ ਦਾ ਤਿਉਹਾਰ ਹੈ, ਜਿਸ ਦਾ ਦਿਨ ਬ ਦਿਨ ਰੂਪ ਬਦਲ ਰਿਹਾ ਹੈ। ਸਮੇਂ ਅਨੁਸਾਰ ਇਸਦਾ ਰੂਪ ਬੇਸ਼ੱਕ ਹੋਰ ਬਦਲ ਸਕਦਾ ਹੈ, ਪਰ ਇਹ ਬਿਲਕੁਲ ਖਤਮ ਨਹੀਂ ਹੋ ਸਕਦਾ..ਸੋ ਅਜੌਕੀ ਪੀੜ੍ਹੀ ਦਾ ਇਹ ਫਰਜ਼ ਬਣਦਾ ਹੈ ਕਿ ਇਨ੍ਹਾਂ ਪੰਜਾਬੀ ਵਿਰਾਸਤ ਦੇ ਅੰਸ਼ਾਂ ਨੂੰ ਬਚਾ ਕੇ ਰਖੇ। ਇਹ ਵੇਖਿਆ ਗਿਆ ਹੈ ਕਿ ਅੱਜ ਕੱਲ੍ਹ ਪੰਜਾਬੀ ਸਭਿਆਚਾਰ ਨਾਲ ਪੰਜਾਬ ‘ਚ ਆਮ ਵਸਦੇ ਵਰਗ ਨਾਲੋਂ ਪੰਜਾਬ ਤੋਂ ਬਾਹਰ ਰਹਿੰਦਾ ਵਰਗ ਜ਼ਿਆਦਾ ਜੁੜਿਆ ਹੁੰਦਾ ਹੈ ਅਤੇ ਉਹ ਆਪਣੇ ਸਭਿਆਚਾਰ ਨਾਲ ਜੁੜੇ ਤਿਉਹਾਰਾਂ ਅਤੇ ਮੇਲਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਜਿਸਦਾ ਇਕ ਕਾਰਨ ਭੂ-ਹੇਰਵਾ ਹੈ। ਉਹ ਬੇਗਾਨੀ ਧਰਤੀ ‘ਤੇ ਆਪਣੀਆਂ ਜੜ੍ਹਾਂ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਨ੍ਹਾਂ ਤਿਉਹਾਰਾਂ ਰਾਹੀਂ ਆਪਣੀ ਧਰਤੀ, ਆਪਣੇ ਲੋਕਾਂ ਅਤੇ ਆਪਣੇ ਸਭਿਆਚਾਰ ਨੂੰ ਜਿਉਂਦੇ ਹਨ।
“ਤੇਰੇ ਟਿੱਲੇ ਤੋਂ ਸੂਰਤ ਦੀਹਂਦੀ ਏ ਹੀਰ ਦੀ ਏ” (ਕੁਲਦੀਪ ਮਾਣਕ)
ਅਜੌਕੇ ਦੌਰ ਵਿਚ ਅਜਿਹੇ ਪੰਜਾਬੀ ਵਿਰਸੇ ਦੀ ਸਾਂਝ ਵਾਲੇ ਮੇਲੇ-ਤਿਉਹਾਰਾਂ ਦੇ ਰੁਝਾਨ ਕਿਉਂ ਘੱਟ ਗਏ ਹਨ, ਇਨ੍ਹਾਂ ਘੱਟਦੇ ਰੁਝਾਨਾਂ ਪਿਛੇ ਕੋਈ ਇਕ ਕਾਰਨ ਨਾ ਹੋ ਕੇ ਬਹੁਤ ਸਾਰੇ ਕਾਰਨ ਹਨ। ਅੱਜ ਆਵਾਜਾਈ ਦੇ ਸਾਧਨਾਂ ਦੇ ਵੱਧਣ ਕਾਰਨ ਅਸੀਂ ਇਕ-ਦੂਜੇ ਤੋਂ, ਆਪਣੀ ਵਿਰਾਸਤ ਤੋਂ, ਆਪਣੇ ਭਾਈਚਾਰੇ ਤੋਂ ਦੂਰ ਹੋ ਗਏ ਹਾਂ। ਆਧੁਨਿਕਤਾ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਤਾਂ ਦਿੱਤੀਆਂ ਹਨ, ਪਰ ਉਸਦੇ ਬਦਲੇ ਇਸਨੇ ਅਜੌਕੇ ਮਨੁੱਖ ਨੂੰ ਆਲਸੀ ਬਣਾ ਦਿੱਤਾ ਹੈ, ਮਸ਼ੀਨੀਕਰਨ ਨਾਲ ਹੱਥੀਂ ਹੁੰਦੇ ਨਿੱਕੇ-ਨਿੱਕੇ ਕੰਮ ਵਿਸਰ ਗਏ ਹਨ, ਪਹਿਲਾਂ ਬੀਬੀਆਂ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਕਾਰਾਂ ਜਿਵੇਂ ਚਰਖਾ ਕੱਤਣਾ, ਚਾਦਰਾਂ ਕੱਢਣੀਆਂ, ਕੱਚੇ ਘਰ ਲਿਪਨੇ, ਤੰਦੂਰ ‘ਤੇ ਰੋਟੀ ਬਣਾਉਣੀਆਂ ਆਦਿ ਹੋਰ ਨਿੱਕੇ-ਮੋਟੇ ਕੰਮ ਮਿਲ ਕੇ ਇਕੱਠੀਆਂ ਕਰਦੀਆਂ ਸਨ। ਅਜਿਹੇ ਕੰਮ ਕਰਦੀਆਂ ਆਪਣੇ ਮਨ ਵੀ ਹਲਕੇ ਕਰ ਲੈਂਦੀਆਂ ਸਨ- ਦੂਜੀ ਤਰਫ਼ ਅੱਜ ਦਾ ਮਨੁੱਖ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਤੋਂ ਮਾਨਸਿਕ ਤੌਰ’ਤੇ ਏਨਾ ਪਰੇਸ਼ਾਨ ਅਤੇ ਇੱਕਲਾ ਹੋ ਗਿਆ ਹੈ ਕਿ ਉਸਨੂੰ ਦਿਲ ਹੋਲਾ ਕਰਨ ਲਈ ਕੋਈ ਦੋਸਤ ਤੱਕ ਨਹੀਂ ਮਿਲਦਾ, ਜੋ ਅੱਜ-ਕੱਲ੍ਹ ਵੱਧਦੇ ਡਿਪ੍ਰੇਸ਼ਨ ਦਾ ਇਕ ਕਾਰਨ ਹੈ। ਸੋ ਪੰਜਾਬ ਦੇ ਰੰਗ-ਬਿਰੰਗੇ, ਨਚਣ-ਗਾਉਣ ਵਾਲੇ ਤਿਉਹਾਰਾਂ ਪਿੱਛੇ ਕੋਈ ਇਕ ਕਾਰਨ ਨਹੀਂ ਹੈ, ਇਨ੍ਹਾਂ ਪਿੱਛੇ ਬਹੁਤ ਅਜਿਹੇ ਕਾਰਨ ਹਨ, ਜੋ ਪੁਰਾਣੇ ਹੱਸਦੇ-ਵੱਸਦੇ ਪੰਜਾਬ ਦੇ ਖੁੱਲ੍ਹ-ਦਿਲੇ ਲੋਕਾਂ, ਭਾਈਚਾਰਕ ਸਾਂਝ ਅਤੇ ਬਹੁ-ਧਾਰਮਿਕਤਾ ਦੀ ਮਿਸਾਲ ਹਨ। ਸਾਉਣ ਮਹੀਨੇ ਦਾ ਤਿਉਹਾਰ ਉਨ੍ਹਾਂ ਸਭ ਰੰਗਾਂ ‘ਚੋ ਇਕ ਰੰਗ ਹੈ, ਜੋ ਬਹੁਤ ਖੂਬਸੂਰਤ ਹੈ । ( ਪ੍ਰਿਤਪਾਲ ਸਿੰਘ ਬੰਬ )
Leave a Reply